ਪ੍ਰਭਸ਼ਰਨਦੀਪ ਸਿੰਘ
ਦੂਰ ਵਸੇਂਦੇ ਸੱਜਣ ਹਮਾਰੇ,
ਰਮਜ਼ਾਂ ਕੋਲੋ ਕੋਲੀ ਹੋ।
ਅੱਖੀਆਂ ਪਾਰ ਅਸਾਡੀ ਜੂਹੋਂ,
ਨਜ਼ਰਾਂ ਕੋਲੋ ਕੋਲੀ ਹੋ।
ਦੂਰ ਦੇਸ ਕੋ ਸੁੱਤੀਆਂ ਕੂੰਜਾਂ
ਸੁਪਨ ਸੁੱਤੇ ਦਰਿਆਵਾਂ ਦੇ।
ਅੱਖ ਖੋਹਲ ਅੰਗੜਾਈ ਲੈਸਣ,
ਕਮਲ ਵਿਗਸ ਪਏ ਚਾਵਾਂ ਦੇ।
ਪੰਖ ਉਡਣ ਨੂੰ ਉਮ੍ਹਲ਼ ਜਾਂ ਪੈਂਦੇ,
ਭਰੀ ਅੰਬਰ ਦੀ ਝੋਲੀ ਹੋ।
ਮੈਂਡੇ ਵਤਨੀਂ ਮੇਰੀ ਜਿੰਦੜੀ,
ਨੱਸ ਨੱਸ ਸੌਂ ਗਈ ਸ਼ਾਹ ਰੈਣੀ।
ਤੈਂਡੇ ਦੇਸੀਂ ਸੁਭਾ ਹਮਾਰੀ,
ਰੁਕ ਰੁਕ ਰੁਕ ਗਈ ਕਿਤ ਵਹਿਣੀਂ।
ਪਹੁ ਫੁਟਸੀ ਤੇਰਾ ਆਂਙਣ ਸੂਹਾ,
ਰੰਗ ਰੱਤੇ ਹਮਜੋਲੀ ਹੋ।
ਸੁਬਕ ਜਿਹੀ ਕੋਈ ਵਾ ਰੁਮਕੇਂਦੀ,
ਨੈਣ ਮਮੋਲੇ ਰੁਮਕ ਤੁਰੇ।
ਅਣਦਿਸਦੀ ਕੋਈ ਛੁਹ ਅਣਜਾਣੀ,
ਮਨ ਦੇ ਪੰਖੀ ਠੁਮਕ ਤੁਰੇ।
ਇਕ ਇਕ ਬੂੰਦ ਨੂੰ ਚੁੰਝ ਸੀ ਤਰਸੀ,
ਸਰ ਵਿਚ ਜਿੰਦ ਘਚੋਲ਼ੀ ਹੋ।
ਘੜੀਆਂ ਦੀ ਕੋਈ ਬਾਤ ਨਾ ਪੁਛਿਓ,
ਕੇਸ ਘੜੀ ਕੀ ਘਟ ਜਾਸੀ।
ਇਕ ਇਕ ਘੜੀ ਦਾ ਰੰਗ ਮੁਬਾਰਕ,
ਕਿਤ ਖਿਣ ਕੀ ਕੀ ਰੁਤ ਆਸੀ।
ਜੇਸ ਘੜੀ ਤੇਰਾ ਆਉਣਾ ਜਾਣਾ,
ਕਦ ਖੋਈ ਕਦ ਟੋਲ਼ੀ ਹੋ।
No comments:
Post a Comment