ਪ੍ਰਭਸ਼ਰਨਦੀਪ ਸਿੰਘ
ਮੈਂ ਵਿੱਚ ਮੈਂ ਦਾ ਥੀਵਣਾ,
ਭੇਤ ਨਾ ਕੋਈ ਜਾਣਾ ਈ ਹੋ।
ਇੱਕ ਕਰਵਟ ਵਿੱਚ ਲਹਿਰਦਾ,
ਦਿਲ ਦਾ ਰੰਗ ਪੁਰਾਣਾ ਈ ਹੋ।
ਰਾਹ ਬਉਰਾਨੇ ਭਾਂਵਦੇ,
ਰੁਕ ਰ੍ਰੁਕ ਜਾਵੇ ਜੋਗੜੀਆ।
ਨਾਗ ਦੇ ਪੈਂਡੇ ਬਗਲੀ ਪਾ ਕੇ,
ਅੱਖ ਲਿਸ਼ਕਾਵੇ ਜੋਗੜੀਆ।
ਵਣ ਵਣ ਸੁੰਦਰਾਂ ਸੋਭਦੀ,
ਮਹਿਲੀਂ ਚਾਅ ਅੰਞਾਣਾ ਈ ਹੋ।
ਰਾਹੇ ਰਾਹੇ ਭਉਂਦਿਆਂ,
ਕਿਤ ਰਾਹ ਨਹੀਂ ਨਿਸ਼ਾਨੀ ਵੋ।
ਨਜ਼ਰ ਦਾ ਸੁਬਕ ਹੁਲਾਰੜਾ,
ਲਿਸ਼ਕ ਪਵੇ ਜ਼ਿੰਦਗਾਨੀ ਵੋ।
ਦਿਲਬਰੀਆਂ ਦੇ ਵਾਸਤੇ,
ਇਕ ਪਲ ਬੋਲ ਪੁਗਾਣਾ ਈ ਹੋ।
ਅੱਖੀਆਂ ਬਹੁਤ ਨਿਰਾਲੀਆਂ,
ਨਾ ਅੱਖੀਆਂ ਦੀ ਸਾਰ ਪਵੇ।
ਥਲ ਵਿੱਚ ਜਿੰਦੜੀ ਕੂਕਦੀ,
ਜਾਂ ਨੈਣਾਂ ਦੀ ਮਾਰ ਪਵੇ।
ਰੰਗ ਜੋ ਖਿੜਿਆ ਲਹਿਰਦਾ,
ਅੱਖੀਆਂ ਮਰ-ਮੁੱਕ ਜਾਣਾ ਈ ਹੋ।
ਸੁਬਕ ਸੁਹੇਲੀ ਛੁਹ ਕੋਈ,
ਅਣਦਿਸਦੀ ਅਣਜਾਣੀ ਹੋ।
ਜ਼ਰਾ ਕੁ ਨਜ਼ਰਾ ਲਹਿਰੀਆ,
ਰੂਹ ਦੀ ਸੰਗਤ ਮਾਣੀ ਹੋ।
ਮੈਂ ਵਿੱਚ ਮੈਂ ਦਾ ਦੀਪ ਹੋ,
ਇੱਕ ਪਲ਼ ਨਹੀਂ ਸਿੰਞਾਣਾ ਈ ਹੋ।
No comments:
Post a Comment