Wednesday, March 05, 2014

ਪੜਿਆ ਹੋਵੈ ਗੁਨਹਗਾਰੁ

(ਅਰਵਿੰਦਪਾਲ ਸਿੰਘ ਮੰਡੇਰ ਦੀ ਕਿਤਾਬ, ਧਰਮ ਅਤੇ ਪੱਛਮ ਦਾ ਪ੍ਰੇਤ: ਸਿੱਖੀ, ਭਾਰਤ, ਉੱਤਰਬਸਤੀਵਾਦ, ਅਤੇ ਤਰਜਮੇ ਦੀ ਸਿਆਸਤ ਖਿਲਾਫ ਵਾਵੇਲ਼ੇ ਸਬੰਧੀ ਪ੍ਰਤੀਪੱਖ)


ਪ੍ਰਭਸ਼ਰਨਦੀਪ ਸਿੰਘ
ਆਕਸਫੋਰਡ ਯੂਨੀਵਰਸਿਟੀ 



ਸਭ ਤੋਂ ਮਾੜੇ ਪਾਠਕ ਉਹ ਹਨ ਜੋ ਲੁੱਟਮਾਰ 'ਤੇ ਉਤਾਰੂ ਧਾੜਵੀਆਂ ਵਾਲ਼ਾ ਵਿਹਾਰ ਕਰਦੇ ਹਨ: ਉਹ ਜਿਹੜੀਆਂ ਕੁੱਝ ਕੁ ਚੀਜ਼ਾਂ ਵਰਤ ਸਕਦੇ ਹਨ ਚੁੱਕ ਲਿਜਾਂਦੇ ਹਨ, ਰਹਿੰਦੀਆਂ ਨੂੰ ਘੱਟੇ ਰੋਲ਼, ਸਭ ਕੁੱਝ ਦੀ ਬਦਖੋਈ ਕਰ ਜਾਂਦੇ ਹਨ।
-ਨੀਤਸ਼ੇ

ਅਰਵਿੰਦਪਾਲ ਸਿੰਘ ਮੰਡੇਰ ਦੀ ਕਿਤਾਬ, Religion and the Specter of the West: Sikhism, India, Postcoloniality, and the Politics of Translation, ਬਾਰੇ ਗੁਰਦਰਸ਼ਨ ਸਿੰਘ ਢਿੱਲੋਂ ਦੀ ਇੱਕ ਲਿਖਤ ਸਾਹਮਣੇ ਆਈ ਹੈ। ਮੰਡੇਰ ਦੀ ਕਿਤਾਬ ਫਲਸਫਾਨਾ ਤਬੀਅਤ ਦੇ ਗੰਭੀਰ ਅਕਾਦਮਿਕ ਕੰਮ ਦੀ ਇੱਕ ਉੱਤਮ ਮਿਸਾਲ ਹੈ ਜਿਸਨੇ ਧਰਮ ਦੀ ਪ੍ਰੀਭਾਸ਼ਾ ਦੇ ਅਮਲ ਨਾਲ ਜੁੜੇ ਹੋਏ ਕੁੱਝ ਬੁਨਆਿਦੀ ਸੁਆਲਾਂ ਅਤੇ ਉਹਨਾਂ ਪਿੱਛੇ ਕਾਰਗਰ ਸਿਆਸਤ ਦਾ ਵਿਰਚਨਾਮੂਲਕ ਵਿਸ਼ਲੇਸ਼ਣ ਪੇਸ਼ ਕੀਤਾ ਹੈ। ਮੰਡੇਰ ਦੀ ਕਿਤਾਬ ਸਿੱਖੀ ਦੇ ਅਧਿਐਨ ਦੇ ਖੇਤਰ ਵਿੱਚ ਇੱਕ ਅਣਸਰਦੀ ਲੋੜ ਵੀ ਸੀ ਤੇ ਅਗਾਂਹ ਨੂੰ ਇਸ ਖੇਤਰ ਵਿੱਚ ਕੰਮ ਕਰਨ ਵਾਲੇ ਵਿਦਿਆਰਥੀ ਜਾਂ ਵਿਦਵਾਨ ਇਸਨੂੰ ਨਜ਼ਰਅੰਦਾਜ਼ ਵੀ ਨਹੀਂ ਕਰ ਸਕਣਗੇ।

ਗੁਰਦਰਸ਼ਨ ਸਿੰਘ ਢਿੱਲੋਂ ਨੇ ਆਪਣੇ ਲੇਖ ਵਿੱਚ ਪੇਸ਼ ਕੀਤੀਆਂ ਧਾਰਨਾਵਾਂ ਰਾਹੀਂ ਇਹੀ ਦਰਸਾਇਆ ਹੈ ਕਿ ਉਸ ਦੀ ਪੜ੍ਹਤ ਅਤੇ ਮੰਡੇਰ ਦੀ ਲਿਖਤ ਵਿੱਚ ਇੱਕ ਵੱਡਾ ਵਕਫਾ ਹੈ ਜਿਸ ਦਾ ਆਧਾਰ ਵਿਚਾਰਾਂ ਦਾ ਵੱਖਰਾਪਣ ਨਹੀਂ, ਸਮਝ ਦੀ ਪੱਧਰ ਦਾ ਫਰਕ ਹੈ, ਨੈਤਿਕਤਾ ਦੇ ਘੱਟੋ-ਘੱਟ ਮਿਆਰਾਂ ਦੀ ਅਣਹੋਂਦ ਹੈ, ਮੰਡੇਰ ਵੱਲੋਂ ਵਿਚਾਰੇ ਗਏ ਮੁੱਦਿਆਂ ਬਾਰੇ ਬੁਨਿਆਦੀ ਪੱਧਰ ਦੀ ਸਮਝ ਦੀ ਘਾਟ ਹੈ।

ਢਿੱਲੋਂ ਨੇ ਜਿਸ ਪੱਧਰ 'ਤੇ ਜਾ ਕੇ ਸ਼ਰੇਆਮ ਝੂਠੀਆਂ ਤੇ ਮਨਘੜ੍ਹਤ ਗੱਲਾਂ ਮੰਡੇਰ ਸਿਰ ਮੜ੍ਹੀਆਂ ਹਨ, ਸਿੱਖੀ ਤੇ ਗੁਰਬਾਣੀ ਨਾਲ਼ ਸਬੰਧਤ ਸੰਵੇਦਨਸ਼ੀਲ ਮੁੱਦਿਆਂ ਨੂੰ ਵਰਤਿਆ ਹੈ, ਮੰਡੇਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੀ ਮੰਗ ਕਰਕੇ ਸਿੱਖਾਂ ਦੀ ਸਿਰਮੌਰ ਸੰਸਥਾ ਨੂੰ ਦਾਅ ਤੇ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਸਭ ਸਾਡੇ ਹਰ ਖੇਮੇ ਵਿੱਚ ਭਾਰੂ ਬਹੁਤ ਹੀ ਨਿੱਘਰੀ ਹੋਈ ਸਿਆਸਤ ਦੇ ਅਸਲ ਨੂੰ ਉਜਾਗਰ ਕਰਨ ਵਾਲੀਆਂ ਗੱਲਾਂ ਹਨ। ਕੀ ਇਹਨਾਂ ਬੰਦਿਆਂ ਨੇ ਧਾਰ ਹੀ ਰੱਖਿਐ ਕਿ ਕਦੇ ਕਿਸੇ ਚੱਜ ਦੇ ਬੰਦੇ ਪੈਰ ਨਹੀਂ ਲੱਗਣ ਦੇਣੇ, ਕੋਈ ਸੰਜੀਦਾ ਵਿਚਾਰ ਸ਼ੂਰੂ ਨਹੀਂ ਹੋਣ ਦੇਣੀ? ਖੁਦ ਇਹ ਲੋਕ ਸਿੱਖਾਂ ਦੀ ਸਹੀ ਬੌਧਿਕ ਤਰਜਮਾਨੀ ਕਰਨ ਜੋਗੇ ਨਹੀਂ, ਜੇ ਕੋਈ ਹੋਰ ਅੱਗੇ ਹੋ ਕੇ ਉਪਰਾਲਾ ਕਰਦਾ ਹੈ ਤਾਂ ਇਹ ਊਜਾਂ ਲਾਉਣ 'ਤੇ ਉੱਤਰ ਆਉਂਦੇ ਹਨ। ਅਜਿਹੇ ਲੋਕਾਂ ਦਾ ਵਿਦਵਾਨ ਦੇ ਤੌਰ 'ਤੇ ਸਥਾਪਤ ਹੋਣਾ ਸਿੱਖਾਂ ਦੇ ਮਸਲਿਆਂ ਨੂੰ ਹੱਲ ਕਰਨ ਦੀ ਬਜਾਏ ਹੋਰ ਗੁੰਝਲਦਾਰ ਬਣਾਉਣ ਦਾ ਕਾਰਨ ਬਣਿਆ ਹੈ। ਇਹਨਾਂ ਨੇ ਭੁਲੇਖਾ ਬਣਾਈ ਰੱਖਿਆ ਕਿ ਸਿੱਖਾਂ ਦਾ ਵੀ ਕੋਈ ਬੁੱਧੀਜੀਵੀ ਵਰਗ ਹੈ ਜਿਸ ਸਦਕਾ ਸਿੱਖ ਇਹਨਾਂ ਅਣਹੋਏ ਬੰਦਿਆਂ ਤੇ ਨਿਰਭਰ ਰਹੇ ਤੇ ਇਹ ਕਿਸੇ ਨਵੀਂ ਸ਼ੁਰੂਆਤ ਦੇ ਰਾਹ ਵਿੱਚ ਸਦਾ ਅੜਿੱਕਾ ਬਣੇ ਰਹੇ। ਅੰਤ ਨੂੰ ਸਿੱਖਾਂ ਦੇ ਵਡੇਰੇ ਹਿੱਸੇ ਵਿੱਚ ਇਹੀ ਗੱਲ ਸਥਾਪਤ ਹੋਈ ਕਿ ਪੜ੍ਹੇ-ਲਿਖੇ ਬੰਦੇ ਨਿਕੰਮੇ ਹੁੰਦੇ ਹਨ, ਜਿਹਨਾਂ ਦੀ ਨਾ ਕੋਈ ਪ੍ਰਤੀਬੱਧਤਾ ਹੁੰਦੀ ਹੈ ਤਾ ਨਾ ਕਿਸੇ ਰਾਹ ਪਾਉਣ ਜੋਗੀ ਸਮਝ। ਬੁੱਧੀਜੀਵੀ ਵਰਗ ਪ੍ਰਤੀ ਅਜਿਹੀ ਧਾਰਨਾ ਸਿੱਖਾਂ ਦੀਆਂ ਬੌਧਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਵਿਕਾਸ ਦੇ ਰਾਹ ਵਿੱਚ ਅੜਿੱਕਾ ਬਣੀ ਜਿਸ ਦਾ ਖਮਿਆਜ਼ਾ ਸਿੱਖ ਕਈ ਤਰੀਕਿਆਂ ਨਾਲ਼ ਭੁਗਤਦੇ ਆ ਰਹੇ ਹਨ।

ਹੱਥਲੇ ਲੇਖ ਦਾ ਮਕਸਦ ਮੰਡੇਰ ਦੀ ਕਿਤਾਬ ਦੀ ਪੜਚੋਲ ਕਰਨਾ ਨਹੀਂ, ਸਗੋਂ ਇਹ ਸਪੱਸ਼ਟ ਕਰਨਾ ਹੈ ਕਿ ਜੋ ਕੁਛ ਢਿੱਲੋਂ ਨੇ ਮੰਡੇਰ ਦੀ ਕਿਤਾਬ ਬਾਰੇ ਲਿਖਿਆ ਹੈ ਉਹ ਕਿੰਨਾ ਗਲਤ ਹੈ।ਪਰ ਫਿਰ ਵੀ ਕੋਸ਼ਿਸ਼ ਹੈ ਕਿਤਾਬ ਦੇ ਹਵਾਲੇ ਨਾਲ਼ ਹੀ ਵੇਖਿਆ ਜਾਵੇ ਕਿ ਢਿੱਲੋਂ ਵੱਲੋਂ ਮੰਡੇਰ ਦੀ ਕਿਤਾਬ ਬਾਰੇ ਕੱਢੇ ਗਏ ਸਿੱਟੇ ਕਿੰਨੇ ਕੁ ਤਰਕਸੰਗਤ ਹਨ।

ਮੰਡੇਰ ਨੇ ਸਿੰਘ ਸਭਾ ਲਹਿਰ ਦੇ ਵਿਦਵਾਨਾਂ ਵੱਲੋਂ ਅਪਣਾਏ ਆਧੁਨਿਕਤਾਵਾਦੀ ਬਿਰਤਾਂਤ ਪ੍ਰਤੀ ਆਲੋਚਨਾਤਮਕ ਪਹੁੰਚ ਅਪਣਾਈ ਹੈ। ਜਦੋਂ ਕਿ ਢਿੱਲੋਂ ਅਨੁਸਾਰ ਸਿੰਘ ਸਭਾ ਲਹਿਰ ਦੌਰਾਨ ਸਾਹਮਣੇ ਆਈ ਸਿੱਖੀ ਦੀ ਵਿਆਖਿਆ ਅਸਲ ਵਿੱਚ ਗੁਰਮਤਿ ਦਾ ਪ੍ਰਮਾਣਿਕ ਰੂਪ ਹੈ ਅਤੇ ਇਸ ਸਬੰਧੀ ਆਲੋਚਨਾਤਮਕ ਪਹੁੰਚ ਸਿੱਖ ਵਿਰੋਧੀ ਪਹੁੰਚ ਗਰਦਾਨੀ ਜਾਣੀ ਚਾਹੀਦੀ ਹੈ। ਢਿੱਲੋਂ ਦੀ ਇਹ ਧਾਰਨਾ ਪਿਛਲੀ ਸਦੀ ਦੇ ਮਗਰਲੇ ਅੱਧ ਵਿੱਚਲੇ ਸਿੱਖ ਬੌਧਿਕਤਾ ਦੇ ਸੰਕਟ ਨੂੰ ਉਜਾਗਰ ਕਰਦੀ ਹੈ। ਅਸੀਂ ਆਪਣੀ ਵਿਚਾਰ ਇਸੇ ਨੁਕਤੇ ਤੋਂ ਸ਼ੁਰੂ ਕਰਦੇ ਹਾਂ।

ਸਿੰਘ ਸਭਾ ਦੌਰ ਵਿੱਚ ਹਾਵੀ ਰਹੇ ਆਧੁਨਿਕਤਾਵਾਦੀ ਬਿਰਤਾਂਤ ਪ੍ਰਤੀ ਮੂਲੋਂ ਹੀ ਅਣਆਲੋਚਨਾਤਮਕ ਰੁਖ ਧਾਰਨ ਕਰਦੇ ਹੋਏ ਇਸਨੂੰ ਗੁਰਮਤਿ ਦਾ ਅੰਤਮ ਰੂਪ ਮੰਨ ਲੈਣ ਪਿੱਛੇ ਸਿੱਖ ਵਿੱਦਿਅਕ ਸੰਸਥਾਵਾਂ ਦੇ ਨਿਘਾਰ ਦੀ ਤਲਖ ਹਕੀਕਤ ਖੜ੍ਹੀ ਹੈ ਜਿਸ ਪ੍ਰਤੀ ਇਸ ਦੌਰ ਦੇ ਸਿੱਖ ਵਿਦਵਾਨਾਂ ਨੇ ਭਾਂਜਵਾਦੀ ਰਵੱਈਆ ਅਪਣਾਈ ਰੱਖਿਆ ਹੈ।ਗੁਰਮਤਿ ਦੀਆਂ ਪਰੰਪਰਕ ਵਿਆਖਿਆ ਪ੍ਰਣਾਲੀਆਂ ਤੋਂ ਅਲਹਿਦਗੀ ਵਿੱਚ ਵਿੱਚਰਦੇ ਹੋਏ ਅਤੇ ਆਧੁਨਿਕਤਾਵਾਦੀ ਪਹੁੰਚ ਦੀ ਠੀਕ ਸਮਝ ਨਾ ਹੋਣ ਦੇ ਬਾਵਜੂਦ ਬੰਦੇ ਸਿੱਖਾਂ ਦੇ ਧਰਮੱਗ ਹੋਣ ਦੇ ਦਾਅਵੇਦਾਰ ਬਣ ਬੈਠੇ।

ਇਹਨਾਂ ਧਰਮੱਗਾਂ ਦੇ ਹਮਲਿਆ ਦਾ ਸ਼ਿਕਾਰ ਅਰਵਿੰਦਪਾਲ ਸਿੰਘ ਮੰਡੇਰ ਨੇ ਪੱਛਮੀ ਫਲਸਫਾਨਾ ਬਿਰਤਾਂਤ 'ਤੇ ਡੂੰਘੀ ਪਕੜ ਸਥਾਪਤ ਕਰਦਿਆਂ, ਇਸ ਅੰਦਰਲੇ ਸਾਮਰਾਜੀ ਰੁਝਾਨਾਂ ਨੂੰ ਬੇਨਕਾਬ ਕਰਦਿਆਂ, ਪੂਰਬਵਾਦ ਦੀ ਜੜ੍ਹ ਹੇਗਲ ਦੇ ਫਲਸਫਾਨਾ ਬਿਰਤਾਂਤ ਵਿੱਚ ਪਨਪਦੀ ਵਿਖਾਈ ਹੈ। ਅੰਗਰੇਜ਼ੀ ਬੋਲੀ ਅਤੇ ਪੱਛਮੀ ਮੁਹਾਵਰੇ ਵਿੱਚ ਗੱਲ ਕਰਦਿਆਂ, ਮੰਡੇਰ ਨੇ ਪੱਛਮੀ ਫਲਸਫਾਨਾ ਬਿਰਤਾਂਤ ਅੰਦਰਲੇ ਸੰਕਟ ਉਜਾਗਰ ਕੀਤੇ ਹਨ। ਇਸ ਦੇ ਨਾਲ਼ ਹੀ ਉਸ ਨੇ ਉੱਤਰ-ਬਸਤੀਵਾਦੀ ਬਿਰਤਾਂਤ ਅੰਦਰਲੀਆਂ ਵਿਰਲਾਂ ਦੀ ਵੀ ਨਿਸ਼ਾਨਦੇਹੀ ਕੀਤੀ ਹੈ। ਸ਼ਬਦ ਗੁਰੂ ਦੀਆਂ ਕਾਇਨਾਤੀ ਸੰਭਾਵਨਾਵਾਂ ਦੀ ਗੱਲ ਕਰਦਿਆਂ, ਮੰਡੇਰ ਨੇ ਸਿੱਖਾਂ ਵੱਲੋਂ ਪੱਛਮੀ ਫਲਸਫੇ ਨੂੰ ਦਿਸ਼ਾ ਵਿਖਾਉਣ ਦੀ ਸੰਭਾਵਨਾ ਬਾਰੇ ਗੱਲ ਤੋਰੀ ਹੈ। ਮੰਡੇਰ ਦੀ ਵਿਰੋਧਤਾ ਦਾ ਤਰਕ ਇਹੀ ਸਮਝ ਆਉਂਦਾ ਹੈ ਕਿ ਉਸ ਵੱਲੋਂ ਖੜ੍ਹੇ ਕੀਤੇ ਗਏ ਆਧਾਰ ਪੰਜਾਬ ਵਿੱਚਲੇ ਸਥਾਪਤ ਅਕਾਦਮਿਕ ਅਦਾਰਿਆਂ ਅਤੇ ਇਹਨਾਂ ਵਿੱਚ ਕੰਮ ਕਰਦੇ ਵਿਦਵਾਨਾਂ ਦੇ ਇੱਕ ਹਿੱਸੇ ਦੇ ਹੋਣ ਦੇ ਤਰਕ ਤੇ ਹੀ ਸੁਆਲੀਆ ਨਿਸ਼ਾਨ ਖੜ੍ਹੇ ਕਰਦੇ ਹਨ। ਸਥਾਪਤ ਅਦਾਰਿਆ ਵਿੱਚਲੇ ਬਿਰਤਾਂਤ ਨੂੰ ਅਸਲੋਂ ਹੀ ਨਵਿਆਏ ਜਾਣ ਤੋਂ ਬਿਨਾਂ ਮੰਡੇਰ ਵਰਗੇ ਵਿਦਵਾਨਾਂ ਵੱਲੋਂ ਖੜ੍ਹੇ ਕੀਤੇ ਗਏ ਮਿਆਰਾਂ ਦਾ ਸਾਹਮਣਾ ਕਰਨ ਦਾ ਕੋਈ ਤਰੀਕਾ ਨਹੀਂ ਸੀ। ਤੇ ਸਥਾਪਤ ਬਿਰਤਾਂਤ ਦਾ ਮੁਕੰਮਲ ਕਾਇਆਕਲਪ ਪੰਜਾਬ ਦੇ ਵਿਦਵਾਨਾਂ ਦੀ ਮੌਜੂਦਾ (ਲੱਗਪੱਗ ਗੁਜ਼ਰ ਚੁੱਕੀ) ਪੀੜ੍ਹੀ ਦੇ ਵੱਸ ਦੀ ਗੱਲ ਨਹੀਂ ਹੈ।

ਢਿੱਲੋਂ ਦਾ ਕਹਿਣਾ ਹੈ ਕਿ ਮੰਡੇਰ ਨੇ ਆਪਣੀ ਕਿਤਾਬ ਰਾਹੀਂ ਪੱਛਮ ਦੀਆਂ (ਸਿੱਖ-ਵਿਰੋਧੀ) ਸਾਮਰਾਜੀ ਨੀਤੀਆਂ ਦੀ ਨੁਮਾਇੰਦਗੀ ਕੀਤੀ ਹੈ ਅਤੇ ਉਹਨਾਂ ਦੀਆਂ ਅਗਲੇਰੀਆਂ ਸਾਜ਼ਿਸ਼ਾਂ ਨੂੰ (ਅਵੇਸਲੇਪਣ ਸਦਕਾ) ਉਜਾਗਰ ਕੀਤਾ ਹੈ। ਢਿੱਲੋਂ ਅਨੁਸਾਰ ਪੱਛਮ ਦੀਆਂ ਸਾਮਰਾਜੀ ਨੀਤੀਆਂ ਦੀ ਬੁਨਿਆਦ ਜਰਮਨ ਫਿਲਾਸਫਰ ਹੇਗਲ ਦੇ ਫਲਸਫਾਨਾ ਬਿਰਤਾਂਤ ਵਿੱਚ ਪਈ ਹੈ। ਢਿੱਲੋਂ ਦਾ ਦੋਸ਼ ਹੈ ਕਿ ਮੰਡੇਰ ਹੇਗਲ ਦੀ ਪਹੁੰਚ ਦਾ ਅਨੁਸਾਰੀ ਹੋ ਕੇ ਚੱਲਦਾ ਹੈ ਅਤੇ ਪੱਛਮੀ ਸਾਮਰਾਜੀ ਨੀਤੀਆਂ ਨੂੰ ਵਾਜਬ ਠਹਿਰਾਉਂਦਾ ਹੈ। ਇਹ ਹਾਸੋਹੀਣਾ ਦੋਸ਼ ਹੈ। ਉਸ ਤੋਂ ਵੀ ਅੱਗੇ ਢਿੱਲੋਂ ਇਹ ਪ੍ਰਭਾਵ ਦੇਣ ਦੀ ਕੋਸ਼ਿਸ਼ ਵੀ ਕਰਦਾ ਹੈ ਕਿ ਉਸਨੂੰ ਵਾਕਈ ਹੇਗਲ ਦੀ ਸਮਝ ਹੈ। ਮੰਡੇਰ ਤਾਂ ਸਿੰਘ ਸਭਾ ਦੇ ਵਿਦਵਾਨਾਂ ਵੱਲੋਂ ਧਾਰੀ ਪਹੁੰਚ ਦੀ ਆਲੋਚਨਾ ਹੀ ਇਸ ਲਈ ਕਰਦਾ ਹੈ ਕਿ ਇਹ ਹੇਗਲੀ ਬਿਰਤਾਂਤ ਦੀ ਅਨੁਸਾਰੀ ਹੋ ਕੇ ਚੱਲਦੀ ਹੈ। ਉਹਨੇ ਤਾਂ ਸਥਾਪਤ ਕੀਤਾ ਹੈ ਕਿ ਕਿਵੇਂ ਹੇਗਲੀ ਬਿਰਤਾਂਤ ਪਹਿਲਾਂ ਹਿੰਦਵਿਗਿਆਨ (Indology) ਤੇ ਫਿਰ ਟਰੰਪ ਰਾਹੀਂ ਸਿੰਘ ਸਭਾ ਦੇ ਸੁਧਾਰਵਾਦੀ ਵਿਦਵਾਨਾਂ ਤੱਕ ਪਹੁੰਚਿਆ। ਮੰਡੇਰ ਦੇ ਹੇਗਲ ਅਤੇ ਪੱਛਮੀ ਸਾਮਰਾਜ ਪ੍ਰਤੀ ਨਜ਼ਰੀਏ ਦੀ ਪੜਚੋਲ ਤੋਂ ਪਹਿਲਾਂ ਇਹ ਵੇਖੀਏ ਕਿ ਮੰਡੇਰ ਦੀ ਕਿਤਾਬ ਵਿੱਚ ਹੇਗਲ ਦੇ ਫਲਸਫੇ ਦਾ ਆਲੋਚਨਾਤਮਕ ਵਿਸ਼ਲੇਸ਼ਣ ਕਿਸ ਸੰਦਰਭ ਵਿੱਚ ਆਇਆ।

ਮੰਡੇਰ ਅਨੁਸਾਰ ਪੰਜਾਬ 'ਤੇ ਕਬਜ਼ੇ ਤੋਂ ਬਾਅਦ ਅੰਗਰੇਜ਼ਾਂ ਨੇ ਸਿੱਖਾਂ ਦੇ ਧਰਮ, ਬੋਲੀ, ਸੱਭਿਆਚਾਰ, ਅਤੇ ਰਾਜਨੀਤੀ ਨੂੰ ਨਵੇਂ ਸਿਰੇ ਤੋਂ ਪ੍ਰੀਭਾਸ਼ਿਤ ਕਰਨ ਦੀ ਪਹੁੰਚ ਅਪਣਾਈ ਜਿਸ ਸਦਕਾ ਸਿੱਖ ਵੱਡੇ ਕਾਇਆਕਲਪ 'ਚੋਂ ਲੰਘੇ।ਅੰਗਰੇਜ਼ੀ ਬਸਤੀਵਾਦੀਆਂ ਨੇ ਸਾਡੀ ਧਰਤੀ 'ਤੇ ਕਬਜ਼ਾ ਕਰਨ ਤੋਂ ਪਹਿਲਾਂ ਹੀ ਇੱਕ ਸਰਬੰਗੀ ਬਸਤੀਵਾਦੀ ਬਿਰਤਾਂਤ ਘੜ ਲਿਆ ਸੀ। ਤਰਜਮੇ ਦੀ ਸਿਆਸਤ ਇਸ ਬਿਰਤਾਂਤ ਦਾ ਅਹਿਮ ਹਿੱਸਾ ਸੀ। ਇੱਥੇ ਤਰਜਮੇ ਤੋਂ ਭਾਵ ਮਹਿਜ਼ ਕਿਸੇ ਲਿਖਤ ਦਾ ਇੱਕ ਤੋਂ ਦੂਜੀ ਬੋਲੀ ਵਿੱਚ ਉਲਥਾ ਕਰਨਾ ਨਹੀਂ, ਸਗੋਂ ਤਰਜਮੇ ਦਾ ਅਮਲ ਇੱਕ ਵਿਆਪਕ ਸੱਭਿਆਚਾਰਕ ਅਮਲ ਹੈ। ਉਂਞ ਵੀ ਸਿੱਧੇ ਤੇ ਸਾਦੇ ਉਲਥੇ ਨਾਂ ਦੀ ਕੋਈ ਗੱਲ ਨਹੀਂ ਹੁੰਦੀ। ਹਰ ਉਲਥੇ ਤੋਂ ਬਾਅਦ ਇੱਕ ਨਵੀਂ ਲਿਖਤ ਸਾਹਮਣੇ ਆਉਂਦੀ ਹੈ, ਜਿਸ ਦਾ ਮੂਲ ਬੋਲੀ ਵਾਲੀ ਲਿਖਤ ਨਾਲ਼ ਕੋਈ ਨਾ ਕੋਈ ਸਬੰਧ ਤਾਂ ਜ਼ਰੂਰ ਹੁੰਦਾ ਹੈ ਪਰ ਇਹ ਜ਼ਰੂਰੀ ਤੌਰ 'ਤੇ ਉਸੇ ਦਾ ਬਦਲਵਾਂ ਰੂਪ ਨਹੀਂ ਹੁੰਦੀ। ਦੂਜੀ ਬੋਲੀ ਦੀ ਇੱਕ ਆਪਣੀ ਮਿਲਖ ਹੁੰਦੀ ਹੈ, ਜਿਸ ਵਿੱਚ ਸਦੀਆਂ ਦੀ ਲੋਕਧਾਰਾਈ, ਸੱਭਿਆਚਾਰਕ, ਸਾਹਿਤਕ, ਅਤੇ ਧਾਰਮਿਕ ਕਸਰਤ ਰਿੜਕ-ਰਿੜਕ ਕੇ ਸ਼ਬਦਾਂ ਦੇ ਸਾਰ ਸਾਹਮਣੇ ਲਿਆਉਂਦੀ ਹੈ। ਉਸ ਬੋਲੀ ਨੂੰ ਬੋਲਣ ਵਾਲੇ ਲੋਕ ਬੋਲੀ ਦੇ ਖਾਸ ਅੰਦਰਲੇ ਤੱਤ ਨੂੰ ਜਿਉਂਦੇ ਹਨ, ਇਸ ਰਾਹੀਂ ਸਾਹ ਲੈਂਦੇ ਹਨ, ਤੇ ਇਸ ਦੀ ਨੁਮਾਇੰਦਗੀ ਕਰਦੇ ਹਨ। ਉਲਥੇ ਤੋਂ ਬਾਅਦ ਬੋਲੀ ਦਾ ਇਹ ਤੱਤ-ਸਾਰ ਲਿਖਤ ਦੀ ਕਾਇਆ ਪਲਟ ਦਿੰਦਾ ਹੈ। ਸ਼ਬਦ ਜੋ ਸੰਕਲਪਾਂ ਦੇ ਤੌਰ 'ਤੇ ਹਰਕਤ ਵਿੱਚ ਆਉਂਦੇ ਹਨ, ਉਲਥਾਈ ਜਾ ਰਹੀ ਲਿਖਤ 'ਤੇ ਆਪਣਾ ਬੋਝ ਲੱਦ ਦਿੰਦੇ ਹਨ। ਮਿਸਾਲ ਦੇ ਤੌਰ 'ਤੇ ਸ਼ਬਦ ਅਕਾਲ ਪੁਰਖ ਅਤੇ ਗੌਡ ਇੱਕੋ ਭਾਵ ਨੂੰ ਪ੍ਰਗਟ ਨਹੀਂ ਕਰਦੇ। ਦੋਹਾਂ ਪਿੱਛੇ ਅੱਡ-ਅੱਡ ਪ੍ਰਤੀਤੀਆਂ, ਵੱਖੋ-ਵੱਖਰੇ ਅਨੁਭਵਾਂ, ਅੱਡਰੀਆਂ ਪਰੰਪਰਾਵਾਂ ਵਿੱਚੋਂ ਪੈਦਾ ਹੋਏ ਸੰਬੋਧ (concept) ਖੜੇ ਹਨ। ਕਹਿਣ ਤੋਂ ਭਾਵ ਅਕਾਲ ਪੁਰਖ ਨੂੰ ਗੌਡ ਕਹਿਣ ਨਾਲ਼ ਸਿੱਖੀ ਦੀ ਇਸਾਈਅਤ ਅਤੇ ਪੱਛਮੀ ਚਿੰਤਨ ਦੇ ਗ਼ਲਬੇ ਹੇਠ ਵਿਆਖਿਆ ਦਾ ਮੁੱਢ ਬੱਝ ਜਾਂਦਾ ਹੈ।ਇਸੇ ਤਰਾਂ ਧਰਮ ਨੂੰ ਰਿਲੀਜਨ, ਗੁਰੁ ਨੂੰ ਪਰੌਫਿਟ ਜਾਂ ਪੈਗੰਬਰ ਜਾਂ ਫਿਰ ਸੰਤ ਅਤੇ ਟੀਚਰ ਆਦਿਕ ਕਹਿਣ ਨਾਲ ਅਰਥ ਮੂਲ਼ੋਂ-ਮੁੱਢੋਂ ਬਦਲ ਜਾਂਦੇ ਹਨ। ਇਸ ਤਰਾਂ ਤਰਜਮੇ ਤੋਂ ਬਾਅਦ ਜਦੋਂ ਇਸਨੂੰ ਮੂਲ ਲਿਖਤ ਦਾ ਹੀ ਰੂਪ ਕਿਹਾ ਜਾਂਦਾ ਹੈ ਤਾਂ ਅਸਲ ਵਿੱਚ ਉਸ ਮੂਲ ਲਿਖਤ ਨੂੰ ਪੜ੍ਹਨ ਵਾਲੇ ਜਾਂ ਇਸ ਤੋਂ ਸੇਧ ਲੈਣ ਵਾਲੇ ਲੋਕਾਂ ਨੂੰ ਗੁਮਰਾਹ ਕੀਤਾ ਜਾਂਦਾ ਹੈ। ਬਸਤੀਵਾਦੀ ਹਾਕਮ ਲੋਕਾਂ ਸਿਰ ਇੱਕ ਨਵੀਂ ਪਰੰਪਰਾ ਮੜ੍ਹਦੇ ਹਨ, ਸਿੱਧੇ ਰੂਪ ਵਿੱਚ ਧਰਮ ਤਬਦੀਲੀ ਤੋਂ ਪਹਿਲਾਂ, ਉਹਨਾਂ ਦੀ ਪਰੰਪਰਾ ਦੀ ਹੀ ਨਵੀਂ ਵਿਆਖਿਆ ਦੇ ਨਾਂ ਤੇ।

ਤਰਜਮੇ ਦੇ ਇਸ ਸਿਆਸੀ ਪੈਂਤੜੇ ਦੀ ਕਾਮਯਾਬੀ ਤੋਂ ਬਾਅਦ ਅੰਗਰੇਜ਼ ਬਸਤੀਵਾਦੀਆਂ ਦਾ ਇਹ ਮਨਸ਼ਾ ਸੀ ਕਿ ਤਰਜਮੇ ਤੋਂ ਬਾਅਦ ਸਾਹਮਣੇ ਆਏ ਨਵੇਂ ਮੁਹਾਵਰੇ ਵਿੱਚ ਸਿੱਖੀ ਦੀ ਨਵੀਂ ਵਿਆਖਿਆ, ਪੰਜਾਬੀ ਸਮੇਤ ਹਰ ਬੋਲੀ ਵਿੱਚ ਲਿਖਣ ਵਾਲੇ, ਸਿੱਖ ਲਿਖਾਰੀ ਕਰਨ। ਮੰਡੇਰ ਮੁਤਾਬਕ ਸਿੰਘ ਸਭਾ ਲਹਿਰ ਦੌਰਾਨ ਐਨ ਇਹੀ ਗੱਲ ਹੋਈ, ਸਿੱਖ ਵਿਦਵਾਨਾਂ ਨੇ ਪੱਛਮੀ ਨੁਕਤੇ ਤੋਂ ਸਿੱਖੀ ਦੀ ਵਿਆਖਿਆ ਕੀਤੀ। ਸਿੱਖ ਵਿਦਵਾਨਾਂ ਦੇ ਪੱਛਮੀ ਵਿਆਖਿਆ ਪ੍ਰਣਾਲੀਆਂ ਨਾਲ ਸਬੰਧ ਦਾ ਵੇਰਵਾ ਦਿੰਦਿਆਂ ਮੰਡੇਰ ਆਪਣੀ ਗੱਲ ਅਰਨੈਸਟ ਟਰੰਪ ਤੋਂ ਸ਼ੁਰੂ ਕਰਦਾ ਹੈ। ਮੰਡੇਰ ਮੁਤਾਬਕ ਟਰੰਪ ਨੇ ਸਿੱਖੀ ਅਤੇ ਗੁਰਬਾਣੀ ਦੀ ਵਿਆਖਿਆ ਕਰਦਿਆਂ ਆਪਣੀ ਪੱਛਮੀ ਪਹੁੰਚ ਨੂੰ ਕਾਇਨਾਤੀ ਤਸਲੀਮ ਕੀਤਾ ਹੋਇਆ ਸੀ। ਕਹਿਣ ਤੋਂ ਭਾਵ ਟਰੰਪ ਸਮਝਦਾ ਸੀ ਕਿ ਧਰਮ ਪ੍ਰਤੀ ਪੱਛਮੀ ਪਹੁੰਚ ਪੂਰੀ ਕਾਇਨਾਤ ਲਈ ਇੱਕੋ ਜਿਹੀ ਪ੍ਰਾਸੰਗਿਕਤਾ ਰੱਖਦੀ ਹੈ। ਜਿਵੇਂ ਇਸ ਨੁਕਤੇ ਤੋਂ ਪੱਛਮੀ ਧਰਮਾਂ ਦੀ ਵਿਆਖਿਆ ਕੀਤੀ ਜਾਂਦੀ ਹੈ, ਉਸੇ ਤਰਾਂ ਦੁਨੀਆਂ ਦੇ ਹੋਰ ਧਰਮਾਂ ਦੀ ਵਿਆਖਿਆ ਲਈ ਵੀ ਇਹੀ ਸਹੀ ਪਹੁੰਚ ਹੈ, ਕਿਉਂਕਿ ਇਹ ਆਧੁਨਿਕ ਹੈ, ਵਿਗਿਆਨਕ ਹੈ। ਮੰਡੇਰ ਟਰੰਪ ਦੀ ਇਸ ਪਹੁੰਚ ਦਾ ਭਰਵਾਂ ਆਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕਰਦਾ ਹੈ। ਮੰਡੇਰ ਦਾ ਦੋਸ਼ ਹੈ ਕਿ ਸਿੱਖ ਵਿਦਵਾਨਾਂ ਨੇ ਇਸ ਪਹੁੰਚ ਪ੍ਰਤੀ ਆਲੋਚਨਾਤਮਕ ਰੁਖ ਅਪਨਾਉਣ ਦੀ ਬਜਾਏ ਪੱਛਮੀ ਬਸਤੀਵਾਦੀਆਂ ਵੱਲੋਂ ਕੀਤੇ ਇਸ ਦੇ ਕਾਇਨਾਤੀ ਹੋਣ ਦੇ ਦਾਅਵੇ ਨੂੰ ਪ੍ਰਵਾਨ ਕਰ ਲਿਆ ਅਤੇ ਟਰੰਪ ਵੱਲੋਂ ਕੱਢੇ ਗਏ ਬੇਤੁਕੇ ਸਿੱਟਿਆਂ ਦੇ ਟਰੰਪ ਦੀ ਵਿਆਖਿਆ ਪ੍ਰਣਾਲੀ ਦੇ ਘੇਰੇ ਵਿੱਚ ਰਹਿੰਦਿਆਂ ਜਵਾਬ ਦਿੱਤੇ। ਮੰਡੇਰ ਵੱਲੋਂ ਪੇਸ਼ ਕੀਤੀ ਸਿੰਘ ਸਭਾ ਦੇ ਵਿਦਵਾਨਾਂ ਦੀਆਂ ਲਿਖਤਾਂ ਦੀ ਪੜ੍ਹਤ ਨੂੰ ਹੋਰ ਬਾਰੀਕੀ ਨਾਲ ਅਤੇ ਆਲੋਚਨਾਤਮਕ ਦ੍ਰਿਸ਼ਟੀ ਤੋਂ ਵੇਖਣ ਦੀ ਲੋੜ ਹੈ। ਸਿੰਘ ਸਭਾ ਦੌਰਾਨ ਸਾਹਮਣੇ ਆਏ ਮੁਹਾਵਰਿਆਂ ਅੰਦਰਲੀਆਂ ਸੂਖਮਤਾਈਆਂ ਦੀ ਦੀਰਘ ਪੁਣਛਾਣ ਦੀ ਲੋੜ ਹੈ। ਮੰਡੇਰ ਨਾਲ ਅਸਹਿਮਤ ਹੋਣ ਦੀ ਤੁਕ ਬਣਦੀ ਹੈ, ਉਸਦੇ ਦਾਅਵਿਆਂ ਬਾਰੇ ਸੁਆਲ ਖੜ੍ਹੇ ਕੀਤੇ ਜਾ ਸਕਦੇ ਹਨ, ਖੁਦ ਮੈਂ ਵੀ ਇਸ ਨੂੰ ਨਵੇਂ ਸਿਰੇ ਤੋਂ ਸਮਝਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਪਰ ਉਸ ਵੱਲੋਂ ਪੱਛਮੀ ਬਿਰਤਾਂਤਾਂ ਦੇ ਸਿੰਘ ਸਭਾ ਤੱਕ ਸੰਚਾਰ ਦੇ ਪੇਸ਼ ਕੀਤੇ ਗਏ ਵੇਰਵੇ ਨੂੰ ਅਸਲੋਂ ਨਕਾਰ ਕੇ ਨਹੀਂ ਵੇਖਿਆ ਜਾ ਸਕਦਾ। ਟਰੰਪ ਵੱਲੋਂ ਧਾਰਨ ਕੀਤੀ ਪਹੁੰਚ ਦਾ ਪਿਛੋਕੜ ਸਹਿਤ ਵੇਰਵਾ, ਇਸਦਾ ਬਰੀਕ ਅਤੇ ਭਰਵਾਂ ਆਲੋਚਨਾਤਮਕ ਵਿਸ਼ਲੇਸ਼ਣ, ਮੰਡੇਰ ਦੀ ਸਿੱਖੀ ਦੇ ਅਧਿਐਨ ਵਿੱਚ ਮੌਲਿਕ ਦੇਣ ਹੈ ਜਿਸ ਲਈ ਅਸੀਂ ਉਸਦੇ ਸਦਾ ਰਿਣੀ ਰਹਾਂਗੇ। ਢਿੱਲੋਂ ਨੇ ਵਾਵੇਲ਼ਾ ਤਾਂ ਮਚਾ ਦਿੱਤਾ ਪਰ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੰਡੇਰ ਨੇ ਟਰੰਪ ਦੀ ਕਿਤਾਬ ਨੂੰ ਸਭ ਤੋਂ ਪ੍ਰਭਾਵਕਾਰੀ ਦਸਤਾਵੇਜ਼ ਕਿਉਂ ਕਿਹਾ। ਮੰਡੇਰ ਨੇ ਅਜਿਹਾ ਇਸ ਲਈ ਕਿਹਾ ਕਿਉਂਕਿ ਟਰੰਪ ਨੇ ਪਹਿਲੀ ਵਾਰ ਸਿੱਖੀ ਦੇ ਅਧਿਐਨ ਵਿੱਚ ਨਵੇਂ ਮਿਆਰ ਸਥਾਪਿਤ ਕੀਤੇ ਜਿਸ ਨਾਲ ਉਸ ਤੋਂ ਬਾਅਦ ਆਉਣ ਵਾਲੇ ਸਿੱਖ ਬਿਰਤਾਂਤ ਦਾ ਰੁਖ ਹੀ ਬਦਲ ਗਿਆ। ਟਰੰਪ ਵੱਲੋਂ ਨਿਸ਼ਚਿਤ ਕੀਤੇ ਮਿਆਰਾਂ ਤਹਿਤ ਸਿੱਖ ਪੱਛਮੀ ਮੁਹਾਵਰੇ ਦੀ ਜ਼ੱਦ ਵਿੱਚ ਆ ਗਏ।ਮਹਾਨ ਸ਼ਾਇਰ ਪੂਰਨ ਸਿੰਘ ਨੂੰ ਛੱਡ ਕੇ ਉਸ ਦੌਰ ਦੇ ਵਿਦਵਾਨਾਂ ਵਿੱਚ ਪੱਛਮੀ ਪਹੁੰਚ ਨੂੰ ਚੁਣੌਤੀ ਦੇਣ ਦੀ ਸਮਰੱਥਾ ਨਹੀਂ ਸੀ।ਪੂਰਨ ਸਿੰਘ ਤੋਂ ਬਿਨਾਂ ਹੋਰ ਵਿਦਵਾਨਾਂ ਦੀ ਅਹਿਮ ਦੇਣ ਤਾਂ ਜ਼ਰੂਰ ਹੈ, ਪਰ ਉਹਨਾਂ ਨੇ ਪੂਰੀ ਸਪੱਸ਼ਟਤਾ ਨਾਲ਼ ਪੱਛਮੀ ਬਿਰਤਾਂਤ ਦੀਆਂ ਸੀਮਤਾਈਆਂ ਦੀ ਗੱਲ ਨਹੀਂ ਕੀਤੀ। ਉਸ ਦੌਰ ਨੂੰ ਛੱਡੋ, ਢਿੱਲੋਂ ਵਰਗਿਆਂ ਦੇ ਖਾਨੇ ਅੱਜ ਵੀ ਇਹ ਗੱਲ ਨਹੀਂ ਪੈਂਦੀ।

ਟਰੰਪ ਦੀ ਇਸ ਪਹੁੰਚ ਹਿੰਦਵਿਗਿਆਨ (Indology) ਦੇ ਪਿਛੋਕੜ ਵਿੱਚ ਜਾਂਦਿਆਂ ਮੰਡੇਰ ਇਸਦੇ ਜਰਮਨ ਫਿਲਾਸਫਰ ਹੇਗਲ ਨਾਲ ਸਬੰਧਾਂ ਦਾ ਖੁਲਾਸਾ ਕਰਦਾ ਹੈ। ਮੰਡੇਰ ਅਨੁਸਾਰ ਜਰਮਨ ਹਿੰਦਵਿਗਿਆਨ ਦੇ ਪੂਰਬਵਾਦ ਨਾਲ ਸਬੰਧਾਂ ਨੂੰ ਧਿਆਨ ਵਿੱਚ ਰੱਖਣਾ ਖਾਸ ਅਹਿਮੀਅਤ ਰੱਖਦਾ ਹੈ। ਮੰਡੇਰ ਦੱਸਦਾ ਹੈ ਕਿ ਹੈਰਾਨੀ ਦੀ ਗੱਲ ਹੈ ਕਿ ਹਿੰਦੋਸਤਾਨ ਦੇ ਉੱਤਰਬਸਤੀਵਾਦੀ ਬਿਰਤਾਂਤ ਦਾ ਤੋਰਾ ਤੋਰਨ ਵਿੱਚ ਮੋਢੀ ਚਿੰਤਕ ਐਡਵਰਡ ਸਈਦ ਦਾ ਪੂਰਬਵਾਦ ਦਾ ਆਲੋਚਨਾਤਮਕ ਵਿਸ਼ਲੇਸ਼ਣ ਵੀ ਇਸਦੇ ਜਰਮਨ ਹਿੰਦਵਿਗਿਆਨ ਨਾਲ ਰਾਬਤੇ ਦਾ ਧਿਆਨ ਰੱਖਣੋਂ ਉੱਕ ਜਾਂਦਾ ਹੈ। ਮੰਡੇਰ ਦੱਸਦਾ ਹੈ ਕਿ ਮਗਰੋਂ ਰੋਨਲਡ ਇੰਡਨ, ਗਾਇਤਰੀ ਸਪੀਵਾਕ, ਵਿਲਹੈੱਲਮ ਹੈਲਬਫਾਸ, ਤੇਜਸਵਿਨੀ ਨਿਰੰਜਨਾ, ਜੋਹੱਨਸ ਫੇਬੀਅਨ, ਦਿਪੇਸ਼ ਚੱਕਰਬਰਤੀ, ਅਤੇ ਫੇਂਗ ਚਿਅਹ ਵਰਗੇ ਚਿੰਤਕਾਂ ਨੇ, ਪੂਰਬਵਾਦ ਦੇ ਜਰਮਨ ਸਰੋਤਾਂ ਨੂੰ ਵਡੇਰਾ ਮਹੱਤਵ ਦਿੰਦਿਆਂ, ਐਡਵਰਡ ਸਈਦ ਦੀ ਇਸ ਗਲਤੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਜਰਮਨ ਸਰੋਤਾਂ ਬਾਰੇ ਸਪੱਸ਼ਟ ਕਰਦਿਆ ਮੰਡੇਰ ਉਪਰੋਕਤ ਵਿਚਾਰਵਾਨਾਂ ਵੱਲੋਂ ਕੀਤੇ ਹੇਗਲ ਦੇ ਵਿਸ਼ਲੇਸ਼ਣ ਦਾ ਵੇਰਵਾ ਪੇਸ਼ ਕਰਦਾ ਹੈ। ਮੰਡੇਰ ਦੱਸਦਾ ਹੈ ਕਿ ਇਹਨਾਂ ਵਿਦਵਾਨਾਂ ਨੇ ਹੇਗਲ ਦੀ ਅਸਰਅੰਦਾਜ਼ ਲਿਖਤ ਤਵਾਰੀਖੀ ਫਲਸਫੇ 'ਤੇ ਵਿਖਿਆਨ (Lectures on Philosophy of History) ਦੀ ਹਿੰਦੋਸਤਾਨ ਦੀਆਂ ਬਸਤੀਵਾਦੀ ਅਤੇ ਨਵ-ਬਸਤੀਵਾਦੀ ਨੁਮਾਇੰਦਗੀਆਂ ਦੀ ਮੂਲ ਕਿਤਾਬ ਵਜੋਂ ਨਿਸ਼ਾਨਦੇਹੀ ਕੀਤੀ ਹੈ। ਮੰਡੇਰ ਅਨੁਸਾਰ ਇਹਨਾਂ ਚਿੰਤਕਾਂ ਦੀ ਧਾਰਨਾ ਸੀ ਕਿ ਜੇਕਰ ਹੇਗਲ ਦੀ ਉਪਰੋਕਤ ਲਿਖਤ ਦੇ ਸੰਬੋਧੀ ਸਾਂਚੇ ਨੂੰ ਉਧੇੜਿਆ ਜਾਵੇ ਤਾਂ ਸੰਭਾਵਨਾ ਹੈ ਕਿ ਇਸ ਨਾਲ ਨਾ ਕੇਵਲ ਯੂਰੋਮੁਖਤਾਵਾਦ ਦੇ ਜ਼ਿਆਦਾ ਫਾਹਸ਼ ਰੂਪਾਂ ਦਾ ਉੱਤਰ-ਪੂਰਬਵਾਦੀ ਆਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕੀਤਾ ਜਾ ਸਕਦਾ ਹੈ, ਪਰ, ਸਈਦ ਦੀ ਪੈਰਵਾਈ ਕਰਦਿਆਂ, ਇੱਕ ਸੈਕੂਲਰ ਸਾਮਰਾਜ-ਵਿਰੋਧੀ ਆਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕੀਤਾ ਜਾ ਸਕਦਾ ਹੈ। ਉਪਰੋਕਤ ਆਲੋਚਨਾਤਮਕ ਪਹੁੰਚ ਦੇ ਇੱਕ ਸੰਗੀਨ ਨੁਕਸ ਦੀ ਨਿਸ਼ਾਨਦੇਹੀ ਕਰਦਿਆਂ ਮੰਡੇਰ ਦੱਸਦਾ ਹੈ ਕਿ ਅਜਿਹੀ ਪਹੁੰਚ ਪੂਰਬਵਾਦ ਤੋਂ ਪਾਰਲੀ ਕਿਸੇ ਵੀ ਲਹਿਰ 'ਤੇ ਸੈਕੂਲਰ ਹੋਣ ਦੀ ਸ਼ਰਤ ਲਾਉਂਦੀ ਹੈ ਜਿਸਦਾ ਅਸਲ ਮਨਸ਼ਾ ਧਰਮ ਦੀ ਵਾਪਸੀ, ਜਾਂ ਲਿਤਾੜੀ ਧਾਰਮਿਕਤਾ ਦੇ ਕਿਸੇ ਵੀ ਰੂਪ ਦੀ ਵਾਪਸੀ ਤੋਂ ਅਣਸੁਰੱਖਿਅਤ ਮਹਿਸੂਸ ਕਰ ਕੰਧਾਂ ਖੜ੍ਹੀਆਂ ਕਰਨੀਆਂ ਹੈ।ਇਸ ਨੁਕਤੇ ਦੀ ਹੋਰ ਵਿਆਖਿਆਂ ਕਰਦਿਆਂ ਮੰਡੇਰ ਸਪੱਸ਼ਟ ਕਰਦਾ ਹੈ ਕਿ ਇਤਿਹਾਸਵਾਦ ਪ੍ਰਤੀ ਉਲਾਰ ਵਿੱਚੋਂ ਧਰਮ ਨੂੰ ਸਿੱਧੜ ਜਿਹੇ ਤਰੀਕੇ ਨਾਲ ਨਕਾਰਨ ਵਾਲੇ ਪੈਂਤੜੇ ਨੇ ਅਸਲ ਵਿੱਚ ਉਸੇ ਹੇਗਲਵਾਦ ਨੂੰ ਮੁੜ ਸਥਾਪਤ ਕਰ ਦਿੱਤਾ ਜਿਸ ਦੀ ਜੜ੍ਹ ਪੁੱਟਣ ਦਾ ਇਸਨੇ ਤਹੱਈਆ ਕੀਤਾ ਸੀ। ਮੰਡੇਰ ਹੋਰ ਦੱਸਦਾ ਹੈ ਕਿ ਇਹ ਖਿਆਲ ਕਿ ਇਤਿਹਾਸਵਾਦ ਆਪਣੇ ਆਪ ਵਿੱਚ ਉੱਤਰ-ਬਸਤੀਵਾਦੀ ਧਿਰ ਬਾਰੇ ਵਿਚਾਰ ਦੇ ਸਹੀ ਤੱਤ ਮੁਹੱਈਆ ਕਰਵਾ ਸਕਦਾ ਹੈ ਕਈ ਅਹਿਮ ਪਹਿਲੂਆਂ ਨੂੰ ਧਿਆਨ ਵਿੱਚ ਰੱਖਣੋਂ ਪੱਛੜ ਜਾਂਦਾ ਹੈ। ਪਹਿਲਾ, ਕਿ ਉਪਰੋਕਤ ਆਲੋਚਨਾਤਮਕ ਵਿਸ਼ਲੇਸ਼ਣ ਇਹ ਮੰਨਣੋਂ ਉੱਕ ਜਾਂਦਾ ਹੈ ਕਿ ਹੇਗਲ ਦੇ ਚਿੰਤਨ ਵਿੱਚ ਰਿਲਿਜਨ ਅਤੇ ਇਤਿਹਾਸ ਕਿਸ ਹੱਦ ਤੱਕ ਇੱਕ-ਦੂਜੇ ਵਿੱਚ ਪਰੁੱਚੇ ਹੋਏ ਹਨ। ਦੂਜਾ, ਇਹ ਉਹਨਾਂ ਡੂੰਘੇ ਗਠਜੋੜਾਂ ਨੂੰ ਨਜ਼ਰਅੰਦਾਜ਼ ਕਰਦਾ ਹੈ ਜੋ ਇਤਿਹਾਸਵਾਦ ਦਾ ਵਿਚਾਰ ਦੀ ਇੱਕ ਵੰਨਗੀ ਵਜੋਂ ਹਿੰਦੋਸਤਾਨ ਦੀ ਸਿਆਸੀ ਆਧੁਨਿਕਤਾ ਨਾਲ ਨਾਤਾ ਜੋੜਦਾ ਹੈ—ਸਿਆਸੀ ਆਧੁਨਿਕਤਾ ਜਿਹੜੀ ਕਿ ਜਿੰਨੀ ਕੁ ਸੈਕੂਲਰ ਹੈ ਓਨੀ ਹੀ ਧਾਰਮਿਕ ਵੀ ਹੈ। ਤੀਜਾ, ਹਿਊਮੈਨੀਟੀਜ਼ ਅਤੇ ਸਮਾਜ ਵਿਗਿਆਨਾਂ ਦਰਮਿਆਨ ਸੱਭਿਆਚਾਰਕ ਪਛਾਣ ਦਾ ਸੰਕਟ, ਜਿਹੜਾ ਕਿ ਧਰਮ ਅਤੇ ਇਤਿਹਾਸਵਾਦ ਵਿੱਚਲੇ ਕਦੇ ਨਾ ਮੁੱਕਣ ਵਾਲੇ ਵਿਰੋਧ ਦੁਆਲੇ ਘੁੰਮਦਾ ਹੈ।ਮੰਡੇਰ, ਉਪਰੋਕਤ ਪਹਿਲੂਆਂ ਦੀ ਰੋਸ਼ਨੀ ਵਿੱਚ, ਦੱਸਦਾ ਹੈ ਕਿ ਹੇਗਲ ਦੇ ਧਰਮ ਦੇ ਫਲਸਫੇ 'ਤੇ ਵਿਖਿਆਨ (Lectures on Philosophy of Religion) ਉਸਦੇ ਤਵਾਰੀਖੀ ਫਲਸਫੇ 'ਤੇ ਵਿਖਿਆਨ (Lectures on Philosophy of History) ਨਾਲੋਂ ਵਧੇਰੇ ਅਹਿਮੀਅਤ ਰੱਖਦੇ ਹਨ। ਮੰਡੇਰ ਇਸ ਅਹਿਮੀਅਤ ਦੇ ਦੋ ਮੁੱਖ ਪਹਿਲੂਆਂ ਦੀ ਨਿਸ਼ਾਨਦੇਹੀ ਕਰਦਾ ਹੈ: ੧) ਪੱਛਮ ਦੇ ਹਿੰਦਵਿਗਿਆਨ ਨਾਲ ਸਾਹਮਣੇ ਦੀ ਰੋਸ਼ਨੀ ਵਿੱਚ ਧਰਮ ਅਤੇ ਇਤਿਹਾਸਵਾਦ ਵਿੱਚਲਾ ਰਿਸ਼ਤਾ; ੨) ਸੱਭਿਆਚਾਰਕ ਵੰਨਸੁਵੰਨਤਾਵਾਦ ਦੇ ਮਸਲੇ ਦੇ ਸਬੰਧ ਵਿੱਚ ਥੀਅਰੀ ਦਾ ਸੰਕਟ, ਖਾਸ ਤੌਰ 'ਤੇ ਜਿਵੇਂ ਇਹ ਹਿਊਮੈਨੀਟੀਜ਼ ਦੇ ਮਹਿਕਮਿਆਂ ਦੇ ਸੰਗਠਨ ਵਿੱਚ ਭੂਮਿਕਾ ਨਿਭਾਉਂਦੀ ਹੈ।ਮੰਡੇਰ ਦੱਸਦਾ ਹੈ ਕਿ ਭਾਵੇਂ ਕਿ ਰੋਨਲਡ ਇੰਡਨ, ਗਾਇਤਰੀ ਸਪੀਵਾਕ, ਅਤੇ ਹੁਣੇ ਜਿਹੇ ਫੇਂਗ ਚਿਅਹ ਨੇ ਅਜਿਹੇ ਸੰਕਲਪਕ ਸਾਂਚੇ ਦੀ ਨਿਸ਼ਾਨਦੇਹੀ ਹੇਗਲ ਦੇ ਤਵਾਰੀਖੀ ਫਲਸਫੇ 'ਤੇ ਵਿਖਿਆਨ (Lectures on Philosophy of History) ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਲਿਖਤ ਇਸਦੇ ਬਾਹਰੀ ਖਾਕੇ ਨੂੰ ਹੀ ਉਜਾਗਰ ਕਰਦੀ ਹੈ। ਇਸਦਾ ਅੰਦਰਲਾ ਤਾਣਾ-ਬਾਣਾ ਗੁੱਝਾ ਹੀ ਰਹਿੰਦਾ ਹੈ। ਮੰਡੇਰ ਮੁਤਾਬਕ ਧਰਮ ਦੇ ਫਲਸਫੇ 'ਤੇ ਵਿਖਿਆ (Lectures on Philosophy of Religion) ਵਿੱਚ ਹੇਗਲ ਕਾਇਨਾਤੀ ਤੋਂ ਖਸੂਸੀ ਦੇ ਪਲਟਾਅ ਦੇ ਮਸਲੇ ਨੂੰ ਧਰਮ ਅਤੇ ਇਤਿਹਾਸ ਵਿੱਚਲੇ ਪਾਰਦਰਸ਼ੀ ਨਾਤੇ ਦੇ ਤੌਰ 'ਤੇ ਗੁੰਦਣ ਦਾ ਜਤਨ ਕਰਦਾ ਦੀਂਹਦਾ ਹੈ। ਹਿਊਮੈਨਿਟੀਜ਼ ਵਿੱਚ ਭਾਰੂ ਬਿਰਤਾਂਤਾਂ ਵੱਲੋਂ ਅਸਲੋਂ ਹੀ ਅੱਖੋਂ-ਪਰੋਖੇ ਕੀਤੇ ਜਾਣ ਦੇ ਬਾਵਜੂਦ ਹਿੰਦਵਿਗਿਆਨ ਦਾ ਬਿਰਤਾਂਤ ਉਨ੍ਹੀਂਵੀਂ ਸਦੀ ਵਿੱਚ ਧਰਮ ਅਤੇ ਇਤਿਹਾਸ ਦੇ ਪੁਨਰ-ਸੰਬੋਧਣ ਨਾਲ਼ ਕਰੀਬੀ ਨਾਤਾ ਰੱਖਦਾ ਹੈ।

ਇਸ ਤਰਾਂ ਸਪੱਸ਼ਟ ਹੈ ਕਿ ਮੰਡੇਰ ਹੇਗਲ ਦੇ ਉੱਤਰਬਸਤੀਵਾਦੀ ਚਿੰਤਕਾਂ ਵੱਲੋਂ ਪੇਸ਼ ਕੀਤੇ ਗਏ ਅਲੋਚਨਾਤਮਕ ਵਿਸ਼ਲੇਸ਼ਣ ਵਿੱਚ ਡੂੰਘੀਆਂ ਵਿਰਲਾਂ ਦੀ ਨਿਸ਼ਾਨਦੇਹੀ ਕਰਦਾ ਹੋਇਆ, ਉੱਤਰਬਸਤੀਵਾਦੀ ਚਿੰਤਨ ਅੰਦਰਲੇ ਗੰਭੀਰ ਸੰਕਟ ਦੀ ਨਿਸ਼ਾਨਦੇਹੀ ਕਰਦਾ ਹੈ। ਹੇਗਲ ਦੀ ਇਸ ਖੇਤਰ ਵਿੱਚ ਅਣਗੌਲੀ ਲਿਖਤ ਧਰਮ ਦੇ ਫਲਸਫੇ 'ਤੇ ਵਿਖਿਆਨ (Lectures on Philosophy of Religion) ਦੇ ਹਵਾਲੇ ਨਾਲ ਮੰਡੇਰ ਆਪਣੇ ਵੱਲੋਂ ਕੀਤੇ ਹੇਗਲ ਦੇ ਆਲੋਚਨਾਤਮਕ ਵਿਸ਼ਲੇਸ਼ਣ ਨੂੰ ਨਾ ਸਿਰਫ ਇੱਕ ਨਵੇਂ ਅਤੇ ਅਤਿ ਮਹੱਤਵਪੂਰਨ ਸੰਦਰਭ ਵਿੱਚ ਸਗੋਂ ਇੱਕ ਵੱਖਰੀ ਸੂਖਮਤਾ ਵਿੱਚ ਵੀ ਪੇਸ਼ ਕਰਦਾ ਹੈ। ਇਸ ਦੇ ਨਾਲ ਹੀ ਮੰਡੇਰ ਵੱਲੋਂ ਇਸ ਪਹਿਲੂ ਨੂੰ ਉਜਾਗਰ ਕਰਨ ਨਾਲ਼ ਉੱਤਰਬਸਤੀਵਾਦੀ ਬਿਰਤਾਂਤ ਦੇ ਵਿੱਚੇ-ਵਿੱਚ ਪਨਪ ਰਹੇ ਭਾਰਤੀ ਸਾਮਰਾਜਵਾਦ ਦੀਆਂ ਮਹੀਨ ਤੰਦਾਂ ਦੀ ਵੀ ਨਿਸ਼ਾਨਦੇਹੀ ਹੁੰਦੀ ਹੈ। ਕਿਉਂਕਿ ਸੈਕੂਲਰ ਇਤਿਹਾਸਵਾਦੀ ਨੁਕਤਾਨਿਗਾਹ ਤਹਿਤ ਜਦੋਂ ਧਰਮ ਨੂੰ ਹੀ ਹਾਸ਼ੀਏ 'ਤੇ ਪਾ ਦਿੱਤਾ ਜਾਂਦਾ ਹੈ ਤਾਂ ਸੈਕੂਲਰ ਭਾਰਤੀ ਕੌਮਵਾਦ ਦੇ ਗ਼ਲਬੇ ਖਿਲਾਫ ਆਪਣੀ ਨਿਆਰੀ ਹਸਤੀ ਲਈ ਲੜ ਰਹੀਆਂ ਧਿਰਾਂ, ਖਾਸ ਤੌਰ 'ਤੇ ਸਿੱਖਾਂ ਵਰਗੀਆਂ ਧਾਰਮਿਕ ਘੱਟ ਗਿਣਤੀਆਂ ਲਈ, ਧਰਮ ਦੁਆਲੇ ਉਸਰੇ ਆਪਣੇ ਜਹਾਨ ਨੂੰ ਦਰਪੇਸ਼ ਚੁਣੌਤੀਆਂ ਨਾਲ ਜੁੜੇ ਸਰੋਕਾਰ ਸਾਂਝੇ ਕਰਨ ਲਈ ਥਹੁ-ਟਿਕਾਣਾ ਨਸੀਬ ਨਹੀਂ ਹੁੰਦਾ। ਧਰਮ ਨਾਲ਼ ਜੁੜੇ ਹਰ ਸਰੋਕਾਰ ਨੂੰ ਮੂਲਵਾਦੀ ਜਾਂ ਕੱਟੜਵਾਦੀ ਗਰਦਾਨ ਕੇ ਨਕਾਰ ਦਿੱਤਾ ਜਾਂਦਾ ਹੈ। ਇਸ ਲਈ ਮੰਡੇਰ ਵੱਲੋਂ ਉਜਾਗਰ ਕੀਤੀ ਇਸ ਪਹਿਲੂ ਦੀ ਅਹਿਮੀਅਤ, ਵਡੇਰੇ ਪ੍ਰਸੰਗ ਵਿੱਚ ਇੱਕ ਅਹਿਮ ਦੇਣ ਹੋਣ ਦੇ ਬਾਵਜੂਦ, ਸਿੱਖਾਂ ਲਈ ਖਾਸ ਮਹੱਤਵ ਰੱਖਦੀ ਹੈ।

ਇਸ ਸਭ ਕੁੱਝ ਦੇ ਬਾਵਜੂਦ ਜਦੋਂ ਢਿੱਲੋਂ ਵਰਗੇ ਬੰਦੇ ਮੰਡੇਰ ਨੂੰ ਹੇਗਲ ਅਤੇ ਉਸਦੇ ਸਾਮਰਾਜੀ ਏਜੰਡੇ ਦੀ ਪੈਰਵਾਈ ਕਰਦਾ ਵਿਖਾਉਂਦੇ ਹਨ, ਤਾਂ ਗੱਲ ਹਾਸੋਹੀਣੀ ਤਾਂ ਹੈ ਹੀ ਪਰ ਦੁਖਾਂਤਕ ਜ਼ਿਆਦਾ ਲੱਗਦੀ ਹੈ। ਵੇਖਣ ਦੀ ਲੋੜ ਹੈ ਕਿ ਇਹ ਢਿੱਲੋਂ ਦੀ ਇਸ ਕਿਤਾਬ ਨੂੰ ਪੜ੍ਹ ਸਕਣ ਦੀ ਅਸਮਰੱਥਾ ਹੈ ਜਾਂ ਗੱਲ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੀ ਬੇਈਮਾਨੀ? ਅਸਲ ਵਿੱਚ ਇਹ ਦੋਵੇਂ ਗੱਲਾਂ ਸਹੀ ਹਨ। ਢਿੱਲੋਂ ਨੂੰ ਥਹੁ-ਪਤਾ ਵੀ ਕੋਈ ਨਹੀਂ ਤੇ ਉਸਨੇ ਆਪਣੀ ਮਨ-ਮਰਜ਼ੀ ਦੇ ਸਿੱਟੇ ਵੀ ਕੱਢੇ ਹਨ। ਕਿਸੇ ਜ਼ਾਬਤੇ ਵਿੱਚ ਰਹਿ ਕੇ ਹਾਸਲ ਕੀਤੀ ਬੁਨਿਆਦੀ ਸਿਖਲਾਈ ਤੋਂ ਬਿਨਾਂ, ਐਧਰੋਂ-ਓਧਰੋਂ ਸੁਣ-ਸੁਣਾ ਕੇ, ਜਾਂ ਫਿਰ ਇਤਿਹਾਸ ਦੀਆਂ ਤਰੀਕਾਂ ਚੇਤੇ ਕਰਕੇ, ਜਦੋਂ ਲੋਕ ਵਿਦਵਾਨ ਬਣ ਬਹਿੰਦੇ ਹਨ, ਤੇ ਇਸ ਖੇਤਰ 'ਤੇ ਕਿਸੇ ਵੀ ਕੀਮਤ 'ਤੇ ਕਬਜ਼ਾ ਜਮਾਈ ਰੱਖਣਾ ਆਪਣਾ ਹੱਕ ਸਮਝਦੇ ਹਨ, ਤਾਂ ਫਿਰ ਇਹੀ ਕੁਛ ਹੋਣਾ ਹੈ।

ਢਿੱਲੋਂ ਨੇ ਹੋਰ ਦੋਸ਼ ਮੜ੍ਹਿਆ ਹੈ ਕਿ ਕਿ ਮੰਡੇਰ ਕਹਿੰਦਾ ਹੈ ਕਿ ਸਿੱਖਾਂ ਦੀ ਕੋਈ ਸਿਆਸੀ ਪ੍ਰਭੂਸੱਤਾ ਨਹੀਂ ਹੋਣੀ ਚਾਹੀਦੀ:  “He states, "Sikhism must revert to its original peaceful state.  True Sikhism is without a desire for sovereignty, a Sikhism that has already renounced politics through interiorization". (page 388)” 

ਇਸ ਹਵਾਲੇ ਦੀ ਪੜਚੋਲ ਲਈ ਮੰਡੇਰ ਦੀ ਕਿਤਾਬ 'ਤੇ ਨਿਗ੍ਹਾ ਮਾਰਦੇ ਹਾਂ। ਮੰਡੇਰ ਦੀ ਉਪਰੋਕਤ ਟਿੱਪਣੀ ਨੂੰ, ਜੋ ਕਿ ਢਿੱਲੋਂ ਨੇ ਕੱਟ-ਵੱਢ ਕੇ ਆਪਣੀ ਲੋੜ ਮੂਜਬ ਵਰਤੀ ਹੈ, ਇਸ ਦੇ ਸਹੀ ਸੰਦਰਭ ਵਿੱਚ ਸਮਝਣ ਦੀ ਲੋੜ ਹੈ:

In practice the ideology of humanism translates itself into accomodational politics of liberal democracy, whose coercions are concealed in illusions of individual sovereignty and governed by metaphysical oppositions (public/private, religion/secular) where religion is an interior private affair and must cede to the rule of Law. This ideology finds its most powerful theoretical expression in the writings of Hegel, who anticipated its colonial and liberal multiculturalist forms. We can see how this works in the case of modern Sikhism. Since the Sikh subject has been determined as an essentially religious subject, then any aspiration that Sikhs have for political expression or subjectivity is necessarily a deviation from its religious nature. In order to reside in a pluralist multicultural society, Sikh subjectivity must conform to the rule of the state. Any deviancy in the form of political action must be subject to correction. In other words, Sikhism must revert to its “original,” “peaceful” state. “True” Sikhism is a Sikhism without a desire for sovereignty, a Sikhism that has already renounced politics through the interiorization of Law. (p. 388)

ਹੇਠਾਂ ਇਸ ਦਲੀਲ ਨੂੰ ਸਪੱਸ਼ਟ ਕਰਨ ਵਾਲੇ ਮੰਡੇਰ ਦੇ ਪੂਰੇ ਬਿਆਨ ਦਾ ਪੰਜਾਬੀ ਤਰਜਮਾ ਹਾਜ਼ਰ ਹੈ:

"ਅਮਲ ਵਿੱਚ ਮਨੁੱਖਵਾਦ ਦੀ ਵਿਚਾਰਧਾਰਾ ਆਪਣੇ ਆਪ ਨੂੰ ਉਦਾਰ ਜਮਹੂਰੀਅਤ ਦੀ ਰਲੇਵੇਂ ਵਾਲ਼ੀ ਸਿਆਸਤ ਵਿੱਚ ਉਲਥਾਉਂਦੀ ਹੈ, ਜਿਸਦੀਆਂ ਜ਼ੋਰਾਵਰੀਆਂ ਸ਼ਖਸੀ ਪ੍ਰਭੂਸੱਤਾ ਦੇ ਭਰਮਾਂ ਵਿੱਚ ਲੁਕੀਆਂ ਹੋਈਆਂ ਹਨ ਅਤੇ ਮੈਟਾਫਿਜ਼ੀਕਲ ਵਿਰੋਧਤਾਈਆਂ (ਜਨਤਕ/ਨਿੱਜੀ, ਧਰਮ/ਸੈਕੂਲਰ) ਰਾਹੀਂ ਚੱਲਦੀਆਂ ਹਨ ਜਿੱਥੇ ਧਰਮ ਇੱਕ ਅੰਦਰੂਨੀ ਨਿੱਜੀ ਮਾਮਲਾ ਹੈ ਤੇ ਹਰ ਹਾਲਤ ਕਾਨੂੰਨ ਦੀ ਜ਼ੱਦ ਹੇਠ ਆਉਣਾ ਚਾਹੀਦਾ ਹੈ। ਇਹ ਵਿਚਾਰਧਾਰਾ ਆਪਣਾ ਸਭ ਤੋਂ ਤਾਕਤਵਰ ਸਿਧਾਂਤਕ ਮੁਹਾਵਰਾ ਹੇਗਲ ਦੀਆਂ ਲਿਖਤਾਂ 'ਚੋਂ ਹਾਸਲ ਕਰਦੀ ਹੈ, ਜੀਹਨੇ ਕਿ ਇਸਦੇ ਬਸਤੀਵਾਦੀ ਅਤੇ ਉਦਾਰ ਬਹੁਸੱਭਿਆਚਾਰਵਾਦੀ ਰੂਪ ਚਿਤਵ ਲਏ ਸਨ। ਜਦੋਂ ਸਿੱਖ ਰੱਈਅਤ ਨੂੰ ਖਾਸ ਤੌਰ 'ਤੇ ਰਿਲੀਜਿਅਸ (ਧਾਰਮਿਕ ਨਹੀਂ) ਰੱਈਅਤ ਮਿੱਥ ਲਿਆ ਗਿਆ, ਤਾਂ ਫਿਰ ਸਿੱਖਾਂ ਦੀ ਸਿਆਸੀ ਆਵਾਜ਼ ਜਾਂ ਸਿਆਸੀ ਅੰਤਰਮੁਖਤਾ ਵਾਸਤੇ ਕੋਈ ਵੀ ਤਾਂਘ ਪੱਕੇ ਤੌਰ ਤੇ ਇਸ ਰੱਈਅਤ ਦੀ ਆਪਣੀ ਰਿਲੀਜਿਅਸ ਤਬੀਅਤ ਤੋਂ ਲਾਂਭੇ ਜਾਣ ਵਾਲ਼ੀ ਗੱਲ ਬਣ ਗਈ। ਇੱਕ ਬਹੁਸੱਭਿਆਚਾਰੀ ਸਮਾਜ ਵਿੱਚ ਰਹਿਣ ਲਈ, ਸਿੱਖਾਂ ਸਿਰ ਇਹ ਸ਼ਰਤ ਮੜ੍ਹੀ ਗਈ ਕਿ ਉਹ ਰਾਜਸੱਤਾ ਦੇ ਅਨੁਸਾਰੀ ਹੋ ਕੇ ਚੱਲਣ। ਸਿਆਸੀ ਅਮਲ ਦੇ ਰੂਪ ਵਿੱਚ ਕੋਈ ਵੀ ਉਲੰਘਣਾ ਤਾੜਨਾ ਦੀ ਹੱਕਦਾਰ ਹੈ। ਦੂਜੇ ਸ਼ਬਦਾਂ ਵਿੱਚ, ਸਿੱਖੀ ਹਰ ਹਾਲਤ ਵਿੱਚ ਆਪਣੇ "ਮੂਲ," "ਅਮਨਪਸੰਦ" ਖਾਸੇ ਵੱਲ ਮੋੜਾ ਪਾਵੇ। "ਸੱਚੀ" ਸਿੱਖੀ, ਸਿਰਤਾਜਗੀ ਦੀ ਤਾਂਘ ਨਾ ਰੱਖਣ ਵਾਲ਼ੀ ਸਿੱਖੀ ਹੈ, ਇੱਕ ਸਿੱਖੀ ਜੀਹਨੇ ਆਪਣੇ ਆਪ ਨੂੰ ਕਾਨੂੰਨ ਵਿੱਚ ਢਾਲ਼ ਕੇ ਸਿਆਸਤ ਪਹਿਲਾਂ ਹੀ ਤੱਜ ਦਿੱਤੀ ਹੈ।" (ਮੰਡੇਰ, ੨੦੦੯, ੩੮੮)

ਪਾਠਕ ਵੇਖ ਸਕਦੇ ਹਨ ਕਿ ਮੰਡੇਰ ਅਸਲ ਵਿੱਚ ਸਿੱਖੀ ਦੀ ਗੱਲ ਨਹੀਂ ਕਰ ਰਿਹਾ, ਸਗੋਂ ਧਰਮ ਦੇ ਨਵੇਂ ਸੰਬੋਧੀਕਰਨ (conceptualization) ਦੀ ਗੱਲ ਕਰ ਰਿਹਾ ਹੈ। ਧਰਮ ਦੀ ਇਹ ਨਵੀਂ ਪ੍ਰੀਭਾਸ਼ਾ ਬਸਤੀਵਾਦੀ ਹਾਕਮ, ਅੰਗਰੇਜ਼ਾਂ ਵੱਲੋਂ ਜਬਰਨ ਸਿੱਖਾਂ ਸਿਰ ਮੜ੍ਹੀ ਗਈ। ਧਰਮ ਦੀ ਇਸ ਧਾਰਨਾ ਪਿੱਛੇ ਇੱਕ ਨੁਕਤਾ ਇਹ ਕੰਮ ਕਰ ਰਿਹਾ ਸੀ ਕਿ ਧਰਮ ਨੂੰ ਲੋਕ ਆਪਣੀ ਨਿੱਜੀ ਜ਼ਿੰਦਗੀ ਤੱਕ ਸੀਮਤ ਕਰਨ। ਆਪੋ ਆਪਣੇ ਘਰੀਂ ਜਿਹੜਾ ਮਰਜ਼ੀ ਪੂਜਾ ਪਾਠ ਕਰਨ। ਪਰ ਧਰਮ ਸਮਾਜ ਦੀ ਰੂਪ ਰੇਖਾ ਉਲੀਕਣ ਦੀ ਕੋਸ਼ਿਸ਼ ਨਾ ਕਰੇ। ਸਮਾਜ ਦੇ ਤਾਣੇ ਬਾਣੇ ਦੀ ਰੂਪ ਰੇਖਾ ਕਾਨੂੰਨ ਉਲੀਕੇ। ਧਰਮ ਵੀ ਕਾਨੂੰਨੀ ਢਾਂਚੇ ਦਾ ਮਤਹਿਤ ਹੋ ਕੇ ਚੱਲੇ। ਮੰਡੇਰ ਸਪੱਸ਼ਟ ਕਰਦਾ ਹੈ ਕਿ ਅੰਗਰੇਜ਼ਾਂ ਨੇ ਧਰਮ ਦੀ ਅਜਿਹੀ ਸਮਝ ਵਿਕਸਤ ਕਰਨ ਲਈ ਜਰਮਨ ਫਿਲਾਸਫਰ ਹੇਗਲ ਦੀ ਟੇਕ ਲਈ। ਆਪਣੀ ਗੱਲ ਨੂੰ ਹੋਰ ਸਪੱਸ਼ਟ ਕਰਦਿਆਂ ਮੰਡੇਰ ਦੱਸਦਾ ਹੈ ਕਿ ਅੰਗਰੇਜ਼ ਹਾਕਮਾਂ ਨੇ ਧਰਮ ਪ੍ਰਤੀ ਉਪਰੋਕਤ ਸਮਝ ਜਦੋਂ ਅਮਲੀ ਰੂਪ ਵਿੱਚ ਲਾਗੂ ਕਰ ਦਿੱਤੀ ਤਾਂ ਸਿੱਖ ਇੱਕ ਆਜ਼ਾਦ ਪ੍ਰਭੂਸੱਤਾ ਸੰਪੰਨ ਪੰਥ ਦੀ ਬਜਾਏ ਅੰਗਰੇਜ਼ੀ ਸਾਮਰਾਜ ਦੀ ਪਰਜਾ ਬਣਕੇ ਰਹਿ ਗਏ। ਮੰਡੇਰ ਉਪਰੋਕਤ ਦਲੀਲ ਸਿੱਖ ਪ੍ਰਭੂਸੱਤਾ ਦੇ ਹੱਕ ਵਿੱਚ ਬਣਾ ਰਿਹਾ ਹੈ ਤੇ ਦੱਸ ਰਿਹਾ ਹੈ ਕਿ ਸਿੱਖ ਪ੍ਰਭੂਸੱਤਾ ਅਸਲ ਵਿੱਚ ਸਿੱਖੀ ਦੇ ਸਹੀ ਰੂਪ ਦਾ ਅਨਿੱਖੜਵਾਂ ਅੰਗ ਹੈ। ਅੰਗਰੇਜ਼ ਨੇ ਆਪਣੇ ਹਕੂਮਤੀ ਦਾਬੇ ਤਹਿਤ ਸਿੱਖੀ ਦੀ ਅਸਲ ਪ੍ਰੀਭਾਸ਼ਾ ਬਦਲੀ, ਇਸਨੂੰ Sikhism ਦਾ ਰੂਪ ਦਿੱਤਾ ਤਾਂ, ਸਿੱਟੇ ਵਜੋਂ, ਸਿੱਖ ਅੰਗਰੇਜ਼ਾਂ ਦੇ ਮਤਹਿਤ ਬਣਕੇ ਰਹਿ ਗਏ। ਇਹੀ ਵਜ੍ਹਾ ਹੈ ਕਿ ਉਪਰੋਕਤ ਹਵਾਲੇ ਵਿੱਚ ਮੰਡੇਰ ਕੁੱਝ ਸ਼ਬਦਾਂ, "ਮੂਲ," "ਅਮਨਪਸੰਦ", ਅਤੇ "ਸੱਚਾ" ਆਦਿਕ  ਨੂੰ ਪੁੱਠੇ ਕੌਮਿਆਂ ਵਿੱਚ ਰੱਖਕੇ ਉਨ੍ਹਾਂ ਦਾ ਜ਼ਿਕਰ ਤਨਜ਼ੀ ਲਹਿਜੇ ਵਿੱਚ ਕਰਦਾ ਹੈ। ਕੀ ਐਨੀਆਂ ਸਿੱਧੀਆਂ ਗੱਲਾਂ ਸਪੱਸ਼ਟ ਕਰਕੇ ਸਮਝਾਉਣ ਦੀ ਲੋੜ ਹੈ? ਕੀ ਇਹ ਦੱਸਣ ਦੀ ਲੋੜ ਹੈ ਕਿ ਇਸਦਾ ਭਾਵ ਹੈ ਕਿ ਮੰਡੇਰ ਆਪਣੇ ਨਹੀਂ ਅੰਗਰੇਜ਼ਾਂ ਦੇ ਵਿਚਾਰ ਪੇਸ਼ ਕਰ ਰਿਹਾ ਜਿਨ੍ਹਾਂ ਨੂੰ ਕਿ ਉਹ ਬੇਤੁਕੇ ਸਮਝਦਾ ਹੈ? ਪਰ ਢਿੱਲੋਂ ਸਾਹਿਬ ਨੇ ਨਾ ਸਿਰਫ ਹਵਾਲੇ ਨੂੰ ਉਸ ਦੇ ਸੰਦਰਭ 'ਚੋਂ ਬਾਹਰ ਕੱਢ ਕੇ ਵਰਤਿਆ ਸਗੋਂ ਇਹ ਪੁੱਠੇ ਕੌਮੇ ਵੀ ਹਟਾ ਦਿੱਤੇ। ਹੋਰ ਤਾਂ ਹੋਰ, ਗੱਲ ਨੂੰ ਆਪਣੀ ਸਹੂਲਤ ਅਨੁਸਾਰ ਤੋੜ-ਮਰੋੜ ਕੇ ਪੇਸ਼ ਕਰਨ ਲਈ ਅਖੀਰਲੀ ਪੰਕਤੀ ਦੇ ਦੋ ਸ਼ਬਦ ਹੀ ਹਟਾ ਦਿੱਤੇ ਜਿਸਨੂੰ ਕਾਨੂੰਨ ਦੀ ਸਰਦਾਰੀ ਵਾਲ਼ਾ ਨੁਕਤਾ ਹੀ ਪਰ੍ਹੇ ਰਹਿ ਗਿਆ। ਜਿੱਥੇ ਮੰਡੇਰ ਸਿੱਖੀ ਦੀ ਪ੍ਰਭੂਸੱਤਾ ਦੇ ਹੱਕ ਵਿੱਚ ਪੱਕੇ-ਪੈਰੀਂ ਖੜ੍ਹਾ ਹੁੰਦਾ ਹੈ, ਢਿੱਲੋਂ ਨੇ ਉਸੇ ਨੂੰ ਮੰਡੇਰ ਵੱਲੋਂ ਸਿੱਖ ਪ੍ਰਭੂਸੱਤਾ ਦੇ ਵਿਰੋਧ ਦਾ ਆਧਾਰ ਬਣਾ ਧਰਿਆ। ਜੇ ਸਮਝ ਨਹੀਂ ਤਾਂ ਘੱਟੋ-ਘੱਟ ਬੰਦੇ ਦਾ ਕੋਈ ਸਵੈਮਾਣ ਤਾਂ ਹੋਵੇ। ਦੂਜਿਆਂ ਦੀ ਨਹੀਂ, ਆਪਣੀ ਇੱਜ਼ਤ ਦਾ ਖਿਆਲ ਰੱਖਣ ਜੋਗੀ ਸੋਝੀ ਤਾਂ ਹੋਵੇ।

ਇਸੇ ਤਰਾਂ ਢਿੱਲੋਂ ਨੂੰ ਮੰਡੇਰ ਦੇ ਸ਼ਬਦ ਗੁਰੂ ਪ੍ਰਤੀ ਵਿਚਾਰਾਂ ਤੇ ਇਤਰਾਜ਼ ਹੈ, ਜਦੋਂ ਕਿ ਮੰਡੇਰ ਉੱਥੇ ਵੀ ਸ਼ਬਦ ਗੁਰੂ ਦੀ ਪ੍ਰਭੂਸੱਤਾ ਸੰਪੰਨ ਹਸਤੀ ਦੀ ਗੱਲ ਕਰਦਾ ਹੈ ਜਿਸ ਵਿੱਚ ਇੱਕੋ ਵੇਲ਼ੇ ਖਾਲਸੇ ਦੀ ਰਹਿਤਵਾਨ ਹਸਤੀ ਦੀ ਵੀ ਪੁਸ਼ਟੀ ਹੈ 'ਤੇ ਸਿੱਖਾਂ ਦਾ ਰਿਲੀਜਨ (ਧਰਮ ਨਹੀਂ) ਬਣਨ ਨਾਲ਼ ਪ੍ਰਤੀਰੋਧ ਵੀ।

ਢਿੱਲੋਂ ਦਾ ਅਗਲਾ ਵੱਡਾ ਇਤਰਾਜ਼ ਹੈ ਕਿ ਮੰਡੇਰ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਦੇ ਨੌਂ ਗੁਰੂ ਸਾਹਿਬਾਨ ਦੇ ਸਰੂਪ ਨੂੰ ਘਟਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਬੰਧ ਵਿੱਚ ਢਿੱਲੋਂ ਜਿਹੜਾ ਸ਼ਬਦ, "weaker" ਜਾਂ "ਕਮਜ਼ੋਰ" ਮੰਡੇਰ ਦਾ ਮੂੰਹ ਵਿੱਚ ਪਾਉਂਦਾ ਹੈ, ਉਹ ਬਿਨਾਂ ਸ਼ੱਕ ਬੇਅਦਬੀ ਵਾਲ਼ਾ ਹੈ, ਕਿਸੇ ਵੀ ਸਿੱਖ ਲਈ ਬੇਹੱਦ ਇਤਰਾਜ਼ਯੋਗ ਹੈ ਤੇ ਸਰਾਸਰ ਗਲਤ ਹੈ। ਪਰ ਮੰਡੇਰ ਦੀ ਕਿਤਾਬ ਦੇ ਹਵਾਲੇ ਨਾਲ਼ ਵੇਖੀਏ ਤਾਂ ਗੱਲ ਕੁੱਝ ਹੋਰ ਹੀ ਨਿੱਕਲ਼ਦੀ ਹੈ। ਪਾਠਕਾਂ ਦੀ ਜਾਣਕਾਰੀ ਲਈ ਪੂਰਾ ਹਵਾਲਾ ਪੇਸ਼ ਹੈ:

McLeod’s narrative utilizes a form of mimesis that is foundational to a conceptualization of religion as sui generis. According to this narrative, the origin  of Sikhism can be located within the religious experience of its founder, Guru Nanak. During Nanak’s own lifetime the quality of that original experience, and the degree to which his followers could participate in the interiority of that experience through nam simaran and thereby exclude all externalities, determines the nature of early Nanak Panth. As we pass from Nanak to his successors, however, the quality of the original experience becomes diluted, and is further weakened by the active involvement of later Gurus in practical affairs and worldly politics. By the time we get to the Khalsa (two centuries after Guru Nanak’s death) the original experience has been well and truly corrupted. According to this mode of interpretation, only Nanak and the members of the early Nanak-panth remained true to the Sant ideal and therefore be described as truly religious. Accordingly, the Gurus who came after Nanak can only have been imitations or weaker copies of the original.  (Mandair 2009, 254-255)

ਇੱਥੇ ਵੀ ਇਮਾਨਦਾਰੀ ਦਾ ਤਕਾਜ਼ਾ ਐਨਾ ਕੁ ਹੈ ਕਿ ਢਿੱਲੋਂ ਨੇ ਦੱਸਣਾ ਵੀ ਜ਼ਰੂਰੀ ਨਹੀਂ ਸਮਝਿਆ ਕਿ ਮੰਡੇਰ ਨੇ ਗੱਲ ਮੈਕਲਾਉਡ ਦਾ ਸਪੱਸ਼ਟ ਜ਼ਿਕਰ ਕਰਦੇ ਹੋਏ ਸ਼ੁਰੂ ਕੀਤੀ ਹੈ, ਕੋਈ ਆਪਣੇ ਵੱਲੋਂ ਵੱਖਰੀ ਟਿੱਪਣੀ ਨਹੀਂ ਕੀਤੀ। ਮੰਡੇਰ ਸਪੱਸ਼ਟ ਤੌਰ 'ਤੇ ਕਹਿ ਰਿਹਾ ਹੈ ਕਿ ਮੈਕਲਾਉਡ ਨੇ ਸਿੱਖੀ ਨੂੰ ਜਿਸ ਸਾਂਚੇ ਵਿੱਚ ਢਾਲ਼ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਉਸ ਮੁਤਾਬਕ ਗੁਰੂ ਨਾਨਕ ਸਾਹਿਬ ਅਤੇ ਬਾਕੀ ਗੁਰੂ ਸਾਹਿਬਾਨ ਵਿੱਚ ਫਰਕ ਵਿਖਾਇਆ ਜਾਂਦਾ ਹੈ। ਮੰਡੇਰ ਇਸ ਖਿਆਲ ਨਾਲ ਸਹਿਮਤੀ ਬਿਲਕੁਲ ਨਹੀਂ ਜ਼ਾਹਰ ਕਰ ਰਿਹਾ। ਇਹ ਜ਼ਰੂਰ ਹੈ ਕਿ ਉਹ ਮੈਕਲਾਉਡ ਵੱਲੋਂ ਕੱਢੇ ਗਏ ਸਿੱਟਿਆਂ 'ਤੇ ਸਿੱਧੀ ਟਿੱਪਣੀ ਕਰਨ ਤੋਂ ਪਹਿਲਾਂ, ਉਹਨਾਂ ਸਿੱਟਿਆਂ ਦੀ ਬੁਨਿਆਦ ਦਾ ਆਲੋਚਨਾਤਮਕ ਵਿਸ਼ਲੇਸ਼ਣ ਪੇਸ਼ ਕਰਦਾ ਹੈ। ਮੰਡੇਰ ਦਾ ਭਾਵ ਹੈ ਕਿ ਗੁਰੂ ਨਾਨਕ ਸਾਹਿਬ ਸਿੱਖੀ ਦੇ ਪੈਦਾ ਹੋਣ ਦੇ ਅਜਿਹੇ ਕੇਂਦਰ ਨਹੀਂ ਜਿਹਨਾਂ ਨੂੰ ਇਤਿਹਾਸ ਦੇ ਕਿਸੇ ਬੀਤ ਚੁੱਕੇ ਦੌਰ ਤੱਕ ਸੀਮਤ ਕੀਤਾ ਜਾ ਸਕਦਾ ਹੈ। ਮੈਕਲਾਉਡ ਕਹਿ ਰਿਹਾ ਹੈ ਕਿ ਗੁਰੂ ਨਾਨਕ ਸਾਹਿਬ ਸਿੱਖੀ ਦੀ ਪੈਦਾਇਸ਼ ਦੇ, ਇਤਿਹਾਸ ਵਿੱਚ ਨਿਹਿਤ, ਸਥਿਰ ਬਿੰਦੂ ਦੀ ਨੁਮਾਇੰਦਗੀ ਕਰਦੇ ਹਨ। ਕਾਲ਼ ਦੇ ਹੇਗਲੀ ਸੰਬੋਧ ਦੀ ਪੈਰਵਾਈ ਕਰਦਿਆਂ, ਮੈਕਲਾਉਡ ਇੱਕ ਪਰਪੱਕ ਖਿਣ ਤੋਂ ਤੁਰੇ ਇਤਿਹਾਸ ਦੇ ਅਗਲੇ ਦੌਰਾਂ ਨੂੰ ਨਿਵਾਣ ਵੱਲ ਜਾਂਦੇ ਵਿਖਾਉਂਦਾ ਹੈ। ਇਸ ਦੇ ਉਲ਼ਟ ਮੰਡੇਰ ਦੀ ਪਹੁੰਚ ਮੁਤਾਬਕ, ਦਸ ਗੁਰੁ ਸਾਹਿਬਾਨ, ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੁ ਨਾਨਕ ਸਾਹਿਬ ਦੀ ਉਸੇ ਪੂਰਨਤਾ ਦੇ ਲਖਾਇਕ ਹਨ। ਕਾਲ਼ ਅਤੇ ਇਤਿਹਾਸ ਦੋਹਾਂ ਪ੍ਰਤੀ ਵੱਖਰੀ ਪਹੁੰਚ ਅਪਣਾਉਂਦਿਆਂ ਮੰਡੇਰ ਨੇ ਕਾਲ਼ ਦੇ ਹੇਗਲੀ ਸੰਬੋਧ ਦੀ ਵਿਰਚਨਾ ਕੀਤੀ ਹੈ। ਅਜਿਹਾ ਕਰਨਾ ਮੰਡੇਰ ਦੀ ਘਾਟ ਨਹੀਂ, ਵਡਿਆਈ ਹੈ। ਢਿੱਲੋਂ ਲਈ ਇਹ ਗੱਲ ਸ਼ਾਇਦ ਜ਼ਿਆਦਾ ਬਾਰੀਕ ਹੈ ਇਸ ਲਈ ਪਕੜ ਵਿੱਚ ਨਹੀਂ ਆਈ।

ਇਸੇ ਤਰਾਂ ਢਿੱਲੋਂ ਨੂੰ ਇੱਕ ਸ਼ਬਦ "Idolatory" (ਬੁੱਤ-ਪੂਜਾ) ਦਿਸ ਜਾਣ ਨਾਲ ਇਹ ਸਿੱਟਾ ਕੱਢਣ ਦਾ ਆਧਾਰ ਮਿਲ਼ ਗਿਆ ਕਿ ਮੰਡੇਰ ਮੂਲ-ਮੰਤਰ ਦੀ ਵਿਆਖਿਆ ਵਿੱਚੋਂ ਬੁੱਤ-ਪ੍ਰਸਤੀ ਨੂੰ ਸਹੀ ਠਹਿਰਾਉਂਦਾ ਹੈ। ਜਦੋਂ ਕਿ ਮੰਡੇਰ ਸਿੰਘ ਸਭਾ ਦੇ ਵਿਦਵਾਨਾਂ ਵੱਲੋਂ ਪੇਸ਼ ਕੀਤੀ ਮੂਲ ਮੰਤਰ ਦੀ ਵਿਆਖਿਆ ਦਾ ਰੁਖ ਨਿਰਧਾਰਤ ਕਰਨ ਵਾਲ਼ੇ ਕਾਲ਼ ਦੇ ਸੰਬੋਧ (concept) ਤੇ ਵਿਚਾਰ ਕਰਦਾ ਹੈ। ਮੰਡੇਰ ਇਸ ਮਸਲੇ ਦੀ ਨਿਸ਼ਾਨਦੇਹੀ ਕਾਲ਼ ਦੀ ਅਰਥਮੂਲਕ ਦੁਬਿਧਾ ਦੇ ਗਿਰਦ ਕਰਦਾ ਹੈ ਜੋ ਕਿ ਇਸ ਦੀ ਅੰਤਰਮੁਖੀ ਤੇ ਬਾਹਰਮੁਖੀ ਪ੍ਰਤੀਤੀ ਤੇ ਨਿਰਭਰ ਕਰਦੀ ਹੈ। ਮੰਡੇਰ ਅਨੁਸਾਰ ਕਾਲ਼ ਦੀ ਅੰਤਰਮੁਖੀ ਪ੍ਰਤੀਤੀ ਇਸਨੂੰ ਸਮੇਂ ਵਜੋਂ, ਜੋ ਭੂਤ, ਵਰਤਮਾਨ, ਅਤੇ ਭਵਿੱਖ ਵਿੱਚ ਵੰਡਿਆ ਜਾ ਸਕਦਾ ਹੈ, ਵੇਖਦੀ ਹੈ। ਇਸ ਦ੍ਰਿਸ਼ਟੀ ਤੋਂ ਵੇਖਿਆਂ ਇਹ ਉਹ ਸਮਾਂ ਹੈ ਜਿਵੇਂ ਆਪਾ ਇਸ ਨੂੰ ਵੇਖਦਾ ਹੈ, ਜਾਂ ਜਿਵੇਂ ਆਪਾ ਸਮੇਂ ਦੀ ਹੋਂਦ ਪ੍ਰਤੀ ਯਕੀਨ ਕਰਦਾ ਹੈ। ਇਸੇ ਤਰਾਂ, ਮੰਡੇਰ ਮੁਤਾਬਕ, ਸਮੇਂ ਨੂੰ ਬਾਹਰਮੁਖੀ ਨਜ਼ਰੀਏ ਨਾਲ਼ ਵੇਖਿਆ ਜਾ ਸਕਦਾ ਹੈ, ਜਿਵੇਂ ਕਿ ਜਦੋਂ ਸਮਾਂ ਸਾਡੇ ਆਪੇ ਅੱਗੇ ਆਪਣੇ ਅਖੀਰ ਤੋਂ, ਜਾਂ ਕਹਿ ਲਓ ਅੰਤਮ ਲਕਸ਼ ਵਜੋਂ, ਜ਼ਾਹਰ ਹੁੰਦਾ ਹੈ। ਅੰਤਰਮੁਖੀ ਸਮੇਂ ਦੇ ਅਰਥ ਮੌਤ ਦੇ ਪ੍ਰਸੰਗ ਵਿੱਚ ਕਰਨ ਦੇ ਨੁਕਤੇ ਬਾਰੇ ਆਪਣੇ ਵਿਸ਼ਲੇਸ਼ਣ ਵਿੱਚ ਮੰਡੇਰ ਇਸ ਮਨੁੱਖੀ ਸਮੇਂ ਦੇ ਨਿਖੇਧ ਦੇ ਮੁੱਦੇ ਵੱਲ ਧਿਆਨ ਦੁਆਉਂਦਾ ਹੋਇਆ ਅਕਾਲ ਨੂੰ ਕਾਲ਼ ਦੀ ਉਸ ਪ੍ਰਤੀਤੀ ਦੇ ਸਿੱਧੇ ਨਿਖੇਧ ਵਿੱਚ ਖੜ੍ਹੇ ਕਰਨ ਦਾ ਖਦਸ਼ਾ ਸਾਂਝਾ ਕਰਦਾ ਹੈ ਜਿਸ ਤਹਿਤ ਕਾਲ ਇੱਕ ਹਸਤੀ ਹੈ ਜਿਸਦੀ ਆਪੇ ਵਿੱਚ ਨੁਮਾਇੰਦਗੀ ਹੁੰਦੀ ਹੈ; ਆਪਾ ਜਿਹੜਾ ਕਿ ਸਦਾ ਹੀ, ਪਹਿਲਾਂ ਹੀ, ਆਪਣੇ ਆਪ ਲਈ ਮੌਜੂਦ ਹੈ।ਮੰਡੇਰ ਅਨੁਸਾਰ, ਸਿੰਘ ਸਭਾ ਦੇ ਵਿਦਵਾਨਾਂ ਵੱਲੋਂ ਪ੍ਰੀਭਾਸ਼ਿਤ ਕੀਤੀ ਸਦਾ ਥਿਰ ਰਹਿਣ ਵਾਲੀ ਚੰਗੀ ਹਸਤੀ ਇੱਕ ਸਵੈਮੋਹੀ ਆਪੇ ਦੀ ਪੈਦਾਇਸ਼ ਹੈ ਜੋ ਕਿ ਕਾਲ ਨੂੰ ਸਦਾ ਥਿਰ ਰਹਿਣ ਵਾਲ਼ੇ ਮੈਟਾਫਿਜ਼ੀਕਲ ਰੂਪ ਅੱਗੇ ਨਿਵਾਉਂਦੀ ਹੈ। ਮੰਡੇਰ ਦੇ ਇਸ ਕਥਨ ਸਬੰਧੀ ਵਿਚਾਰ ਬਿਲਕੁਲ ਵੱਖਰੇ ਵੀ ਹੋ ਸਕਦੇ ਹਨ ਪਰ ਇੱਕ ਨੁਕਤੇ ਨਾਲ ਮੇਰੀ ਸਹਿਮਤੀ ਹੈ ਕਿ ਸਿੱਖੀ ਵਿੱਚ ਦਿਸਦੇ ਜਹਾਨ ਜਾਂ ਕਾਲ਼ ਅਤੇ ਅਕਾਲ ਵਿੱਚ ਕੋਈ ਭੇਦ ਨਹੀਂ। ਅਜਿਹਾ ਭੇਦ ਵੇਖਣ ਵਾਲੀ ਕੋਈ ਵੀ ਦ੍ਰਿਸ਼ਟੀ ਸਿੱਖੀ ਦੀ ਦਵੈਤਵਾਦੀ ਵਿਆਖਿਆ ਕਰਦੀ ਹੈ ਜੋ ਕਿ ਮੈਟਾਫਿਜ਼ੀਕਲ ਸੰਕਟ ਵਿੱਚ ਉਲ਼ਝੇ ਹੋਣ ਦਾ ਸੂਚਕ ਹੈ।  ਮੰਡੇਰ ਅਸਲ ਵਿੱਚ ਇਹ ਸਥਾਪਤ ਕਰਦਾ ਹੈ ਕਿ ਕਾਲ਼ ਦਾ ਪੱਛਮੀ, ਅਸਲ ਵਿੱਚ ਹੇਗਲੀ, ਸੰਬੋਧ ਸਿੰਘ ਸਭਾ ਦੌਰ ਦੇ ਵਿਦਵਾਨਾਂ ਅੰਦਰ ਇਸ ਹੱਦ ਤੱਕ ਘਰ ਕਰ ਚੁੱਕਾ ਸੀ ਕਿ ਉਹ ਸਿੱਖੀ ਦਾ ਨਿਆਰਾਪਣ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਪੱਛਮੀ ਪ੍ਰਤੀਤੀਆਂ ਨੂੰ ਮੁੜ-ਮੁੜ ਸਥਾਪਤ ਕਰੀ ਜਾ ਰਹੇ ਸਨ। ਮੰਡੇਰ ਕਹਿੰਦਾ ਹੈ ਬੁੱਤਪ੍ਰਸਤੀ ਤੋਂ ਖਹਿੜਾ ਛੁਡਵਾਉਂਦੇ ਹੋਏ ਸਾਡੇ ਵਿਦਵਾਨ ਬੁੱਤ-ਪ੍ਰਸਤੀ ਦੇ ਬਦਲਵੇਂ ਰੂਪ ਦਾ ਸ਼ਿਕਾਰ ਹੋ ਗਏ। ਦਿਲਚਸਪੀ ਵਾਲ਼ੀ ਗੱਲ ਹੈ ਕਿ ਐਨ ਇਸੇ ਤਰਾਂ ਦੀ ਗੱਲ ਮਹਿਬੂਬ ਸਾਹਿਬ ਕਰਦੇ ਹਨ:

  ਬੁੱਤ ਤੋੜ ਕੇ ਅਸੀਂ ਬੁੱਤਾਂ ਦੇ
  ਯਾਰ ਰਹੇ ਵੇ ਲੋਕਾ।          (ਝਨਾਂ ਦੀ ਰਾਤ, ੭੬੧)

ਪਰ ਗੁਰਦਰਸ਼ਨ ਸਿੰਘ ਢਿੱਲੋਂ ਦੀ ਮੁਸ਼ਕਲ ਹੈ ਕਿ ਉਸਨੂੰ ਨਾ ਤਾਂ ਮਹਿਬੂਬ ਸਾਹਿਬ ਨੂੰ ਪੜ੍ਹਨ ਜੋਗੀ ਪੰਜਾਬੀ ਆਉਂਦੀ ਹੈ, ਨਾ ਮੰਡੇਰ ਨੂੰ ਸਮਝਣ ਜੋਗੀ ਅੰਗਰੇਜ਼ੀ। ਢਿੱਲੋਂ ਨੇ ਨਾ ਸਿਰਫ ਇਹ ਜ਼ਾਹਰ ਕੀਤਾ ਹੈ ਕਿ ਉਸ ਵਿੱਚ ਅਜਿਹੀ ਸੰਜੀਦਾ ਲਿਖਤ ਨੂੰ ਸਮਝ ਸਕਣ ਦੀ ਸਮਰੱਥਾ ਨਹੀਂ, ਸਗੋਂ ਉਸਨੂੰ ਇਹ ਵੀ ਅਹਿਸਾਸ ਨਹੀਂ ਕਿ ਮੰਡੇਰ ਵੱਲੋਂ ਸਾਂਝੇ ਕੀਤੇ ਸਰੋਕਾਰਾਂ ਦੀ ਅਹਿਮੀਅਤ ਕੀ ਹੈ। ਪਰ ਮਸਲਾ ਹੈ ਕਿ ਜੇ ਅਗਲੇ ਨੂੰ ਸਮਝ ਨਹੀਂ ਆਉਂਦੀ ਤਾਂ ਅਗਲਾ ਕੀ ਕਰੇ। ਪ੍ਰੋ: ਗੁਰਤਰਨ ਸਿੰਘ ਦੇ ਹਵਾਲੇ ਨਾਲ਼ ਗੱਲ ਕਰਨੀ ਹੋਵੇ ਤਾਂ ਅਗਲਾ ਕਲਮ ਤੇ ਜ਼ੁਬਾਨ ਦੋਨੋਂ ਬੰਦ ਰੱਖੇ, ਅਗਲੇ ਦੀ ਵੀ ਭਲਾਈ, ਪੰਥ ਦੀ ਵੀ। ਪਰ ਢਿੱਲੋਂ ਕਲਮ ਤੇ ਜ਼ੁਬਾਨ ਬੰਦ ਤਾਂ ਹੀ ਰੱਖਦਾ ਜੇ ਉਸ ਵਿੱਚ ਕੋਈ ਇਮਾਨਦਾਰੀ ਹੁੰਦੀ।

ਮੁੱਕਦੀ ਗੱਲ, ਅਰਵਿੰਦਪਾਲ ਸਿੰਘ ਮੰਡੇਰ ਨੇ ਵੱਡੀ ਘਾਲਣਾ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਕਿਤਾਬ ਸਿੱਖਾਂ ਅਤੇ ਧਰਮ ਅਧਿਐਨ ਦੇ ਸਮੂਹ ਵਿਦਿਆਰਥੀਆਂ ਤੇ ਚਿੰਤਕਾਂ ਦੀ ਝੋਲ਼ੀ ਪਾਈ ਹੈ ਜਿਸਦਾ ਸਵਾਗਤ ਕਰਨਾ ਬਣਦਾ ਹੈ। ਨਾਲ ਹੀ ਮੰਡੇਰ ਦੀ ਅਣਥੱਕ ਮਿਹਨਤ ਤੇ ਪ੍ਰਬੀਨ ਬੌਧਿਕਤਾ ਦੀ ਦਾਦ ਵੀ ਦੇਣੀ ਬਣਦੀ ਹੈ।ਇਸ ਕਿਤਾਬ ਦੀ ਚਿਰਾਂ ਤੋਂ ਲੋੜ ਸੀ। ਮੰਡੇਰ ਨੇ ਪਹਿਲ ਕੀਤੀ ਹੈ, ਇਸ ਦਾ ਸਿਹਰਾ ਸਦਾ ਉਸਦੇ ਸਿਰ ਬੱਝਿਆ ਰਹੇਗਾ ਤੇ ਉਹ ਸਦਾ ਇਸ ਖੇਤਰ ਵਿੱਚ ਮੋਢੀ ਦੇ ਤੌਰ 'ਤੇ ਜਾਣਿਆਂ ਜਾਂਦਾ ਰਹੇਗਾ। ਮੈਂ ਧਰਮ ਅਧਿਐਨ, ਫਲਸਫੇ, ਅਤੇ ਰਾਜਨੀਤੀ ਦੇ ਸਮੂਹ ਸੰਜੀਦਾ ਪਾਠਕਾਂ ਦੀ ਸੇਵਾ ਵਿੱਚ ਨਿਮਰਤਾ ਸਹਿਤ, ਪਰ ਸ਼ਿੱਦਤ ਨਾਲ਼ ਇਸ ਕਿਤਾਬ ਨਾਲ਼ ਸੰਵਾਦ ਵਿੱਚ ਆਉਣ ਦੀ ਬੇਨਤੀ ਕਰਦਾ ਹਾਂ ਕਿਉਂਕਿ ਇਸ ਰਾਹੀਂ ਉਹਨਾਂ ਮੁੱਦਿਆਂ ਬਾਰੇ ਸੰਜੀਦਾ ਵਿਚਾਰ ਦੀ, ਨਵੇਂ ਸਿਰਿਓਂ ਸੋਚਣ ਦੀ, ਸ਼ੁਰੂਆਤ ਹੋਈ ਹੈ ਜੋ ਸਾਡੇ ਸਭਨਾਂ ਲਈ ਵੱਡੀ ਅਹਿਮੀਅਤ ਰੱਖਦੇ ਹਨ।

No comments: