Thursday, August 17, 2006

ਗੀਤ

ਪ੍ਰਭਸ਼ਰਨਦੀਪ ਸਿੰਘ

ਉੱਡ ਉੱਡ ਜਾਣਾ
ਕਣਕ ਦਾ ਦਾਣਾ
ਰੰਗ ਅਣਜਾਣਾ, ਮਨ ਭਾਉਣਾ।

ਰੁੱਤ ਅਲਬੇਲੀ
ਠਾਠਾਂ ਵਾਲ਼ੀ
ਮੱਥੇ ਭਾਂਬੜ, ਕੀ ਕਰੀਏ
ਖਿਣ ਖਿਣ ਕਸਕ
ਵਿਛੋੜੇ ਵਾਲ਼ੀ
ਨਗਰ ਸੁਹਾਣਾ, ਮਨ ਭਾਉਣਾ।

ਅਸਮਾਨਾਂ ਦੀ
ਸੁਰਤਿ ਪਿਆਰੀ
ਕਲੀਆਂ ਛੁਹ, ਜਲ ਜਲ ਲਰਜ਼ੇ
ਮੇਰੇ ਦਿਲ ਦਾ
ਅੰਬਰ ਗੂੜ੍ਹਾ
ਤੈਂ ਲਿਸ਼ਕਾਣਾ, ਮਨ ਭਾਉਣਾ।

ਸਹੀਓ ਨੀ ਕੋਈ
ਭੇਤ ਬਤਾਇਓ
ਅੱਖ ਭਰ ਪੀਵੋ, ਡੁੱਬ ਜਾਈਏ
ਇੱਕ ਤਾਰਾ ਘੁੱਟ
ਅੰਬਰੀਂ ਤਰਨਾ
ਡੁੱਬ ਡੁੱਬ ਜਾਣਾ, ਮਨ ਭਾਉਣਾ।

ਮਸਤ ਜੁਦਾਈਆਂ
ਘੋਰ ਘਟਾਵਾਂ
ਬਰਸਣ ਚਾਅ, ਮਿਲਾਪਾਂ ਦੇ
ਕਣੀ ਕਣੀ ਵਿੱਚ
ਦਿਲ ਪਰਚਾਣਾ
ਰੰਗ ਰੁੰਗ ਆਣਾ, ਮਨ ਭਾਉਣਾ।

ਪੱਤਾ ਤੋੜ
ਲਿਆਵੀਂ ਸੱਜਣਾ
ਰਮਜ਼ ਲਿਖੇਂ, ਕੋਈ ਦਿਲ ਵਾਲ਼ੀ
ਆਂਙਣ ਮੇਰੇ,
ਸਾਵਾ ਬੂਟਾ
ਰਾਣਾ ਮਾਣ੍ਹਾ, ਮਨ ਭਾਉਣਾ।

ਨੈਣੀਂ ਭੇਤ
ਮੁਹੱਬਤਾਂ ਵਾਲ਼ੇ
ਫੜ ਫੜ ਬੋਚਾਂ, ਉੱਡ ਵੈਂਦੇ
ਤਾਰਾ ਤਾਰਾ
ਕਿੰਞ ਮੁਸਕਾਵੇ
ਸੁਖਨ ਅਲਾਣਾ, ਮਨ ਭਾਉਣਾ।

ਜਾਵੋ ਜੀ ਕੋਈ
ਰੁੱਕਾ ਲੈ ਕੇ
ਸੱਜਣ ਹਮਾਰਾ, ਕਿਤ ਹਾਲੀਂ
ਪਲਕ ਉਦ੍ਹੀ ਨੂੰ
ਓੜ੍ਹ ਨਿਹਾਲੀ
ਸੁਪਨ ਸਜਾਣਾ ਮਨ ਭਾਉਣਾ।

Wednesday, August 16, 2006

ਗੀਤ

ਪ੍ਰਭਸ਼ਰਨਦੀਪ ਸਿੰਘ

ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁਕਦੀ
ਸਾਗਰਾਂ ਦੇ ਸੌਂ ਗਏ ਨੀਰ
ਸਖੀਏ,
ਕਿਹੜੇ ਰੰਗ ਵਗਦੀ ਸਮੀਰ।

ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁੱਕਦੀ
ਸੁੱਤਿਆਂ ਸਰਾਂ ਨੂੰ ਜਾਏ ਝੂਣ
ਸਖੀਏ,
ਸਾਗਰਾਂ ‘ਚ ਕਾਹਤੋਂ ਆਏ ੳੂਣ।

ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁਕਦੀ
ਕਿੱਥੇ ਕਿੱਥੇ ਟੋਲਦੇ ਨੇ ਮੀਤ
ਸਖੀਏ,
ਝਿਮ ਝਿਮ ਆਂਵਦੇਂ ਨੇ ਗੀਤ।

ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁੱਕਦੀ
ਮੁੱਕ ਗਏ ਨੇ ਦੁਨੀ ਦੇ ਕਲੋਲ
ਸਖੀਏ,
ਜਗਦੇ ਕਦੀਮਾਂ ਵਾਲੇ ਬੋਲ।

ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁੱਕਦੀ
ਸਾਡੇ ਉੱਤੇ ਸੱਜਰਾ ਮਲਾਲ
ਸਖੀਏ,
ਜਿੰਦੜੀ ‘ਚ ਬਲ਼ਦੀ ਮਸ਼ਾਲ।

ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁੱਕਦੀ
ਇਕ ਖਿਣ ਡੁੱਲ੍ਹ ਜਾਂਦਾ ਨੂਰ
ਸਖੀਏ,
ਜਿੰਦ ਸਾਡੀ ਹੋਈ ਭਰਪੂਰ।

ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁੱਕਦੀ
ਡਾਢਿਆਂ ਮੁਸਾਫ਼ਰਾਂ ਦੇ ਬੋਲ
ਸਖੀਏ,
ਇਕ ਪਲ ਬਹਿ ਜਾਈਂ ਕੋਲ।

Saturday, August 05, 2006

ਵੇਦਨਾ ਦੇ ਖਿਣਾਂ ਵਿੱਚ

ਪ੍ਰਭਸ਼ਰਨਦੀਪ ਸਿੰਘ

ਨੰਨ੍ਹੀਆਂ ਮਾਸੂਮੀਆਂ
ਤੇ ਅੱਲੜ੍ਹ ਉਡਾਰੀਆਂ ਨੇ
ਹੋਈਆਂ ਅਣਹੋਈਆਂ
ਜੋ ਨੇ ਪੂਰੀਆਂ ਅਧੂਰੀਆਂ
ਠਿਲ੍ਹ ਪਈਆਂ ਦਿਲ ਦੇ ਸਰੂਰ
ਅੱਥਰੇ ਨੇ ਚਾਵਾਂ ਦੇ ਗਰੂਰ।

ਨੈਣਾਂ ਦੀਆਂ ਨੈਆਂ ਦੋਵੇਂ
ਮੂਕ ਅਲਬੇਲੀਆਂ ਨੇ
ਵਗ ਗਈਆਂ ਦਿਲੇ ਦੇ ਆਗਾਸ
ਕਿੱਥੇ ਮੇਰੀ ਅੱਖ ਦਾ ਉਲਾਸ।

ਪੱਬ ਮੇਰੇ ਨੰਨ੍ਹੇ ਨੰਨ੍ਹੇ
ਡਗਰਾਂ ਵਡੇਰੀਆਂ
ਉੱਚੀ ਉੱਚੀ ਸਾਗਰੇ ਦੀ ਲਹਿਰ
ਜਿੰਦੜੀ ‘ਤੇ ਕਿੱਡੇ ਕਿੱਡੇ ਕਹਿਰ।

ਸਾਗਰੇ ਦਾ ਜ਼ੋਰ
ਉਹਦੇ ਦਿਲ ਵਾਲਾ ਜ਼ੋਰ ਜਾਪੇ
ਧਰਤੀ ਦੇ ਸਿਰ ਕੋਈ ਰੋਸ।
ਨਿੱਕੇ ਨਿੱਕੇ ਚਾਵਾਂ ਵਾਲੇ
ਅੱਥਰੇ ਹੁਲਾਰੇ ਨੇ ਤੇ
ਡਾਢਿਆਂ ਗ਼ਮਾਂ ਦੇ ਡਾਢੇ ਜੋਸ਼।

ਜੀਅੜਾ ਏ ਰੁੰਨੜਾ
ਤੇ ਮੁੱਠੀ ਮੁੱਠੀ ਜਿੰਦ ਮੇਰੀ
ਕੁੱਠੇ ਦਿਲ ਰੰਗਲੇ ਦੀ ਬਾਤ
ਗਗਨਾਂ ‘ਚ ਟੋਲਦੀ ਸਬਾਤ।

ਸਾਗਰੇ ਦੇ ਜ਼ੋਰ
ਸਾਡੀ ਅੱਖ ਵਾਲੀ ਬਾਤ ਪਾਈ
ਜਿੰਦ ਅਲਬੇਲੜੀ ਨੇ
ਰਮਜ਼ ਸੁਹੇਲੜੀ ਲੈ
ਚੁੱੰਮ ਘੱਤੇ ਸਾਗਰੇ ਦੇ ਪੈਰ।
ਨਿੱਕੜੀ ਨਿਮਾਣੀ ਮੇਰੀ
ਜਿੰਦ ਅਣਜਾਣੀ ਜਿਹੀ
ਖੜ ਗਈ ਕਹਿਰਾਂ ਵਿਚਕਾਰ।
ਹੰਝਾਂ ਨੇ ਵਹਾਈ ਜਿੰਦ
ਹੰਝਾਂ ਰੁਸ਼ਨਾਈ ਜਿੰਦ
ਅੱਥਰੀਆਂ ਲਹਿਰਾਂ ਵਿਚਕਾਰ।