ਪ੍ਰਭਸ਼ਰਨਦੀਪ ਸਿੰਘ
ਨੰਨ੍ਹੀਆਂ ਮਾਸੂਮੀਆਂ
ਤੇ ਅੱਲੜ੍ਹ ਉਡਾਰੀਆਂ ਨੇ
ਹੋਈਆਂ ਅਣਹੋਈਆਂ
ਜੋ ਨੇ ਪੂਰੀਆਂ ਅਧੂਰੀਆਂ
ਠਿਲ੍ਹ ਪਈਆਂ ਦਿਲ ਦੇ ਸਰੂਰ
ਅੱਥਰੇ ਨੇ ਚਾਵਾਂ ਦੇ ਗਰੂਰ।
ਨੈਣਾਂ ਦੀਆਂ ਨੈਆਂ ਦੋਵੇਂ
ਮੂਕ ਅਲਬੇਲੀਆਂ ਨੇ
ਵਗ ਗਈਆਂ ਦਿਲੇ ਦੇ ਆਗਾਸ
ਕਿੱਥੇ ਮੇਰੀ ਅੱਖ ਦਾ ਉਲਾਸ।
ਪੱਬ ਮੇਰੇ ਨੰਨ੍ਹੇ ਨੰਨ੍ਹੇ
ਡਗਰਾਂ ਵਡੇਰੀਆਂ
ਉੱਚੀ ਉੱਚੀ ਸਾਗਰੇ ਦੀ ਲਹਿਰ
ਜਿੰਦੜੀ ‘ਤੇ ਕਿੱਡੇ ਕਿੱਡੇ ਕਹਿਰ।
ਸਾਗਰੇ ਦਾ ਜ਼ੋਰ
ਉਹਦੇ ਦਿਲ ਵਾਲਾ ਜ਼ੋਰ ਜਾਪੇ
ਧਰਤੀ ਦੇ ਸਿਰ ਕੋਈ ਰੋਸ।
ਨਿੱਕੇ ਨਿੱਕੇ ਚਾਵਾਂ ਵਾਲੇ
ਅੱਥਰੇ ਹੁਲਾਰੇ ਨੇ ਤੇ
ਡਾਢਿਆਂ ਗ਼ਮਾਂ ਦੇ ਡਾਢੇ ਜੋਸ਼।
ਜੀਅੜਾ ਏ ਰੁੰਨੜਾ
ਤੇ ਮੁੱਠੀ ਮੁੱਠੀ ਜਿੰਦ ਮੇਰੀ
ਕੁੱਠੇ ਦਿਲ ਰੰਗਲੇ ਦੀ ਬਾਤ
ਗਗਨਾਂ ‘ਚ ਟੋਲਦੀ ਸਬਾਤ।
ਸਾਗਰੇ ਦੇ ਜ਼ੋਰ
ਸਾਡੀ ਅੱਖ ਵਾਲੀ ਬਾਤ ਪਾਈ
ਜਿੰਦ ਅਲਬੇਲੜੀ ਨੇ
ਰਮਜ਼ ਸੁਹੇਲੜੀ ਲੈ
ਚੁੱੰਮ ਘੱਤੇ ਸਾਗਰੇ ਦੇ ਪੈਰ।
ਨਿੱਕੜੀ ਨਿਮਾਣੀ ਮੇਰੀ
ਜਿੰਦ ਅਣਜਾਣੀ ਜਿਹੀ
ਖੜ ਗਈ ਕਹਿਰਾਂ ਵਿਚਕਾਰ।
ਹੰਝਾਂ ਨੇ ਵਹਾਈ ਜਿੰਦ
ਹੰਝਾਂ ਰੁਸ਼ਨਾਈ ਜਿੰਦ
ਅੱਥਰੀਆਂ ਲਹਿਰਾਂ ਵਿਚਕਾਰ।
No comments:
Post a Comment