Wednesday, March 05, 2014

ਚੁਰਾਸੀ(ਆਂ) ਦਾ ਗੇੜ

ਪ੍ਰਭਸ਼ਰਨਦੀਪ ਸਿੰਘ


ਪੰਜਾਬ ਟਾਈਮਜ਼ ਵਿੱਚ ਟ੍ਰਾਟਸਕੀ ਬਾਰੇ ਅੰਮ੍ਰਿਤਪਾਲ ਸਿੰਘ ਦਾ ਇੱਕ ਲੰਮਾ ਲੇਖ ਛਪਿਆ ਜਿਸ ਦੇ ਜੁਆਬ ਵਿੱਚ ਜੱਗ ਜਹਾਨ ਤੋਂ ਨਿਆਰੇ ਚਿੰਤਕ ਗੁਰਦਿਆਲ ਬੱਲ ਜੀ ਨੇ ਇੱਕ (ਅ)ਲੇਖ ਲਿਖਿਆ। ਇਸ ਜੁਆਬ ਦੀ ਵਿਲੱਖਣਤਾ ਹੈ ਕਿ ਇਹ ਲੇਖਕ ਵੱਲੋਂ ਅਖਤਿਆਰ ਕੀਤੀ ਗਈ ਸਾਹਿਤ-ਵਿਧਾ, ਜੋ ਖੁਸ਼ਕ, ਉਕਤਾਊ, ਅਤੇ ਇੱਕ ਵਿਸ਼ੇ ਤੱਕ ਸੀਮਤ ਹੈ, ਦੇ ਘੇਰੇ ਤੱਕ ਸੀਮਤ ਰਹਿਣ ਦੀ ਬਜਾਏ, ਆਜ਼ਾਦਾਨਾ ਪ੍ਰਵਾਜ਼ ਲੈਂਦਿਆਂ, ਵਿਖੰਡਨਵਾਦੀ ਪਹੁੰਚ ਰੱਖਦੇ ਹੋਏ, ਵਿਧਾ ਹੀ ਨਵੀਂ ਅਪਣਾ ਲੈਂਦਾ ਹੈ। ਕੀ ਮਜਾਲ ਕਿ ਅਗਲੇ ਵੱਲੋਂ ਅਪਣਾਈ ਸਾਹਿਤ ਵਿਧਾ ਦਾ ਪ੍ਰਛਾਵਾਂ ਵੀ ਬੱਲ ਸਾਹਿਬ ਦੀ ਲੇਖਣੀ ਨੂੰ ਪੋਹ ਸਕੇ। ਇਹ (ਅ)ਲੇਖ ਨਾ ਸਿਰਫ ਸਾਹਿਤ ਰਚਨਾ ਦੀ ਨਵੀਂ ਵਿਧਾ ਹੈ, ਸਗੋਂ ਮਨੁੱਖੀ ਮਨ ਦੀ ਤ੍ਰੈਲੋਕੀ ਤੋਂ ਨਿਆਰੀ, ਚੱਕਰਵਰਤੀ ਅਵਸਥਾ ਨੂੰ ਵੀ ਰੂਪਮਾਨ ਕਰਦਾ ਹੈ। ਸ਼ੁੱਧ ਸੈਕੂਲਰ ਪਹੁੰਚ 'ਚੋਂ ਪੈਦਾ ਹੋਈ ਇਹ ਲਿਖਤ ਵਿਚਾਰਅਧੀਨ ਰਚਨਾ ਨੂੰ ਕੋਈ ਖਾਸ ਮਹੱਤਵ ਦੇਕੇ ਉਸ ਦਾ ਬ੍ਰਾਹਮਣੀਕਰਨ ਕਰਨ ਤੋਂ ਪਰਹੇਜ਼ ਕਰਦੀ ਹੈ, ਤੇ ਦੁਨੀਆਂ ਭਰ ਦੇ ਸਾਰੇ ਮਸਲਿਆਂ ਨੂੰ ਬਰਾਬਰ ਦਾ ਰੁਤਬਾ ਮੁਹੱਈਆ ਕਰਵਾਉਂਦੀ ਹੈ: ਟ੍ਰਾਟਸਕੀ ਤੋਂ, ਸਟਾਲਿਨ ਤੋਂ, ਗੋਰਬਾਚੇਵ ਤੋਂ, ਹਰਿੰਦਰ ਸਿੰਘ ਮਹਿਬੂਬ ਤੋਂ, ਅਫਗਾਨਿਸਤਾਨ ਤੋਂ, ਗੁਰਭਗਤ ਸਿੰਘ ਤੱਕ  ਹਰ ਸ਼ਖਸੀਅਤ ਜਾਂ ਉਸ ਨਾਲ਼ ਸਬੰਧਤ ਮੁੱਦਿਆਂ ਨੂੰ ਬਰਾਬਰ ਦੀ ਥਾਂ ਦਿੱਤੀ ਗਈ ਹੈ। ਕਿਸੇ ਨਾਲ਼ ਕੋਈ ਵਿਤਕਰਾ ਨਹੀਂ ਕੀਤਾ ਗਿਆ। ਲੇਖਕ ਦੀ ਜ਼ਿੰਦਗੀ ਨਾਲ਼ ਪਾਲ਼ੀ ਮੁਹੱਬਤ ਇੱਥੇ ਅਮਲੀ ਰੂਪ ਵਿੱਚ ਜ਼ਾਹਰ ਹੋਈ ਹੈ। ਤੇ ਆਪਾਂ ਸਾਰੇ ਜਾਣਦੇ ਹਾਂ ਕਿ ਨਬੇੜੇ ਅੰਤ ਨੂੰ ਅਮਲਾਂ 'ਤੇ ਹੀ ਹੋਣੇ ਹਨ। ਲਿਖਤ ਵਿੱਚ ਕੁੱਲ ਚੁਰਾਸੀ ਨਾਵਾਂ ਦਾ ਜ਼ਿਕਰ ਹੈ। ਇੱਕ ਸਾਧਾਰਾਨ ਅਖਬਾਰੀ ਲੇਖ ਵਿੱਚ ਐਡੇ ਮਿਆਰੀ ਹਸਤਾਖਰਾਂ ਦੇ ਨਾਂ ਐਨੀ ਵੱਡੀ ਗਿਣਤੀ ਵਿੱਚ ਆ ਜਾਣੇ ਮਹਿਜ਼ ਕਰਾਮਾਤ ਹੀ ਨਹੀਂ ਸਗੋਂ ਲਿਖਾਰੀ ਦੀ ਕਰਾਮਾਤੀ ਸ਼ਖਸੀਅਤ ਦੇ ਹੋਣ ਦਾ ਸਹਿਜ ਪ੍ਰਗਾਟਾਵਾ ਹੈ, ਇਨਸਾਨੀ ਹਸਤੀ ਦੇ ਜਲਾਲ ਦਾ ਅਦੁੱਤੀ ਜਲਵਾ ਹੈ। ਇਸ ਲਿਖਤ 'ਚੋਂ ਸਾਹਮਣੇ ਆਉਂਦੇ ਚੁਰਾਸੀ ਦੇ ਗੇੜ ਬਾਰੇ ਜ਼ਰਾ ਅਟਕ ਕੇ ਗੱਲ ਕਰਦੇ ਹਾਂ, ਪਹਿਲਾਂ ਲਿਖਤ ਵਿੱਚੋਂ ਸਹਿਜ ਆਬਸ਼ਾਰ ਜਿਉਂ ਨਮੂਦਾਰ ਹੋਏ ਪੂਰੇ ਚੁਰਾਸੀ ਨਾਵਾਂ ਦੀ ਸੂਚੀ 'ਤੇ ਗੌਰ ਫੁਰਮਾਓ:

ਲਿਓਨ ਤ੍ਰਾਤਸਕੀ, ਜੋਸਿਫ ਸਤਾਲਿਨ, ਡਾ ਅੰਮ੍ਰਿਤਪਾਲ ਸਿੰਘ, ਭਗਵਾਨ ਬੁੱਧ, ਭਗਵਾਨ ਈਸਾ, ਪੈਗੰਬਰ ਮੁਹੰਮਦ, ਸੁਕਰਾਤ, ਕਾਰਲ ਮਾਰਕਸ, ਵਲਾਦੀਮੀਰ ਇਲੀਅਚ ਲੈਨਿਨ, ਪਰਸਰਾਮ, ਅਲੈਗਜੈਂਡਰ ਹਰਜ਼ਨ, ਬੈਲਿੰਸਕੀ, ਨਿਕੋਲਾਈ ਚੇਰਨੀਸ਼ਵੇਸਕੀ, ਪਿਸਾਰੇਵ ਪਲੈਖਾਨੋਵ, ਪੁਸ਼ਕਿਨ, ਲਿਓ ਤਾਲਸਤਾਏ, ਤੁਰਗਨੇਵ, ਐਂਤੋਨ ਚੈਖੋਵ, ਫਿਓਦਰੋ ਦਾਸਤੋਵਸਕੀ, ਗੁਰਦੀਪ ਦੇਹਰਾਦੂਨ, ਫਰੈਡਰਿਕ ਨੀਤਸ਼ੇ, ਕਾਰਲ ਜੈਸਪਰਸ, ਡੇਲੀਊਸ਼, ਮਿਸ਼ੇਲ ਫੂਕੋ, ਯੱਕ ਦੈਰਿਦਾ, ਵਰਿਆਮ ਸਿੰਘ ਸੰਧੂ, ਸੋਹਣ ਸਿੰਘ ਸੀਤਲ, ਕਰਤਾਰ ਸਿੰਘ ਕਲਾਸਵਾਲੀਆ, ਬਾਬਾ ਪ੍ਰੇਮ ਸਿੰਘ ਹੋਤੀ, ਬਾਬਾ ਬਘੇਲ ਸਿੰਘ ਬੱਲ, ਨਿਕੀਤਾ ਖਰੁਸ਼ਚੇਵ, ਲਿਓਨਿਦ ਬਰੈਜ਼ਨੇਵ, ਮਿਖਾਈਲ ਸੁਸਲੋਵ, ਅਲੈਕਸੀ ਕੋਸੀਲਿਨ, ਯੂਰੀ ਆਂਦਰੋਪੋਵ, ਵਲਾਦੀਮੀਰ ਸੋਲੋਵਲੀਯੋਵ, ਇਲੇਨਾ ਕਲੈਪੀਕੋਵਾ, ਨਰਿੰਦਰ ਭੁੱਲਰ, ਮਿਖਾਈਲ ਗੋਰਬਾਚੇਵ, ਯੇਗੋਰ ਲਿਗਾਚੇਵ, ਬੋਰਿਸ ਯੇਲਤਸਿਨ, ਸ਼ੇਵਰਦਨਾਦਜ਼ੇ, ਧਰਮਜੀਤ ਸਿੰਘ, ਆਈਜੈਕ ਡਿਊਸ਼ਰ, ਅਲੈਗਜੈਂਡਰ ਯਕੋਵਲੇਵ, ਟਿਮੋਥੀ ਜੇ ਕੋਲਟਨ, ਬਿਲ ਕਲਿੰਟਨ, ਜਰਮਨ ਆਗੂ ਕੋਹਲ, ਜਾਰਜ ਬੁਸ਼, ਲੇਕ ਵਾਲੇਸਾ, ਪ੍ਰੋ ਰਣਧੀਰ ਸਿੰਘ, ਪ੍ਰੋ ਗੁਰਤਰਨ ਸਿੰਘ, ਪ੍ਰੋ ਹਰਿੰਦਰ ਸਿੰਘ ਮਹਿਬੂਬ, ਰੋਨਾਲਡ ਰੀਗਨ, ਜ਼ੁਲਫਿਕਾਰ ਅਲੀ ਭੁੱਟੋ, ਜ਼ਿਆ-ਉਲ-ਹੱਕ, ਹਾਫਿਜ਼-ਉਲਾ ਅਮੀਨ, ਨੂਰ ਮੁਹੰਮਦ ਤਾਰਾਕੀ, ਬਬਰਾਕ ਕਾਰਮਲ, ਅਲੈਕਸੀ ਕੋਸੀਲਿਨ, ਰੌਡਰਿਕ ਬਰੈਥਵੇਟ, ਜੌਨਾਥਨ ਸਟੀਲ, ਸਈਦ ਮੁਹੰਮਦ ਗੁਲਾਬਜ਼ੋਈ, ਅਸਲਮ ਮੁਹੰਮਦ, ਵਤਨਯਾਰ, ਸ਼ੇਰਜਾਨ ਮਜ਼ਦੂਰਯਾਰ, ਅਸਦ-ਉਲਾ ਸਰਵਰੀ, ਡਾ ਗੁਰਭਗਤ ਸਿੰਘ, ਮਾਰਖੇਜ ਦੀ ਸਾਦ, ਬਾਤਈ, ਮਹਾਂਰਿਸ਼ੀ ਅਰਵਿੰਦੋ, ਸਈਦ ਹੁਸੈਨ ਨਾਸਰ, ਪ੍ਰੋ ਹਰਪਾਲ ਸਿੰਘ ਪੰਨੂ, ਪ੍ਰੋ ਭੁਪਿੰਦਰ ਸਿੰਘ, ਗੋਇਓਂ (Guenon), ਮਾਰਟਿਨ ਲਿੰਗਜ਼, ਆਰੀ ਕੋਰਬਿਨ, ਫਰਿਟਜੋਫ ਸ਼ੂਨ, ਕਰਮਜੀਤ ਸਿੰਘ ਚੰਡੀਗੜ੍ਹ, ਡਾ ਬਲਕਾਰ ਸਿੰਘ, ਮਾਓ ਜੇ ਤੁੰਗ, ਪ੍ਰੋ ਕੁਲਵੰਤ ਸਿੰਘ, ਮਣੀ ਕੌਲ, ਕਰਨੈਲ ਸਿੰਘ।

ਇੱਕ ਲਿਖਤ ਵਿੱਚ ਐਨੇ ਨਾਵਾਂ ਦਾ ਜ਼ਿਕਰ ਲਿਖਤ ਦੀ ਪ੍ਰਾਪਤੀ ਹੈ ਜਾਂ ਲੇਖਕ ਦੀ, ਜਾਂ ਫਿਰ ਪੰਜਾਬੀ ਸਾਹਿਤ ਦੀ, ਇਹ ਪਟਾਰੀ ਖੋਲ੍ਹਣ ਤੋਂ ਪਹਿਲਾਂ ਪਾਠਕਾਂ ਦੀ ਗੱਲ ਦੇ ਪ੍ਰਸੰਗ ਨਾਲ਼ ਜਾਣ-ਪਛਾਣ ਕਰਵਾ ਦੇਈਏ।

ਪ੍ਰਸੰਗ ਇਹ ਸੀ ਕਿ ਇੱਕ ਸਟਾਲਿਨਵਾਦੀ ਜਾਪਦੇ ਕਾਮਰੇਡ ਨੇ, ਟ੍ਰਾਟਸਕੀ ਦੀ ਪਹੁੰਚ ਬਾਰੇ ਇੱਕ ਲੇਖ ਲਿਖਿਆ। ਲੇਖ ਵਿੱਚ ਟ੍ਰਾਟਸਕੀ ਦੀ ਪਹੁੰਚ ਦੀ ਵਿਆਖਿਆ ਕਰਦੇ ਹੋਏ, ਉਸਦੀਆਂ ਸੀਮਤਾਈਆਂ ਦੀ, ਖਾਸ ਕਰ ਲੈਨਿਨ ਅਤੇ ਸਟਾਲਿਨ ਦੀ ਪਹੁੰਚ ਦੇ ਪ੍ਰਸੰਗ ਵਿੱਚ, ਚਰਚਾ ਕੀਤੀ ਗਈ। ਗੁਰਦਿਆਲ ਬੱਲ ਜੀ ਨੂੰ ਇਹ ਗੱਲ ਪ੍ਰੇਸ਼ਾਨੀ ਵਾਲ਼ੀ ਲੱਗੀ। ਉਹਨਾਂ ਅਨੁਸਾਰ ਸਟਾਲਿਨ ਨੂੰ ਵਾਜਬ ਠਹਿਰਾਉਣ ਜਾਂ ਉਹਦੀ ਪ੍ਰਾਸੰਗਿਕਤਾ ਨੂੰ ਮੁੜ ਸਥਾਪਤ ਕਰਨ ਦਾ ਰੁਝਾਨ, ਮਨੁੱਖ ਜਾਤੀ ਲਈ ਖਤਰਨਾਕ ਰੁਝਾਨ ਹੈ। ਘੱਟੋ-ਘੱਟ ਮੇਰੀ ਬੱਲ ਸਾਹਿਬ ਦੇ ਇਸ ਵਿਚਾਰ ਨਾਲ਼ ਕੋਈ ਅਸਹਿਮਤੀ ਨਹੀਂ। ਇਸ ਲਈ ਬੱਲ ਸਾਹਿਬ ਵੱਲੋਂ ਇਸ ਲਿਖਤ ਦਾ ਜਵਾਬ ਦੇਣ ਦਾ ਫੈਸਲਾ, ਦਾਸ ਦੀ ਤੁੱਛ ਬੁੱਧੀ ਅਨੁਸਾਰ, ਬੜਾ ਸਹੀ ਫੈਸਲਾ ਸੀ। ਬੱਲ ਸਾਹਿਬ ਨੇ ਫੈਸਲੇ ਨੂੰ ਅਮਲ ਵਿੱਚ ਢਾਲ਼ਿਆ, ਜੁਆਬ ਲਿਖਿਆ, ਬਾਕਾਇਦਾ ਛਪਵਾਇਆ। ਹੱਥਲੀ ਲਿਖਤ ਦਾ ਮਕਸਦ ਇਸ ਜੁਆਬੀ ਲਿਖਤ ਦੀ ਤਬੀਅਤ ਬਾਰੇ ਗੱਲ ਕਰਨੀ ਹੈ। ਗੱਲ ਕਰਨ ਤੋਂ ਪਹਿਲਾਂ ਮੈਂ ਪਾਠਕਾਂ ਨੂੰ ਦੱਸ ਦਿਆਂ ਕਿ ਸਿਰਜਣਾਤਮਕ ਜਲਵੇ ਇੱਕੋ ਵਾਰ ਹੀ ਪੈਦਾ ਹੁੰਦੇ ਹਨ, ਇਹ ਦੁਹਰਾਇਆਂ ਦੁਹਰਾਏ ਨਹੀਂ ਜਾਂਦੇ, ਇਸ ਲਈ ਬੱਲ ਸਾਹਿਬ ਦੀ ਲਿਖਤ ਅੰਦਰਲੇ ਚਾਨਣ ਨਾਲ਼ ਸਰਸ਼ਾਰ ਹੋਣ ਲਈ ਪਾਠਕਾਂ ਦੀ ਚੇਤਨਾ ਨੂੰ ਇਸ ਲਿਖਤ ਵਿੱਚ ਆਪ ਹੀ ਚੁੱਭੀ ਲਾਉਣੀ ਪੈਣੀ ਹੈ।

ਬੱਲ ਸਾਹਿਬ ਦੀ ਲਿਖਤ ਦੀ ਤਬੀਅਤ, ਮੂਲ ਰੂਪ ਵਿੱਚ, ਫਲਸਫਾਨਾ ਨਾ ਹੋ ਕੇ, ਸਾਹਿਤਕ ਹੈ। ਪੰਜਾਬ ਵਿੱਚ ਪੜ੍ਹਾਈ ਲਿਖਾਈ ਨਾਲ਼ ਸਬੰਧਤ ਮਜਲਸਾਂ ਵੀ ਸਾਹਿਤਕ ਬਿਰਤੀ ਵਾਲ਼ੀਆਂ ਹੀ ਹਨ। ਪੜ੍ਹਨ ਲਿਖਣ ਵਾਲ਼ੇ ਸਮੂਹ ਮਾਈ-ਭਾਈ ਆਮ ਕਰਕੇ, ਪੰਜਾਬੀ, ਉਰਦੂ, ਰੂਸੀ, ਅੰਗਰੇਜ਼ੀ, ਤੇ ਕਈ ਹੋਰ ਕਿਸਮਾਂ ਦਾ ਸਾਹਿਤ ਹੀ ਪੜ੍ਹਦੇ ਹਨ। ਜ਼ਿੰਦਗੀ ਦੇ ਸਮੂਹ ਮਸਲਿਆਂ ਨੂੰ ਵਿਚਾਰਨ ਦਾ ਸ਼ੁਰੂਆਤੀ ਕੇਂਦਰ ਸਾਹਿਤ ਹੀ ਬਣਦਾ ਹੈ। ਪੰਜਾਬ ਵਿੱਚ ਪੈਦਾ ਹੁੰਦੀਆਂ ਲਿਖਤਾਂ ਵੀ ਆਮ ਕਰਕੇ ਸਾਹਿਤਕ ਰਚਨਾਵਾਂ ਹੀ ਹੁੰਦੀਆਂ ਹਨ। ਸਾਹਿਤਕ ਲਿਖਤਾਂ ਦੀ ਪੈਦਾਇਸ਼ ਦਾ ਆਧਾਰ ਵੀ ਸਾਹਿਤ ਹੀ ਬਣਦਾ ਹੈ। ਦੂਜੇ ਸ਼ਬਦਾਂ ਵਿੱਚ ਸੂਝ, ਸਿਆਣਪ, ਅਤੇ ਅਨੁਭਵ ਆਦਿਕ ਸਭ ਕੁੱਝ ਦਾ ਸਰੋਤ ਸਾਹਿਤ ਹੀ ਹੁੰਦਾ ਹੈ। ਫਲਸਫੇ ਦੀ ਪੜਾਈ, ਫਲਸਫਾਨਾ ਮੁਹਾਵਰੇ ਤੇ ਪਕੜ ਬਣਾਉਣ ਦਾ ਸੱਭਿਆਚਾਰ, ਅਸਲੋਂ ਹੀ ਦੁਰਲੱਭ ਹੈ। ਜ਼ਿੰਦਗੀ ਦੇ ਮਸਲਿਆਂ ਬਾਰੇ, ਇਸਨੂੰ ਪ੍ਰਭਾਵਿਤ ਕਰਨ ਵਾਲ਼ੇ, ਦਿਸ਼ਾ ਦੇਣ ਵਾਲ਼ੇ ਜਾਂ ਇਸ ਦੇ ਪਿੱਛੇ ਕਾਰਜਸ਼ੀਲ ਫਲਸਫਾਨਾ ਰੁਝਾਨਾਂ ਦੀ ਪੜਚੋਲ ਕਰਨ ਦਾ ਨਾ ਤਾਂ ਰਿਵਾਜ ਹੈ, ਨਾ ਹੀ ਬਹੁਤੇ ਬੰਦੇ ਇਸ ਦੇ ਸਮਰੱਥ ਹਨ। ਇੱਕ ਫਰਕ ਜ਼ਰੂਰ ਪਿਆ ਹੈ: ਪਹਿਲਾਂ ਆਪਣੇ ਵਿਖਿਆਨ ਜਾਂ ਲਿਖਤ ਨੂੰ ਚਾਰ ਚੰਦ ਲਾਉਣ ਲਈ ਸਿਰਫ ਸਾਹਿਤਕਰਾਂ ਦਾ ਨਾਂ ਉਚਾਰੇ ਜਾਂਦੇ ਸਨ, ਹੁਣ ਫਿਲਾਸਫਰਾਂ ਦੇ ਨਾਂ ਵੀ ਖੁੱਲ੍ਹ-ਦਿਲੀ ਨਾਲ਼ ਉਲ਼ੱਦ ਦਿੱਤੇ ਜਾਂਦੇ ਹਨ। ਮੁਹਾਵਰਾ ਉਹੀ ਹੈ, ਗੱਲਾਂ ਵੀ ਉਹੀ ਹਨ, ਬੱਸ ਚੁਰਾਸੀ ਦੇ ਗੇੜ ਵਿੱਚ ਫਿਲਾਸਫਰ ਸ਼ਾਮਲ ਹੋ ਗਏ ਹਨ। ਫਲਸਫੇ ਤੇ ਸਾਹਿਤ ਦੇ ਇਸ ਮਸਲੇ ਵਿੱਚ ਮੈਂ ਵੀ ਆਪਣੇ ਆਪ ਨੂੰ ਸਾਹਿਤ ਵਾਲ਼ੇ ਪਾਸੇ ਹੀ ਰੱਖਦਾ ਹਾਂ। ਮੇਰੀ ਸਮਝ ਇਹੀ ਹੈ ਕਿ ਸਾਹਿਤ ਮੁਨੱਖੀ ਅਨੁਭਵ ਅਤੇ ਬੋਲੀ ਦੀਆਂ ਪਰਤਾਂ ਜਿਸ ਸ਼ਿੱਦਤ. ਤੀਖਣਤਾ, ਅਤੇ ਗੰਭੀਰਤਾ ਨਾਲ਼ ਜਗਾਉਂਦਾ ਹੈ, ਉਹ ਫਲਸਫੇ ਦੇ ਵੱਸ ਦੀ ਗੱਲ ਨਹੀਂ। ਫਲਸਫਾਨਾ ਬਿਰਤਾਂਤ ਆਪਣੀ ਮੈਟਾਫਿਜ਼ੀਕਲ ਬਿਰਤੀ 'ਚੋਂ ਬਾਹਰ ਨਹੀਂ ਨਿੱਕਲ਼ਦਾ। ਕਹਿਣ ਤੋਂ ਭਾਵ ਸਾਰੇ ਦਾ ਸਾਰਾ ਫਲਸਫਾਨਾ ਬਿਰਤਾਂਤ ਜ਼ਿੰਦਗੀ ਨੂੰ ਇੱਕ ਸਾਂਚੇ ਵਿੱਚ ਢਾਲਣ ਦੀ, ਜਾਂ ਸਭ ਕੁੱਝ ਪਹਿਲਾਂ ਹੀ ਹਾਸਲ ਕੀਤੇ ਚੌਖਟਿਆਂ ਵਿੱਚ ਜੜ ਦੇਣ ਦੀ ਹੋੜ ਤੋਂ ਮੁਕਤ ਨਹੀਂ ਹੁੰਦਾ। ਪਰ ਸਾਹਿਤ ਆਜ਼ਾਦ ਵਹਿੰਦਾ ਹੈ ਅਤੇ ਦਿਸਦੇ ਤੇ ਅਣਦਿਸਦੇ ਦੀ ਬਿਹਤਰ ਨੁਮਾਇੰਦਗੀ ਕਰਦਾ ਹੈ।

ਪਰ ਸਾਹਿਤ ਤੇ ਫਲਸਫੇ ਦਾ ਇਹ ਮਸਲਾ ਇੱਕ ਵੱਖਰੇ ਨੁਕਤੇ ਤੋਂ ਸਮਝਣ ਦੀ ਵੀ ਲੋੜ ਹੈ। ਇਹ ਨੁਕਤਾ ਹੈ ਸਾਹਿਤ ਨੂੰ ਪਰਖਣ ਦੇ ਮਿਆਰ, ਜਾਂ ਸਾਹਿਤਕਾਰ ਹੋਣ ਦੇ ਦਾਅਵੇ ਦਾ ਆਧਾਰ। ਫਲਸਫਾ ਅੱਜ ਪਹਿਲਾਂ ਤੋਂ ਵੀ ਵੱਡੀਆਂ ਬੁਲੰਦੀਆਂ ਛੋਹ ਰਿਹਾ ਹੈ, ਪਰ ਕੇਵਲ ਦੁਨੀਆਂ ਦੇ ਉਹਨਾਂ ਹਿੱਸਿਆਂ ਵਿੱਚ ਜਿਹਨਾਂ ਨੇ ਵਿੱਦਿਅਕ ਅਤੇ ਖੋਜ ਸੰਸਥਾਵਾਂ ਦੇ ਮਿਆਰ ਨੂੰ ਲਗਾਤਾਰ ਬਰਕਰਾਰ ਰੱਖਿਆ ਹੈ। ਸੰਸਥਾਵਾਂ ਦੇ ਮਿਆਰ ਨੂੰ ਬਰਕਰਾਰ ਰੱਖਣ ਦਾ ਅਰਥ ਹੈ ਧੋਖਾਧੜੀ ਦੀ ਓਨੀ ਗੁੰਜਾਇਸ਼ ਨਹੀਂ ਰਹਿੰਦੀ। ਬੰਦੇ ਨੂੰ ਵਿੱਦਿਅਕ ਢਾਂਚੇ ਵਿੱਚ ਵੜਨ ਲਈ, ਤੇ ਫਿਰ ਆਪਣੀ ਥਾਂ ਬਣਾਈ ਰੱਖਣ ਲਈ ਇੱਕ ਹੱਦ ਤੱਕ ਮਿਹਨਤ ਕਰਨੀ ਹੀ ਪੈਂਦੀ ਹੈ। ਮਿਹਨਤ ਦੇ ਨਾਲ਼-ਨਾਲ਼, ਡੂੰਘੀ ਧਿਆਨੀ ਬਿਰਤੀ ਦੇ ਮਾਹਰ, ਸਾਧ ਸੁਭਾ ਬੰਦੇ ਹੀ ਵੱਡੇ ਫਲਸਫਾਦਾਨ ਬਣਦੇ ਹਨ।

ਇਸ ਦੇ ਉਲ਼ਟ ਸਾਹਿਤ ਵਿੱਚ ਠੱਗੀ-ਠੋਰੀ ਚੱਲ ਜਾਂਦੀ ਹੈ। ਸਹਿਤ ਵਿੱਚ ਵਿਚਾਰ ਫੈਸ਼ਨ ਵਜੋਂ ਅਪਣਾਏ ਜਾਂਦੇ ਹਨ, ਤੁੱਕੇ ਮਾਰੇ ਜਾਂਦੇ ਹਨ, ਬੇਸਿਰ ਪੈਰ ਦੀਆਂ ਛੱਡੀਆਂ ਜਾਂਦੀਆਂ ਹਨ। ਇੱਕ ਵਾਰੀ ਫਿਰ ਸਪੱਸ਼ਟ ਕਰਦਿਆਂ ਜਿਸਨੂੰ ਮੈਂ ਸਾਹਿਤ ਸਮਝਦਾ ਹਾਂ ਉਸ ਵਿੱਚ ਅਜਿਹਾ ਕੁੱਝ ਨਹੀਂ ਹੁੰਦਾ, ਉਹ ਫਲਸਫੇ ਤੋਂ ਕਿਤੇ ਬਿਹਤਰ ਹੈ। ਪਰ ਸਾਹਿਤਕ ਹਲਕਿਆਂ ਵਿੱਚ ਅਜਿਹੇ ਅਨਸਰਾਂ ਦੇ ਆ ਜਾਣ ਦੀ ਵਧੇਰੇ ਗੁੰਜਾਇਸ਼ ਹੈ ਜੋ ਬਿਨਾਂ ਜਾਣੇ ਸਮਝੇ ਵੱਡੇ-ਵੱਡੇ ਮਸਲਿਆ ਬਾਰੇ ਫੈਸਲੇ ਦਿੰਦੇ ਰਹਿੰਦੇ ਹਨ। ਪੰਜਾਬੀ ਸਾਹਿਤਕ ਹਲਕਿਆਂ ਵਿੱਚ ਅਜਿਹੇ ਅਨਸਰਾਂ ਦੀ ਹੀ ਭਰਮਾਰ ਹੈ, ਤੇ ਇਸ ਭੀੜ-ਭੜੱਕੇ ਰੌਲ਼ੇ-ਰੱਪੇ ਵਿੱਚ, ਕਦੇ ਕਦੇ ਕੋਈ ਸੁਰੀਲੀ ਸਾਹਿਤਕ ਅਵਾਜ਼ ਵੀ ਬੁਲੰਦ ਹੋ ਜਾਂਦੀ ਹੈ।

ਬੱਲ ਸਾਹਿਬ ਦੇ ਇਸ ਲੇਖ ਨਾਲ਼, ਜਾਂ ਪੰਜਾਬੀ ਵਿੱਚ ਅਕਸਰ ਸਾਹਮਣੇ ਆਉਂਦੀਆਂ ਇਸ ਕਿਸਮ ਦੀਆਂ ਲਿਖਤਾਂ ਨਾਲ, ਮੇਰਾ ਮੂਲ ਇਤਰਾਜ਼ ਇਹੀ ਹੈ ਕਿ ਗੱਲ ਦੇ ਸੰਦਰਭ 'ਤੇ ਸਿੱਧੀ ਅਤੇ ਸਪੱਸ਼ਟ ਪਕੜ ਬਣਾਏ ਬਗੈਰ, ਖਾਹਮਖਾਹ ਫਤਵੇਬਾਜ਼ੀ ਕਰ ਦਿੱਤੀ ਜਾਂਦੀ ਹੈ। ਠੀਕ ਹੈ ਸਾਹਿਤ ਦੀ ਆਜ਼ਾਦ ਹਸਤੀ ਹੈ, ਪਰ ਇਹ ਫਲਸਫੇ ਤੋਂ ਅਲਹਿਦਗੀ ਵਿੱਚ ਨਹੀਂ ਵਿੱਚਰਦਾ। ਜਦ ਸਾਹਿਤਕਾਰ ਜਨਤਕ ਪੱਧਰ 'ਤੇ ਚਲੰਤ ਜਿਹੇ ਵਿਚਾਰਾਂ ਨੂੰ ਆਪਣੇ ਸੁੰਦਰ ਕਥਨਾਂ ਦਾ ਸਰੋਤ, ਜਾਂ ਆਪਣੇ ਉੱਚ-ਗਿਆਨ ਦਾ ਸੋਮਾ ਬਣਾ ਕੇ ਵਰਤਦੇ ਹਨ, ਤਾਂ ਉਹ ਗੱਲ ਨੂੰ ਬਹੁਤ ਸਿੱਧੜ ਜਿਹੀ ਬਣਾ ਧਰਦੇ ਹਨ। ਸਾਹਿਤਕ ਮੁਹਾਵਰੇ ਵਿੱਚ ਲਿਖਣ ਵਾਲ਼ੇ ਬੰਦੇ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਜੋ ਉਹ ਕਹਿ ਰਿਹਾ ਹੈ ਉਸਦਾ ਮੂੰਹ ਸਿਰ ਕੀ ਹੈ। ਘੱਟੋ-ਘੱਟ ਵਾਰਤਕ ਵਿੱਚ ਗੱਲ ਕਿਸੇ ਜ਼ਾਬਤੇ ਵਿੱਚ ਚੱਲਣੀ ਚਾਹੀਦੀ ਹੈ। ਬਿਨਾਂ ਕੋਈ ਸੰਦਰਭ ਸਿਰਜੇ, ਬਗੈਰ ਕਿਸੇ ਦਿਸ਼ਾ ਉਲੀਕਣ ਦੇ ਦੁਨੀਆਂ ਭਰ ਦੇ ਮਸਲਿਆਂ ਬਾਰੇ ਫੈਸਲੇ ਕੱਢ ਮਾਰਨੇ ਜ਼ਿਆਦਤੀ ਹੈ, ਪਾਠਕਾਂ ਨਾਲ਼ ਵੀ ਆਪਣੇ-ਆਪ ਨਾਲ਼ ਵੀ। ਮਜ਼ਲੂਮ ਪਾਠਕਾਂ ਦੇ ਅਣਵਰਤੇ ਸਿਰਾਂ ਨੂੰ ਚੁਰਾਸੀ ਫਲਸਫਾਦਾਨਾਂ, ਸਾਹਿਤਕਾਰਾਂ, ਤੇ ਸਿਆਸਤਦਾਨਾਂ ਦੇ ਭਾਰੇ-ਭਾਰੇ ਨਾਵਾਂ ਥੱਲੇ ਦਰੜ ਧਰਨਾ, ਲਿਖਾਰੀ ਦੀ ਕਲਮ ਵਿੱਚ ਸਟਾਲਿਨੀ ਬਿਰਤੀ ਦੇ ਚੁੱਪ-ਚੁਪੀਤੇ ਘੁਸਪੈਠ ਕਰਨ ਦਾ ਲਖਾਇਕ ਹੈ। ਤੇ ਜਦੋਂ ਲੇਖਕ ਸਟਾਲਿਨ ਦੇ (ਇੰਦਰਾ ਗਾਂਧੀ ਦੇ ਨਹੀਂ) ਜ਼ੁਲਮਾਂ ਖਿਲਾਫ ਕੁਰਲਾਹਟ ਭਰਿਆ ਨਾਅਰਾ ਬੁਲੰਦ ਕਰਦੀ ਮਨੁੱਖਤਾ ਦੀ ਨੁਮਾਇੰਦਗੀ ਕਰਨ ਦਾ ਦਾਅਵੇਦਾਰ ਹੋਵੇ. ਉਦੋਂ ਅਜਿਹੀ ਲੇਖਣੀ ਦਾ ਦੁਖਾਂਤ ਹੋਰ ਡੂੰਘਾ ਹੋ ਜਾਂਦਾ ਹੈ। ਲੇਖਕ ਤਾਂ ਕਿਸੇ ਆਈਜ਼ੈਕ ਡਿਊਸ਼ਰ ਦੀਆਂ ਲਿਖਤਾਂ ਪੜ੍ਹ ਕੇ ਦਰਦ ਭਰੀ ਚੀਕ ਮਾਰ ਲੈਂਦਾ ਹੈ, ਪਾਠਕ ਤਾਂ ਵਿਚਾਰੇ ਚੁੱਪ-ਚੁਪੀਤੇ, ਸੰਘੋਂ 'ਵਾਜ ਕੱਢਣ ਤੋਂ ਪਹਿਲਾਂ ਹੀ ਦਰੜੇ ਜਾਂਦੇ ਹਨ। ਚੁਰਾਸੀ ਦਾ ਇਹ ਗੇੜ ਬਿਨਾਂ ਸ਼ੱਕ ਪਾਠਕਾਂ 'ਤੇ ਘੋਰ ਜ਼ੁਲਮ ਹੈ, ਉਹਨਾਂ ਨੂੰ ਭੈਅ-ਭੀਤ ਕਰਕੇ ਆਪਣੀ ਗੱਲ ਮਨਾਉਣ ਦੇ ਮਨਸੂਬੇ ਦਾ ਸਿੱਟਾ ਹੈ। ਪਰ ਇਸਦੇ ਨਾਲ਼ ਹੀ ਇਹ ਲੇਖਕ ਦੀ ਚਹੁੰ ਕੂਟੀਂ ਭਉਂਦੀ ਫਿਰਦੀ ਆਵਾਗਵਣੀ ਰੂਹ ਦਾ ਵੀ ਲਖਾਇਕ ਹੈ। ਮਸਲਾ ਗੰਭੀਰ ਹੈ, ਚੁਰਾਸੀ ਦਾ ਚੱਕਰ ਡੂੰਘਾ ਹੈ।

No comments: