My call is the call of battle, I nourish active rebellion, He going with me must go well arm'd, He going with me goes often with spare diet, poverty, angry enemies, desertions. (Walt Whitman)
Friday, November 07, 2008
ਵਾਲਟ ਵਿਟਮੈਨ ਤੇ ਪੂਰਨ ਸਿੰਘ
ਪ੍ਰੋ. ਜਗਦੀਸ਼ ਸਿੰਘ
ਅਮਰੀਕਾ ਦੀ ਵਿਸ਼ਾਲ ਹਿੱਕ ਉੱਤੇ ਨੂਰਾਨੀ ਦਾੜੇ ਤੇ ਖੁੱਲੇ ਕੇਸਾਂ ਨੂੰ ਹਵਾਵਾਂ ਵਿਚ ਤਰਾਉਂਦਾ ਬਜ਼ੁਰਗ ਕਿਹੜੀਆਂ ਬਉਰਾਨੀਆਂ ਪੈੜਾਂ ਵਾਹੁੰਦਾ ਫਿਰਦਾ ਹੈ, ਸਾਡੇ ਲਈ ਵਿਸ਼ੇਸ਼ ਖਿੱਚ ਦਾ ਕਾਰਨ ਬਣਦਾ ਹੈ। ਉਸਦੇ ਮਸਤ ਮੌਲਾ ਕਦਮਾਂ ਦੀ ਪੋਲੀ ਥਰਥਰਾਹਟ ਸਾਡੇ ਦਿਲਾਂ 'ਤੇ ਕੋਈ ਦਸਤਕ ਦਿੰਦੀ ਹੈ। ਅਵਾਜ਼ਾਂ ਦੀ ਮਧੁਰ ਸੰਗੀਤਕ ਫੁਹਾਰਾਂ, ਰਸਾਂ ਦੀਆਂ ਲਜ਼ੀਜ਼ ਸ਼ੀਰਨੀਆਂ, ਅੱਖੀਆਂ ਨੂੰ ਮੋਂਹਦੇ ਦਿਲ ਟੁੰਬਵੇਂ ਨਜ਼ਾਰੇ, ਹਜ਼ਾਰਾਂ ਮਹਿਕਾਂ ਨਾਲ ਨਸ਼ਿਆਏ ਸਾਹ ਤੇ ਅੱਲੜ ਹਵਾਵਾਂ ਦੇ ਲਹਿਰਦੇ ਪੱਲੇ ਦੀ ਛੁਹ ਇਸ ਫਕੀਰ ਦੇ ਸਰੀਰ 'ਚ ਸ਼ਹਿਦੋਂ ਮਿੱਠੀਆਂ ਰਸੀਲੀਆਂ ਝਰਨਾਟਾਂ ਛੇੜ ਉਹਦੀ ਤੋਰ ਨੂੰ ਹੋਰ ਨਸ਼ਿਆਉਂਦੀਆਂ ਹਨ। ਉਹਦੀ ਸ਼ਾਹਾਨਾ ਤੋਰ ਨਾਲ ਅੰਬਰ ਤੇ ਧਰਤੀ ਦੀਆਂ ਸਭ ਬਰਕਤਾਂ ਕਦਮ ਰਲਾ ਤੁਰਨਾ ਲੋਚਦੀਆਂ ਹਨ। ਧਰਤੀ ਦੇ ਕੁਲ ਜਸ਼ਨ ਉਹਦੀ ਤੋਰ 'ਚ ਸਮਾ ਚੁੱਕੇ ਹਨ। ਕਿਸੇ ਇਲਾਕੇ ਦੀ ਉੱਚੀ ਪ੍ਰਤਿਭਾ ਕਦੇ ਇਕੱਲੀ ਨਹੀਂ ਹੁੰਦੀ ਬਲਕਿ ਉਸ ਧਰਤੀ 'ਤੇ ਇਸਤ੍ਰੀ-ਪੁਰਖ, ਬਾਲ, ਵਣ, ਪੰਖੀ, ਦਰਿਆ, ਅਸਮਾਨ ਤੇ ਗੱਲ ਕੀ ਉਥੋਂ ਦਾ ਕਣ-ਕਣ ਉਸਦੇ ਸਫਰ 'ਚ ਸ਼ਾਮਲ ਹੁੰਦਾ ਹੈ। ਵਾਲਟ ਵਿੱਟਮੈਨ ਸਿਆਲ ਦੀਆਂ ਸਵੱਛ ਰਾਤਾਂ ਦਾ ਉਹ ਤਾਰਿਆਂ ਜੜਿਆ ਗਗਨ ਹੈ ਜੋ ਨਿੱਕੀ ਤੋਂ ਨਿੱਕੀ ਦੂਧੀਆ ਧੂੜ ਨੂੰ ਨਾਲ ਹੀ ਤੋਰਦਾ ਹੈ। ਪਿਆਰ ਧਰਤੀ ਦਾ ਸਭ ਕੁਝ ਕਬੂਲਦਾ ਹੈ ਤੇ ਕੁਦਰਤ ਵਲੋਂ ਜੋ ਕੁਝ ਉਹਦੀ ਝੋਲੀ 'ਚ ਖੈਰ ਪਵੇ ਉਸੇ ਵਿਚੋਂ ਦੈਵੀ ਜੀਵਨ ਦਾ ਮਹੱਲ ਉਸਾਰਨਾ ਉਹਦੀ ਦੈਵੀ ਕਿਰਤ ਹੁੰਦੀ ਹੈ। ਚੀਜ਼ਾਂ ਨੂੰ ਚੁਣਨਾ ਪਿਆਰ ਦੀ ਤਹਿਜ਼ੀਬ ਨਹੀਂ। ਬਲਕਿ ਉਹ ਆਪਣੇ ਅੰਦਰੂਨੀ ਜ਼ੋਰ ਨਾਲ ਵਸਤਾਂ ਨਿਵਾਜਦਾ ਉਹਨਾਂ ਨੂੰ ਆਪਣੇ ਨੂਰਾਨੀ ਵੇਗ ਵਿਚ ਸ਼ਾਮਿਲ ਕਰਦਾ ਹੈ। ਵਿਸਮਾਦਾਂ ਦੀਆਂ ਸਵੱਲੀਆਂ ਖਿੱਚਾਂ ਹਰ ਊਚ-ਨੀਚ ਤੇ ਕਾਲ ਭੈਅ ਤੋਂ ਆਜ਼ਾਦ ਚੇਤਨਾ ਸਿਰਜਦੀਆਂ ਹਨ। ਪ੍ਰੇਮ ਕਈ ਥਾਂ ਜਿਉਂਦੇ ਵਿਸਮਾਦਾਂ ਰੱਤੇ ਨੈਣ ਜੀਵਨ ਦੀ ਛੋਟੀ ਖੇਡ ਦੇ ਨਾਟਕੀ-ਵੇਰਵਿਆਂ ਤੇ ਮਨੁੱਖ ਨੂੰ ਹੀ ਰੀਝਾਉਂਦੇ ਤਰੀਕਿਆਂ ਤੋਂ ਮੁਕਤ ਆਪਣੀ ਆਜ਼ਾਦ ਹਸਤੀ 'ਚ ਰਹਿਣਾ ਪਸੰਦ ਕਰਦੇ ਹਨ। ਉਹਨਾਂ ਦੇ ਦਿਲ ਦੀ ਰੇਸ਼ਮੀ ਨਿਰਮਲਤਾ ਤੇ ਮਲੂਕ ਨਜ਼ਾਕਤ ਉਹਨਾਂ ਦੀਆਂ ਅੱਖੀਆਂ 'ਚ ਵਸਦੀ ਹੈ। ਉਹਨਾਂ ਦੀ ਕੂਲੀ ਤੱਕਣੀ ਦਾ ਚਾਨਣਾ ਅਰਸ਼ੀ ਮਿਹਰ ਵਾਂਗ ਸਭ ਪਾਸੇ ਨਿਰਮਲ ਫੁਹਾਰਾਂ ਵਸਾਉਂਦਾ ਹੈ। ਜੋ ਉਹਨਾਂ ਦੇ ਕਾਵਿ-ਆਵੇਸ਼ ਵਿਚ ਆ ਜਾਵੇ ਉਹੀ ਉਹਨਾਂ ਨਾਲ ਤੁਰਨ ਦੇ ਸਮਰੱਥ ਹੈ। ਕਾਵਿਕ-ਆਵੇਸ਼ ਬਖਸ਼ਿਸ਼ ਵੀ ਕਰ ਰਿਹਾ ਹੁੰਦਾ ਹੈ ਤੇ ਚੀਜ਼ਾਂ ਦੀ ਸਹੀ ਤੋਂ ਸਹੀ ਪਰਖ ਵੀ। ਕਾਵਿਕ ਆਵੇਸ਼ ਦੀ ਪਾਕੀਜ਼ਗੀ ਜ਼ੋਰਾਵਰ ਮਨੁੱਖੀ ਅਪਣੱਤ ਦੀ ਜ਼ਾਮਨ ਹੈ, ਸੋ ਇਹਨਾਂ ਅਮੋਲ ਛਿਨਾਂ ਤੋਂ ਜੋ ਚੀਜ਼ ਵਿਛੜ ਜਾਏ ਉਹ ਨਿਰਜਿੰਦ ਹੈ। ਪਿਆਰ ਦੀ ਅੱਖ 'ਚੋਂ ਕਿਰ ਬਸ ਧੂੜਾਂ 'ਚ ਰੁਲਣਾ ਹੀ ਹੁੰਦਾ ਹੈ। ਫ਼ਕਰਾਂ ਦੇ ਦਰ ਤੋਂ ਵਿਛੜ ਹੋਰ ਦਰ 'ਤੇ ਕੀ ਕਰਨਾ? ਵਾਲਟ ਵਿਟਮੈਨ ਦਾ ਜ਼ੋਰਾਵਰ ਕਾਵਿ-ਆਵੇਸ਼ ਤੇ ਉਸ ਦੀ ਅੰਦਰੂਨੀ ਉਚਾਈ ਉਹਦੇ ਜਿਸਮ ਵਿਚ ਹੀ ਨਮੂਦਾਰ ਹੋ ਚੁੱਕੇ ਸਨ। ਮਸਤ ਮੌਲਾ ਫ਼ਕੀਰ ਦਾ ਆਪਣੀ ਚੇਤਨਾ ਦੇ ਅਸਮਾਨਾਂ ¡ਚੋਂ ਨਿਕਲ ਗਲੀਆਂ-ਮੁਹੱਲਿਆਂ, ਸੜਕਾਂ, ਬਾਜ਼ਾਰਾਂ, ਲੋਕਾਂ ਦੇ ਚਿਹਰਿਆਂ ਤੇ ਨਕਸ਼ਾਂ ਦੇ ਰਹੱਸ ਵਿਚ ਉਤਰ ਜਾਣਾ, ਵਣ-ਤ੍ਰਿਣ, ਪਸ਼ੂ-ਪੰਛੀਆਂ ਨਾਲ ਇਕ-ਮਿਕ ਹੋ ਜਾਣਾ, ਬੇਮੁਹਾਰੇ ਹੜਾਂ ਵਾਲੇ ਜ਼ੋਰ ਨਾਲ ਆਪੇ ਤੋਂ ਬਾਹਰ ਉੱਛਲ-ਉੱਛਲ ਪੈਣਾ ਉਹਦਾ ਕਾਵਿਕ-ਆਵੇਸ਼ ਹੀ ਬਣ ਗਿਆ ਸੀ। ਕਵੀ ਲਿਖਣ ਦੇ ਪਲ ਹੀ ਕਵੀ ਹੋਵੇ ਇਹ ਛਲ ਹੈ, ਇਕ ਸੁਨਹਿਰੀ ਹਿਰਨ ਵਰਗਾ ਧੋਖਾ ਹੈ। ਵਾਲਟ ਵਿਟਮੈਨ ਦਾ ਸਗਲ ਆਪਾ ਹੀ ਕਵਿਤਾ ਵਿਚ ਢਲ ਚੁੱਕਾ ਸੀ। ਮਨੁੱਖੀ ਅਪਣੱਤ ਦਾ ਅਜੀਬ ਜ਼ੋਰ ਉਹਦੇ ਆਪੇ 'ਚ ਪ੍ਰੇਮ ਦਾ ਭਾਂਬੜ ਬਾਲ ਚੁੱਕਾ ਸੀ ਕਿ ਉਸਨੇ ਸੁਹਜ ਦੇ ਸਰੀਰ ਨੂੰ ਵੀ ਫਤਹ ਕਰ ਲਿਆ ਸੀ। ਮਨੁੱਖੀ ਭਲਾਈ ਤੇ ਹਮਦਰਦੀ ਦੇ ਤਮਾਮ ਰੂਪ ਉਹਦੇ ਸਫਰ 'ਚ ਸ਼ਾਮਿਲ ਹਨ। ਉਹਦੀ ਹਮਦਰਦੀ ਕਿਸੇ ਚੀਜ਼ ਨੂੰ ਸੁਹਜ ਭਰਪੂਰ ਚਿੰਨ ਬਣਨ ਦਾ ਪੈਂਡਾ ਤੈਅ ਕਰਨ ਤਕ ਉਡੀਕ ਨਹੀਂ ਸਕਦੀ। ਬਲਕਿ ਉਹ ਸਫਰ 'ਚ ਤੁਰੀਆਂ ਚੀਜ਼ਾਂ ਤੇ ਮੰਜ਼ਿਲ 'ਤੇ ਅਪੜੀਆਂ ਸਭ ਚੀਜ਼ਾਂ ਨੂੰ ਇਕੋ ਜਿੰਨੀ ਸ਼ਿੱਦਤ ਨਾਲ ਕਲਾਵੇ ਵਿਚ ਲੈਂਦਾ ਹੈ। ਮਨੁੱਖੀ ਪ੍ਰੇਮ ਤੇ ਹਮਦਰਦੀ ਨੂੰ ਵਾਲਟ-ਵਿਟਮੈਨ ਇਕ ਪਲ ਵੀ ਨਜ਼ਰ ਤੋਂ ਉਹਲੇ ਨਹੀਂ ਕਰ ਸਕਦਾ।
ਵਾਲਟ ਵਿਟਮੈਨ ਦਾ ਸੀਨਾ ਸਫ਼ਾਈ ਦੀ ਉਹ ਰੌਸ਼ਨ ਹਾਲਤ 'ਤੇ ਅਪੜ ਚੁੱਕਾ ਸੀ ਜਿਥੇ ਫਲਸਫਾ, ਆਰਟ, ਤਰੱਕੀ, ਵਿਗਿਆਨ ਤੇ ਮਨੁੱਖ ਦੇ ਤਮਾਮ ਪਹਿਲੂ ਆਪਣੀ ਅਸਲ ਹਾਲਤ ਵਿਚ ਦਿਸ ਆਉਂਦੇ ਹਨ। ਕੋਈ ਵੀ ਲਿਸ਼ਕਦੀ ਤੋਂ ਲਿਸ਼ਕਦੀ ਹਾਲਤ ਦੀ ਥਾਂ ਜੀਵਨ ਦੀ ਅਸਲ ਤੋਰ ਮੁਤਾਬਕ ਫੈਸਲੇ ਕਰਨ ਵਾਲੀ ਅੱਖ ਲਈ ਸਾਡਾ ਕਵੀ ਅਸਮਾਨਾਂ ਥੱਲੇ ਧੜਕੜਾ ਫਿਰਦਾ ਸੀ। ਇਕ ਤੱਕਣੀ ਨਾਲ ਫੈਸਲੇ ਕਰਨੇ ਨੂਰੀ ਚਸ਼ਮਾਂ ਦਾ ਅੰਦਾਜ਼ ਹੈ। ਇਹ ਉਹ ਹਾਲਤ ਹੁੰਦੀ ਹੈ ਕਿ ਬੰਦਾ ਚੀਜ਼ਾਂ 'ਚ ਉਤਰ-ਉਤਰ ਜਾਂਦਾ ਹੈ, ਇਕ ਖਿੱਚ ਤੋਂ ਦੂਜੀ ਖਿੱਚ ਵਲ ਮੁੜਨਾ, ਹਜ਼ਾਰਾਂ ਪਿਆਰਾਂ ਦਾ ਇਕੱਠ ਸੱਦਾ ਤੇ ਜਿਸਮਾਂ ਦਾ ਵਿਸਮਾਦਾਂ 'ਚ ਅਡੋਲ ਬਣੇ ਰਹਿਣਾ ਤੇ ਕਦੇ ਹਜ਼ਾਰਾਂ ਦਰਾਂ 'ਤੇ ਇਕ ਪਿਆਰ ਕਣੀ ਲਈ ਧਾਉਂਦੇ ਫਿਰਨਾ ਤੇ ਸਭ ਕੁਝ ਅਨਮੋਲ ਹੋ ਹੋ ਜਾਣਾ। ਰਸੀਲੇ-ਘੁੱਟਾਂ ਨਾਲ ਸਰੀਰੋਂ ਬਾਹਰ ਹੋ ਬਹਿਣਾ, ਜਿਸਮਾਂ ਦਾ ਪਿੰਜਰੇ ਵਾਂਗ ਕੈਦ ਲਗਣਾ ਤੇ ਰਸੀਲੀਆਂ ਝਰਨਾਟਾਂ 'ਚ ਜਿਸਮ ਦਾ ਦੈਵੀ ਹੋ ਜਾਣਾ। ਹਰ ਅਦਾ 'ਚ ਜਲਾਲ ਭਰ ਜਾਣਾ ਇਸ ਮੁਕਾਮ ਦੀ ਖਾਸ ਬਖਸ਼ਿਸ਼ ਹੈ। ਕਵੀ ਜੇ ਮਿੱਟੀ ਨੂੰ ਹੱਥ ਲਾ ਦੇਵੇ ਸੋਨਾ ਬਣਾ ਦੇਵੇ। ਕਾਲੇ ਸਿਆਹ ਪੱਥਰ ਉਹਦੀ ਛੁਹ ਨਾਲ ਹੀਰਿਆਂ ਵੱਲ ਚਮਕ ਉੱਠਣ। ਅਲਬੇਲੀਆਂ ਖਿੱਚਾਂ ਦੇ ਨਸ਼ੇ 'ਚ ਉੱਡੇ ਫਿਰਨਾ ਬਸ ਇਹੀ ਬੰਦਗੀ ਪਾਲਣੀ ਵਾਲਟ ਵਿਟਮੈਨ ਦਾ ਮੁਕਾਮ ਹੈ। ਇਹੀ ਖਿੱਚਾਂ ਆਪਣੇ ਅਗਲੇ ਪੜਾਵਾਂ 'ਤੇ ਪਹੁੰਚ ਵਿਸਮਾਦ ਦੇ ਉਹ ਰੰਗ ਦਿਖਾਉਂਦੀਆਂ ਹਨ ਕਿ ਫਿਰ ਮਸਜਿਦ 'ਚੋਂ ਸਿਜਦੇ ਨਹੀਂ ਉਭਰਦੇ ਬਲਕਿ ਸਿਜਦੇ ਦੇ ਜ਼ੋਰ 'ਚੋਂ ਮਸਜਿਦਾਂ ਉਭਰਦੀਆਂ ਹਨ। ਬਾਦਸ਼ਾਹ ਚਾਹੁਣ ਤਾਂ ਸ਼ਸਤਰ ਧਾਰਨ ਕਰਨ ਚਾਹੁਣ ਤਾਂ ਸੰਗੀਤ ਨਾਚ ਦੀ ਮਹਿਫ਼ਿਲ 'ਚ ਜਾ ਬੈਠਣ। ਚਾਹੁਣ ਤਾਂ ਸ਼ਿਕਾਰ 'ਤੇ ਜਾ ਚੜਨ ਚਾਹੁਣ ਤਾਂ ਆਰਾਮ 'ਚ ਪ੍ਰਵੇਸ਼ ਕਰਨ। ਚਾਹੁਣ ਤਾਂ ਕੁੱਲੀਆਂ ਨੂੰ ਭਾਗ ਲਾਉਣ ਜਾਂ ਹੀਰਿਆਂ ਜੜੇ ਤਖ਼ਤਾਂ 'ਤੇ ਜਾ ਬਿਰਾਜਨ। ਹਰ ਕਿਸਮ ਦੀ ਆਜ਼ਾਦੀ ਤੇ ਸ਼ਾਇਦ ਆਜ਼ਾਦੀ ਤੋਂ ਵੀ ਆਜ਼ਾਦੀ ਕਵੀ ਸੁਰਤਿ ਦਾ ਲੱਛਣ ਹੈ। ਇਹੀ ਉਸਦੇ ਸਨੱਖੇ ਸਰੀਰ ਦਾ ਫੱਬਵਾਂ ਗਹਿਣਾ ਹੈ। ਵਾਲਟ ਵਿਟਮੈਨ ਸਰੀਰਕ, ਮਾਨਸਿਕ ਤੇ ਆਤਮਕ ਪੱਖੋਂ ਰੱਜੇ ਮਨੁੱਖ ਦਾ ਗੀਤ ਗਾਉਂਦਾ ਹੈ। ਜੀਵਨ ਦੀਆਂ ਜਿੱਤਾਂ-ਹਾਰਾਂ, ਅਬਾਦੀਆਂ, ਵੀਰਾਨੀਆਂ, ਸ਼ਾਨਾਂ ਤੇ ਬੇਪੱਤੀਆਂ ਦੇ ਤਮਾਮ ਰੰਗਾਂ ਦਾ ਭੋਛਣ ਓੜ ਵਾਲਟ ਵਿਟਮੈਨ ਖੁੱਲੀ ਸੜਕ 'ਤੇ ਕੂਕਦਾ ਫਿਰਦਾ ਹੈ। ਵਾਲਟ ਵਿਟਮੈਨ ਮਨੁੱਖ ਹੋ ਕੇ ਮਨੁੱਖ ਦੀ ਸ਼ਾਨ ਦਾ ਜਸ਼ਨ ਮਨਾਉਂਦਾ ਕਾਵਿ-ਅਨੁਭਵ ਪ੍ਰਗਟ ਕਰਦਾ ਹੈ। ਮਨੁੱਖ ਦੀ ਉਡਾਰੀ ਚਾਵਾਂ ਹਉਕਿਆਂ ਤੇ ਖੁਸ਼ੀਆਂ ਦੇ ਤਮਾਮ ਰੰਗਾਂ ਦਾ ਅਦ੍ਰਿਸ਼ਟ ਮੰਡਲ, ਭਰਪੂਰ ਇਸ਼ਾਰਿਆਂ ਨਾਲ ਉਹਦੀ ਸ਼ਾਇਰੀ ਵਿਚ ਅਨੋਖੇ ਜੋਸ਼ ਨਾਲ ਨਮੂਦਾਰ ਹੋਇਆ ਹੈ। ਸਰੀਰ ਦਾ ਲਜੀਜ਼ ਹੁਸਨ ਉਹਦੀ ਕਾਵਿ-ਕਿਰਤ ਵਿਚ ਕੋਈ ਸੋਹਣੀ ਜ਼ਿੰਦਗੀ ਤਰਾਸਦਾ ਹੈ ਤਕਨੀਕੀ ਤੇ ਵਿਗਿਆਨਕ ਚੜਤ ਵਾਲੇ ਸੌਰੀਲੇ ਅਮਰੀਕੀ ਸਮਾਜ ਵਿਚ ਉਹ ਰੱਜੀ ਹਿੱਕ ਦੀ ਡੂੰਘੀ ਚੁੱਪ ਦਾ ਸਨੇਹਾ ਪਾਲਦਾ ਹੈ। ਪਦਾਰਥ ਮਾਹੌਲ ਦੇ ਸੰਘਣੇਪਣ 'ਚੋਂ ਉਭਰਦੀ ਮਾਨਸਿਕਤਾ ਪਿੱਛੇ ਪਲਦੀ ਮਨੁੱਖੀ ਹਮਦਰਦੀ ਦੀ ਸੁਸਤ ਚਾਲ ਵਿਚੋਂ ਉਹ ਮਨੁੱਖਤਾ ਲਈ ਤੰਦਰੁਸਤ ਸਦੀਵੀ ਸੰਕਲਪ ਉਭਾਰਨ ਦੇ ਸਮਰਥ ਹੈ। ਇਹ ਕਮਾਲ ਇਸ ਹੱਦ ਤਕ ਬੁਲੰਦ ਦਰਜੇ ਦਾ ਹੈ ਕਿ ਇਹ ਸੰਕਲਪ ਅਸਮਾਨੀ ਰਾਜ਼ਾਂ ਨਾਲ ਬਲਦੇ ਧਰਮ 'ਚੋਂ ਉਭਰਦੇ ਸੰਕਲਪਾਂ ਦੇ ਬਾਹਰੀ ਸਰੀਰ ਨਾਲ ਇਕਮਿਕ ਹੋ ਜਾਂਦੇ ਹਨ। ਪ੍ਰੀਤ ਦਾ ਸੁਭਾਅ ਸ਼ਿਕਾਇਤ ਕਰਨਾ ਨਹੀਂ। ਹਜ਼ਾਰਾਂ ਬਦੀਆਂ ਦੇ ਚਲਾਕ ਸਾਜ਼ਿਸ਼ਾਂ 'ਚੋਂ ਵੀ ਸਬਰ ਦੇ ਜ਼ੋਰ ਨਾਲ ਟਿਕੇ ਰਹਿਣਾ ਤੇ ਆਪਣੇ ਵਿਸ਼ਾਲ ਹਿਰਦੇ 'ਚ ਗੁਨਾਹਗਾਰਾਂ ਦੇ ਰਾਜ਼ ਛੁਪਾ ਰੱਖਣੇ ਪ੍ਰੀਤ ਦੀ ਸਭਿਅਤਾ ਦਾ ਅੰਦਾਜ਼ ਹੈ। ਜਗ ਦੀਆਂ ਕਾਲਖਾਂ 'ਚੋਂ ਚਾਨਣ ਦੇ ਕਤਰੇ ਇਕੱਠੇ ਕਰ ਉਹਨਾਂ ਨੂੰ ਅਜਿਹੇ ਵਹਿਣ ਦਾ ਰੂਪ ਦੇ ਦੇਣਾ ਕਿ ਜਗ ਆਪ ਹੀ ਉੱਜਲਾ ਹੋ ਬੈਠੇ। ਵਾਲਟ-ਵਿਟਮੈਨ ਜ਼ਮਾਨੇ ਦੇ ਹਨੇਰਿਆਂ ਵਿਚੋਂ ਨੂਰ ਦੀਆਂ ਕਿਰਨਾਂ ਇਕੱਠੀਆਂ ਕਰ ਉਹਨਾਂ ਨੂੰ ਚੇਤਨਾ ਦੇ ਅਸਮਾਨਾਂ ਉੱਤੇ ਸੂਰਜ ਵਾਂਗ ਲਿਸ਼ਕਾਉਣ ਦੀ ਸਮਰਥਾ ਰੱਖਦਾ ਹੈ।
ਵਾਲਟ ਵਿਟਮੈਨ ਉੱਤੇ ਉਹ ਜਵਾਨੀ ਆਈ ਕਿ ਧਰਤੀ ਦੀ ਕੋਈ ਸ਼ੈਅ ਉਹਦੇ ਜੋਬਨ ਨੂੰ ਸਮਝਾਉਣ ਦੀ ਵਿਸ਼ਾਲਤਾ ਨਹੀਂ ਰੱਖਦੀ। ਉਹਦੀ ਚੌੜੀ ਹਿੱਕ 'ਚ ਉਹ ਜੋਸ਼ ਉਛਾਲੇ ਮਾਰਦਾ ਹੈ ਕਿ ਉਹ ਧਰਤੀ ਦੇ ਤਮਾਮ ਹੁਸਨ ਨੂੰ ਆਪਣੀ ਛਾਂ ਥੱਲੇ ਪੱਲਦਾ ਦੇਖਣਾ ਚਾਹੁੰਦਾ ਹੈ। ਧਰਤ ਦੇ ਬਣੇ ਹੋਏ ਸੰਕਲਪਾਂ ਤੇ ਜੀਵਨ ਦੀਆਂ ਤਰਕੀਬਾਂ ਨੂੰ ਉਹਦੀ ਪ੍ਰੀਤ ਦਾ ਹੜ ਹਰ ਘੜੀ ਨਵਾਂ ਰੰਗ ਪ੍ਰਦਾਨ ਕਰਦਾ ਹੈ। ਵਾਲਟ ਵਿਟਮੈਨ ਕਿਸੇ ਅਮਰੀਕਨ ਮਾਂ ਦਾ ਉਹ ਸੂਰਾ ਪੁੱਤ ਹੈ ਕਿ ਉਹਦੀ ਅੰਦਰਲੀ ਤਾਕਤ ਸਾਹਮਣੇ ਮਨੁੱਖ ਦੀ ਸ਼ਾਨ ਤੋਂ ਕੋਈ ਛੋਟੀ ਸ਼ੈਅ ਟਿਕ ਨਹੀਂ ਸਕਦੀ। ਉਹਦੇ ਕਦਮਾਂ ਦੇ ਭਾਰੀ ਵੇਗ ਸਾਹਵੇਂ, ਉਹਦੀ ਚਾਲ ਦੇ ਸ਼ਾਹਾਨਾ ਅੰਦਾਜ਼ ਅੱਗੇ ਕੋਈ ਖੜੋਤ ਨਹੀਂ ਅਟਕਦੀ ਤੇ ਉਹਦੇ ਨੈਣ ਲਗਾਤਾਰ ਕਿਸੇ ਉਚਾਈ ਨੂੰ ਤੱਕਦੇ ਹਨ ਕਿਸੇ ਅਮੁੱਕ ਮੰਜ਼ਿਲ ਨੂੰ ਤਾਂਘਦੇ ਹਨ। ਉਹਦੀ ਕਵਿਤਾ ਦਾ ਸਾਥ ਬੁੱਝ ਚੁਕੇ ਨੈਣਾਂ ਵਿਚ ਜੀਵਨ ਦੀ ਲਿਸ਼ਕ ਪੈਦਾ ਕਰਨ ਦੇ ਸਮਰੱਥ ਹੈ। ਉਹਦੀ ਕਵਿਤਾ ਜੀਵਨ ਦੇ ਤਮਾਮ ਰੰਗਾਂ ਨੂੰ ਕਬੂਲ ਕਾਫ਼ਲੇ ਦੀ ਸ਼ਕਲ ਧਾਰਨ ਕਰ ਜਾਂਦੀ ਹੈ ਤੇ ਵਾਲਟ ਵਿਟਮੈਨ ਦੇ ਸੀਨੇ 'ਚ ਉਛਾਲੇ ਮਾਰਦਾ ਜੋਸ਼ ਇਸ ਕਾਫਲੇ ਦੀ ਜਰਨੈਲੀ ਕਰਦਾ ਹੈ। ਉਹਦੇ ਕਾਵਿ-ਆਵੇਸ਼ ਵਿਚਲੇ ਜੋਸ਼ ਦਾ ਉਛਾਲਾ ਜੰਗਲਾਂ 'ਚ ਜੈਕਾਰੇ ਛੱਡਦੇ ਸਿੰਘਾਂ ਦੀ ਚੜਦੀ ਕਲਾ ਵੱਲ ਸਫ਼ਰ ਕਰਦਾ ਪ੍ਰਤੀਤ ਹੁੰਦਾ ਹੈ।
ਵਾਲਟ ਵਿਟਮੈਨ ਨੇ ਧੁਰ ਪੱਛਮ ਦੀ ਧਰਤੀ ਨੂੰ ਭਾਗ ਲਾਏ ਅਤੇ ਪ੍ਰੋ. ਪੂਰਨ ਸਿੰਘ ਦਾ ਸੂਰਜ ਪੂਰਬ (ਜਪਾਨ: ਜਿਥੇ ਅਸਮਾਨੀ ਸੂਰਜ ਸਭ ਤੋਂ ਪਹਿਲਾਂ ਦਿਖਾਈ ਦਿੰਦਾ ਹੈ) 'ਚੋਂ ਉਦੈ ਹੋਇਆ। ਧਰਤੀ ਦੇ ਨਕਸ਼ੇ 'ਤੇ ਜਪਾਨ ਧੁਰ ਪੂਰਬ ਅਤੇ ਅਮਰੀਕਾ ਪੱਛਮ ਦੇ ਸਿਰੇ 'ਤੇ ਹੈ ਅਤੇ ਧਰਤ ਦੀ ਗੋਲਾਈ ਕਾਰਨ ਦੋਵਾਂ ਦਾ ਫ਼ਾਸਲਾ ਬਹੁਤ ਹੀ ਥੋੜਾ ਹੈ। ਇਹ ਹੈਰਾਨੀਜਨਕ ਤੱਥ ਵਿਸਮਾਦਾਂ ਭਰੇ ਸੀਨਿਆਂ ਲਈ ਭੇਤਾਂ ਤੋਂ ਸੱਖਣਾ ਤਸਲੀਮ ਕਰਨਾ ਅਤਿ ਕਠਿਨ ਹੈ। ਗੱਲਾਂ ਬਾਹਰੋਂ ਸਦਾ ਹੀ ਸਾਦਾ ਰਹਿੰਦੀਆਂ ਹਨ, ਮੌਕਾ ਮੇਲ ਤੇ ਅਚਾਨਕ ਵਾਪਰੀਆਂ ਲੱਗਦੀਆਂ ਹਨ ਪਰ ਜਲਾਲ ਭਰਪੂਰ ਇਸ ਜੀਵਨ ਵਿਚ ਕੁਝ ਵੀ ਭੇਤਾਂ ਤੋਂ ਸੱਖਣਾ ਨਹੀਂ। ਹਰ ਜ਼ੱਰੇ ¡ਚ ਅਸੰਖਾਂ ਅਸਮਾਨੀ ਰਾਜ਼ ਬਲ ਰਹੇ ਹਨ। ਇਨਾਂ ਸਾਦਾ ਤੱਥਾਂ ਅੰਦਰਲੀ ਬਿਜਲਈ ਗਤੀ ਦੀ ਪਹਿਚਾਣ ਹੀ ਇਹਨਾਂ ਦੀ ਕਰਾਮਾਤੀ ਤਾਸੀਰ ਉਜਾਗਰ ਕਰਦੀ ਹੈ।
ਪ੍ਰੋ. ਪੂਰਨ ਸਿੰਘ ਇਕ ਅਸਮਾਨ ਦੀ ਰੌਣਕ ਵਿਚ ਲੱਖਾਂ ਅਸਮਾਨਾਂ ਦੀ ਬਰਕਤ ਪੈਦਾ ਕਰਨ ਦੇ ਸਮਰੱਥ ਕਵੀ ਹੈ। ਰਸੀਲੇ ਚਾਵਾਂ ਦਾ ਉਛਾਲੇ ਮਾਰਦਾ ਜੋਸ਼ ਉਸ ਦੇ ਕਾਵਿ ਵਿਚ ਤਾਕਤਵਰ ਦਰਿਆ ਵਾਂਗ ਵਹਿੰਦਾ ਹੈ। ਉਹ ਪ੍ਰੀਤ ਦੇ ਤਿੱਖੇ ਲੋਰ ਦਾ ਨਸ਼ਿਆਇਆ ਕਦੇ ਹਰੇ ਘਾਹਾਂ 'ਤੇ ਲੇਟਣੀਆਂ ਲੈਂਦਾ ਫਿਰਦਾ ਹੈ, ਕਦੇ ਕਾਲੇ ਸਿਆਹ ਕੇਸਾਂ ਵਿਚ ਤਾਰੇ ਤੋੜ ਤੋੜ ਸਜਾਉਂਦਾ ਹੈ। ਕਦੇ ਦਰਖਤਾਂ ਨੂੰ ਜੱਫੀਆਂ ਪਾਉਂਦਾ ਹੈ ਕਦੇ ਡੰਗਰਾਂ ਦੇ ਗਲਾਂ 'ਚ ਬਾਹਾਂ ਪਾ ਹੰਝੂ ਕੇਰਦਾ ਹੈ ਤੇ ਕਦੇ ਚੰਨ ਦੇ ਹੁਸਨ ਨੂੰ ਦੇਖ ਉਸਦੀਆਂ ਚੀਕਾਂ ਨਿਕਲ ਜਾਂਦੀਆਂ ਹਨ। ਇਕ ਫੁੱਲ ਵਿਚੋਂ ਬਾਗ ਦੀ ਮਹਿਕ ਪੈਦਾ ਕਰ ਦੇਣਾ ਉਸ ਦੀ ਕਲਮ ਦਾ ਕਮਾਲ ਹੈ। ਪੂਰਨ ਸਿੰਘ ਦੀ ਪ੍ਰੇਮ ਦੀ ਸਾਣ 'ਤੇ ਤਿੱਖੀ ਹੋਈ ਸੁਰਤਿ ਕਾਵਿ-ਆਵੇਸ਼ ਵਿਚ ਖਿਆਲ ਤੇ ਮਨ ਦੀ ਉਲਝਣ ਦਾ ਕੋਈ ਰੰਗ ਬਰਦਾਸ਼ਤ ਨਹੀਂ ਕਰ ਸਕਦੀ। ਕਾਵਿ-ਆਵੇਸ਼ ਜਿਸਮ ਦੀ ਰੂਹਾਨੀਅਤ 'ਚੋਂ ਹੀ ਉਭਰੇ ਸਾਡੇ ਕਵੀ ਦੀ ਨਾਜ਼ਾਂ ਲੱਦੀ ਅੱਖ ਸਿਰਫ ਤੇ ਸਿਰਫ ਇਹੀ ਦੇਖਣ ਦੀ ਚਾਹਵਾਨ ਹੈ। ਜੇ ਕਵਿਤਾ ਧਰਤੀ ਦੇ ਲੇਟਵੇਂ ਵਿਸਥਾਰਾਂ ਦੀਆਂ ਰੰਗੀਨੀਆਂ ਹੀ ਪੇਸ਼ ਕਰਦੀ ਹੈ ਤਾਂ ਇਸ ਦਾ ਧੁਰ ਅੰਦਰਲਾ ਅਨੁਭਵ ਨਸਰ (ਵਾਰਤਕ) ਦਾ ਹੱਕਦਾਰ ਹੈ ਕਵਿਤਾ ਦਾ ਨਹੀਂ। ਜੀਵਨ ਦੇ ਸੰਘਣੇ ਅਨੁਭਵ ਦੀ ਤਰਲਤਾ ਤੇ ਨਜ਼ਾਕਤ ਵਿਆਖਿਆ ਦੀ ਮੰਗ ਨਹੀਂ ਕਰਦੀਆਂ ਅਤੇ ਨਾ ਹੀ ਵਿਆਖਿਆਵਾਂ ਨਾਲ ਮਨੁੱਖਤਾ ਨੂੰ ਜੀਵਨ ਦੀ ਪੇਚੀਦਗੀ ਤੋਂ ਮੁਕਤੀ ਮਿਲ ਸਕਦੀ ਹੈ। ਇਹਨਾਂ ਨਾਲ ਮਨੁੱਖ ਇਕ ਕੈਦ ਤੋਂ ਮੁਕਤ ਹੋ ਹੋਰ ਸੂਖਮ ਕਿਸਮ ਦੀ ਕੈਦ ਵਿਚ ਜਾ ਪੈਂਦਾ ਹੈ। ਮਨੁੱਖ ਦੀ ਕੋਮਲ ਸੁਰਤਿ ਹਰ ਘੜੀ ਰੂਹਾਨੀ ਉਛਾਲ ਦੀ ਮੰਗ ਕਰਦੀ ਹੈ। ਜੇ ਕਾਵਿ-ਅਨੁਭਵ ਦਾ ਬੁਨਿਆਦੀ ਕੇਂਦਰ ਵਿਸ਼ਲੇਸ਼ਣ ਹੈ ਤਾਂ ਮਨ ਦੇ ਹੋਰ ਹਿੱਸਿਆਂ 'ਚੋਂ ਆਏ ਰੰਗੀਨ ਬਿੰਬ, ਕਲਪਨਾ, ਸੰਗੀਤ ਤੇ ਮਿੱਠੀ ਸ਼ਬਦਾਵਲੀ ਇਕ ਰਸੀਲਾ ਭਰਮ ਤਾਂ ਸਿਰਜ ਸਕਦੇ ਹਨ ਪਰ ਮਨੁੱਖ ਦੇ ਅਸਲੀ ਸਫ਼ਰ ਵਿਚ ਸ਼ਾਮਿਲ ਨਹੀਂ ਹੋ ਸਕਦੇ। ਕਵੀ ਸੁਰਤਿ ਜਦੋਂ ਖੰਡਿਤ-ਆਪੇ 'ਚ ਧੜਕਦੀ ਹੈ ਤਾਂ ਉਹ ਦੈਵੀ-ਇਕਸੁਰਤਾ ਵਾਲਾ ਸੰਗੀਤ ਨਹੀਂ ਸਿਰਜ ਸਕਦੀ। ਜੇ ਪਿਆਰ ਦੇ ਨੂਰਾਨੀ ਤੇਜ ਵਿਚ ਜਿਸਮ ਤੇ ਮਨ ਦੇ ਦੁਨਿਆਵੀ ਰੰਗ ਸੜ ਬਲ ਕੇ ਸੁਆਹ ਨਹੀਂ ਹੋਏ ਤਾਂ ਕਵੀ ਰੂਹ ਦੇ ਜਸ਼ਨ 'ਚ ਦਾਖਲ ਨਹੀਂ ਹੋ ਸਕੇਗਾ। ਪਿਆਰ ਦੀ ਦੁਨੀਆਂ 'ਚ ਪਾਰਦਰਸ਼ੀ ਹੋਈ ਸੁਰਤਿ ਨੂੰ ਧੋਖਾ ਨਹੀਂ ਵਿਆਪਦਾ ਤੇ ਨਾ ਹੀ ਉਸ ਦੀ ਰੂਹਾਨੀ ਦੌਲਤ ਗ਼ਲਤ ਸਿਜਦੇ ਨਾਲ ਠੱਗੀ ਜਾ ਸਕਦੀ ਹੈ:
ਨਾ ਓਹਿ ਮਰਹਿ ਨਾ ਠਾਗੇ ਜਾਹਿ॥
ਜਿਨ ਕੈ ਰਾਮੁ ਵਸੈ ਮਨ ਮਾਹਿ॥
ਸੋ ਕਵੀ ਕੋਲ ਜੇ ਵਿਸਮਾਦੀ ਪ੍ਰੀਤਾਂ ਦਾ ਲਾਲ ਸੂਹਾ ਮੁਹਾਰਾ ਪਟਾਰਾ ਨਹੀਂ ਤਾਂ ਉਹ ਬਹੁਤ ਕੁਝ ਹੁੰਦੇ ਹੋਏ ਵੀ ਮਨੁੱਖ ਦੇ ਰੋਸ਼ਨ ਸਿਜਦੇ ਦਾ ਹੱਕ ਹਾਸਿਲ ਨਹੀਂ ਕਰ ਸਕਦਾ। ਉਹਦੀ ਯਾਰੀ ਦਾ ਮੁਕਾਮ ਰੂਹ ਤਕ ਸਫ਼ਰ ਨਹੀਂ ਕਰੇਗਾ। ਅਜਿਹੀ ਘੜੀ ਉਸ ਦੇ ਕਾਵਿ ਨਾਲ ਮਨੁੱਖ ਆਪਣੇ ਵਿਸਮਾਦ ਮੰਡਲ ਜੋੜ ਕੇ ਉਸ ਨੂੰ ਉਚਾਈ ਦੀ ਬਖਸ਼ਿਸ਼ ਕਰੇਗਾ ਪਰ ਜੋ ਰਸ ਕਵੀ ਦੇ ਸੀਨੇ 'ਚ ਪੈਦਾ ਹੀ ਨਹੀਂ ਹੋਇਆ ਉਹ ਕਵਿਤਾ ਵੀ ਕਿਥੋਂ ਪੈਦਾ ਕਰੇ? ਪਿਆਰ ਦੀ ਪਾਕੀਜ਼ਾ ਵਾਦੀ ਵਿਚ ਦਿਮਾਗੀ ਸਿਆਣਪਾਂ ਤੇ ਹੋਰ ਕਾਰੀਗਰੀਆਂ ਮਾਣ ਹਾਸਲ ਨਹੀਂ ਕਰ ਸਕਦੀਆਂ। ਪਿਆਰ ਹੀ ਪਿਆਰ ਨੂੰ ਰਜਾ ਸਕਦਾ ਹੈ। ਪਿਆਰ ਦੀ ਮੰਗ ਗਿਆਨ-ਧਿਆਨ ਤੇ ਹੋਰ ਮਿੱਠੀਆਂ ਵਸਤਾਂ ਨਾਲ ਪੂਰੀ ਨਹੀਂ ਹੁੰਦੀ। ਦਿਲ ਦੀ ਰਸੀਲੀ ਲੈਅ ਨਾਲ ਫ਼ੈਸਲੇ ਕਰਦੀ ਸੁਰਤਿ ਅਜਿਹੇ ਕਾਵਿ ਦੀ ਹਰ ਰਮਜ਼ ਪਛਾਣਦੀ ਹੈ। ਇਹ ਸੁਰਤਿ ਬੋਲਾਂ ਪਿੱਛੇ ਕੰਮ ਕਰਦੇ ਅਦ੍ਰਿਸ਼ਟ ਮਾਹੌਲ ਨੂੰ ਸਾਫ਼ ਦੇਖਣ ਤੇ ਮਹਿਸੂਸ ਕਰਨ ਦੇ ਸਮਰੱਥ ਹੁੰਦੀ ਹੈ। ਵਿਸਮਾਦੁ ਦੀ ਅਸਲ ਧੂਹ ਤੋਂ ਸੱਖਣੇ ਕਾਵਿ ਵਿਚੋਂ ਗਿਆਨ ਦੀਆਂ ਖ਼ੂਬਸੂਰਤ ਤੇ ਮਹੀਨ ਲੜੀਆਂ ਤਾਂ ਉਪਜ ਸਕਦੀਆਂ ਹਨ ਪਰ ਮਨੁੱਖੀ ਰੂਹ ਕਵਿਤਾ ਤੋਂ ਗਿਆਨ ਦੀ ਮੰਗ ਨਹੀਂ ਕਰਦੀ। ਕਾਵਿ-ਅਨੁਭਵ ਦਾ ਧੁਰਾ ਹਮੇਸ਼ਾਂ ਹੀ ਵਿਸਮਾਦ ਰਹੇਗਾ ਤੇ ਕੁਦਰਤ ਦੇ ਵਿਸਮਾਦੁ ਤੋਂ ਰੂਹ ਦੇ ਵਿਸਮਾਦਾਂ ਰੱਤੇ ਸ਼ਿੰਗਾਰ ਨਾਲ ਕਵਿਤਾ ਆਪਣਾ ਜਿਸਮ ਸ਼ਿੰਗਾਰਦੀ ਰਹੇਗੀ। ਪ੍ਰੋ. ਪੂਰਨ ਸਿੰਘ ਦੀ ਰੂਹ ਉੱਡਣੇ ਚਾਵਾਂ ਦੇ ਵਿਸਮਾਦਾਂ ਵਿਚ ਲਹਿਰਦੀ ਤਮਾਮ ਫ਼ਿਕਰਾਂ ਤੋਂ ਮੁਕਤ ਅਸਮਾਨਾਂ ਨੂੰ ਜ਼ੋਰਾਵਰ ਸ਼ਾਹਬਾਜ਼ਾਂ ਵਾਂਗ ਗਾਹੁੰਦੀ ਹੈ। (ਉਹ ਸੂਫੀ ਫ਼ਕੀਰਾਂ ਦੇ ਕਮਾਏ ਅਹਿਸਾਸ ਵਾਲੇ ਲਫ਼ਜ਼ਾਂ ਨੂੰ ਆਪਣੇ ਕਾਵਿਕ-ਹੁਲਾਰੇ ਲਈ ਨਹੀਂ ਵਰਤਦਾ)। ਉਹਦਾ ਅਲਬੇਲਾ ਪਨ ਸਧਾਰਨ ਕਿਸਮ ਦੀ ਮਸਤੀ ਨਹੀਂ ਬਲਕਿ ਸੁਰਤਿ ਦੇ ਗਾੜੇ ਨਸ਼ਿਆਂ ਦਾ ਲੋਰ ਹੈ। ਉਹਦੀ ਝੂੰਮ 'ਚੋਂ ਗਿਆਨ ਧਿਆਨ ਦੀਆਂ ਹਜ਼ਾਰਾਂ ਤਫਸੀਲਾਂ ਆਪਣਾ ਰਾਹ ਪਾਉਂਦੀਆਂ ਹਨ। ਇਹ ਕਮਾਲ ਪ੍ਰੋ. ਪੂਰਨ ਸਿੰਘ 'ਚ ਹੀ ਹੈ ਕਿ ਉਹ ਅਨੰਤ ਤੋਂ ਹੋਰ ਅਨੰਤ ਤੇ ਅਦ੍ਰਿਸ਼ਟ ਤੋਂ ਹੋਰ ਅਦ੍ਰਿਸ਼ਟਤਾ ਦੇ ਮੰਡਲਾਂ ਵਿਚ ਪਰਵਾਜ਼ ਕਰਨ ਦੇ ਸਮਰੱਥ ਹੈ। ਅੰਦਰਲੇ ਪ੍ਰੇਮ ਦਾ ਵੇਗ ਜਦੋਂ ਰੂਹ ਦੇ ਮੰਡਲਾਂ ਨਾਲ ਰਾਬਤਾ ਕਾਇਮ ਕਰ ਲੈਂਦਾ ਹੈ ਤਾਂ ਹੀ ਕਵਿਤਾ ਆਪਣੀ ਮੁਕੰਮਲ ਸ਼ਾਨ ਨੂੰ ਨਸ਼ਰ ਕਰਦੀ ਹੈ। ਪ੍ਰੇਮ ਦੀਆਂ ਲੱਖਾਂ ਧੂਹਾਂ ਕਵੀ ਸੀਨੇ ਨੂੰ ਕਵਿਤਾ ਦੀਆਂ ਹੁਨਰੀ ਜੁਗਤਾਂ ਦਾ ਗ਼ੁਲਾਮ ਨਹੀਂ ਰਹਿਣ ਦਿੰਦੀਆਂ। ਬਲਕਿ ਉਹ ਅੰਦਰਲੀ ਧੂਹ ਦੀ ਚਾਕਰੀ ਹਿਤ ਹੱਥ ਬੰਨ ਉਹਦੇ ਦਰ 'ਤੇ ਖੜਦੀਆਂ ਹਨ। ਰੂਹਾਨੀਅਤ ਦੀਆਂ ਗੈਬੀ ਵਾਦੀਆਂ ਫਤਹ ਕਰ ਚੁੱਕੀ ਸੁਰਤਿ ਆਪਣੇ ਮਜ਼ਬੂਤ ਜ਼ਬਤ ਤੇ ਅਥਾਹ ਪਿਆਰ 'ਚੋਂ ਹੀ ਉਭਰੀ ਨਿਰਲੇਪਤਾ ਕਾਰਨ ਛੰਦ-ਬਧ ਕਵਿਤਾ ਵਿਚ ਵੀ ਆਪਣੇ ਰਸੀਲੇ ਅਨੁਭਵ ਨੂੰ ਕਾਵਿ-ਹੁਨਰ ਤੋਂ ਮੁਕਤ ਰੱਖ ਸਕਦੀ ਹੈ, ਪਰ ਉਂਝ ਵੱਡੇ ਕਵੀਆਂ ਦੀ ਅੰਦਰਲੀ ਗਤੀ ਦੀ ਪਰਖ ਉਨਾਂ ਦੀ ਖੁੱਲੀ ਕਵਿਤਾ ਤੋਂ ਕਰਨੀ ਸੁਖਾਲੀ ਹੋ ਜਾਂਦੀ ਹੈ। ਕਾਵਿ-ਅਭਿਆਸ ਤੇ ਹੋਰ ਦਿਮਾਗੀ ਕਸਰਤਾਂ ਨਾਲ ਛੰਦ-ਬਧ ਕਵਿਤਾ ਵਿਚ ਉਨਾਂ ਦੇ ਅਨੁਭਵ ਦਾ ਅਸਲ ਮਿਆਰ ਬਹੁਤ ਵਾਰ ਛੁਪਿਆ ਹੀ ਰਹਿ ਜਾਂਦਾ ਹੈ। ਪ੍ਰੋ. ਪੂਰਨ ਸਿੰਘ ਦੀ ਖੁੱਲੀ ਕਵਿਤਾ ਉਹਦੇ ਸੀਨੇ ਅੰਦਰ ਵੱਸਦੇ ਖੁੱਲੇ ਅਸਮਾਨੀ ਰੰਗਾਂ ਤੇ ਉਹਦੇ ਨੈਣਾਂ ਚ ਸਮਾਏ ਖੁੱਲੇ ਮੈਦਾਨਾਂ ਦੀ ਹਰਿਆਵਲ ਦੇ ਦਰਸ਼ਨ ਕਰਾਉਂਦੀ ਹੈ। ਮਨੁੱਖ ਦੀ ਅਸਲ ਸ਼ਾਨ ਉਹਦੇ ਓਹਲੇ ਦੀ ਸ਼ਾਨ ਹੈ। ਦੂਜਿਆਂ ਦੀ ਅੱਖ ਤੋਂ ਓਹਲੇ ਜੋ ਕੁਝ ਕਵੀ ਜੀਵਨ ਜਾਂ ਕਵੀ ਮਨ 'ਚ ਵਾਪਰਦਾ ਹੈ ਜੇ ਕਵੀ ਉਸਨੂੰ ਨਿਸੰਗ ਬਿਆਨ ਕਰ ਸਕੇ ਤੇ ਉਹ ਸ਼ਾਨਾਮੱਤਾ ਹੋਵੇ ਤਾਂ ਕਵਿਤਾ ਜ਼ਰੂਰ ਸਵਰਗ ਦੀਆਂ ਰੌਣਕਾਂ ਧਰਤੀ ਉੱਤੇ ਲੈ ਆਵੇਗੀ। ਪ੍ਰੋ. ਪੂਰਨ ਸਿੰਘ ਦੇ ਜੀਵਨ ਦੀ ਉਹ ਕਮਾਈ ਹੈ ਕਿ ਉਸਨੇ ਸੁਰਤਿ ਦੇ ਹਰ ਘੁੰਡ ਨੂੰ ਖੁੱਲਾ ਰੱਖਿਆ ਹੈ। ਸੋ ਪੂਰਨ ਸਿੰਘ ਦੇ ਕਾਵਿ ਦਾ ਧੁਰ ਅੰਦਰ ਪ੍ਰੇਮ ਤੋਂ ਖੁਰਾਕ ਲੈਂਦਾ ਹੈ। ਉਸ ਦੀ ਪ੍ਰੀਤ ਦਾ ਜ਼ੋਰਾਵਰ ਪੰਛੀ ਆਪਣੀ ਉਡਾਰੀ ਭਰਨ ਤੋਂ ਪਹਿਲਾਂ ਖੰਭਾਂ ਦੀ ਫੜਫੜਾਹਟ ਨਾਲ ਬੌਧਿਕ ਤੇ ਮਾਨਸਕ ਜੁਜ਼ਾਂ ਦੀਆਂ ਰੰਗੀਨ ਧੂੜਾਂ ਛੰਡ ਕੇ ਰੂਹ ਦੇ ਅਸਮਾਨਾਂ ਚ ਉਡਾਰੀਆਂ ਭਰਦਾ ਹੈ। ਪੂਰਨ ਸਿੰਘ ਦੀ ਪ੍ਰੀਤ ਦਾ ਤੀਖਣ ਅਹਿਸਾਸ ਸਭ ਧਰਮਾਂ ਤੇ ਫ਼ਲਸਫ਼ਿਆਂ ਵਿਚ ਮੌਜੂਦ ਹਉਂ ਦੇ ਰੂਪਾਂ ਨੂੰ ਪਹਿਚਾਣ ਉਹਨਾਂ ਦਾ ਮੁਕਾਮ ਨਿਸ਼ਚਿਤ ਕਰਦਾ ਹੈ। ਹਉਂ ਤੇ ਮੈਂ ਦੇ ਇਹ ਸਗਲੇ ਰੂਪ ਕਾਲ ਭੈਅ 'ਤੋਂ ਉਪਜਦੇ ਹਨ, ਜੋ ਆਪਣਾ ਨਿਵਾਰਨ ਦਿਮਾਗ਼ੀ ਸਿਆਣਪਾਂ ਜਾਂ ਖ਼ਾਸ ਕਿਸਮ ਦੀਆਂ ਮਾਨਸਿਕ ਚਤੁਰਾਈਆਂ 'ਚੋਂ ਕਰਦੇ ਹਨ। ਮਨੁੱਖ ਦੇ ਅਤਿ ਕੋਮਲ ਭਾਵਾਂ ਨੂੰ ਮਾਨਸਿਕ ਚਤੁਰਾਈਆਂ ਨਾਲ ਨਜਿੱਠਣਾ ਮਨੁੱਖੀ ਮਾਸੂਮੀ ਨੂੰ ਨਰਕ ਵਿਚ ਸੁੱਟਣ ਬਰਾਬਰ ਹੈ। ਪ੍ਰੋ. ਪੂਰਨ ਸਿੰਘ ਵਿਸ਼ਵ-ਧਰਮਾਂ ਤੇ ਵਿਸ਼ਵ-ਸਾਹਿਤ ਨੂੰ ਪ੍ਰੀਤ ਦੀ ਉਸ ਜ਼ੋਰਾਵਰ ਖਿੱਚ ਨਾਲ ਦੇਖਦਾ ਹੈ ਜੋ ਰੂਹ ਦੇ ਦੇਸ਼ਾਂ ਵਿਚ ਪ੍ਰਵੇਸ਼ ਕਰ ਚੁੱਕੀ ਹੈ। ਮਨੁੱਖ ਦੇ ਦਰਦ 'ਚ ਸ਼ਰੀਕ ਸੁਹਿਰਦ ਪ੍ਰੀਤ ਨੂੰ ਹੀ ਇਹ ਹੱਕ ਹਾਸਲ ਹੋ ਸਕਦਾ ਹੈ। ਉਸਦੀ ਸ਼ੁਧ ਤੇ ਧਰਤੀ ਦੇ ਕੁਲ ਹੁਸਨ ਨਾਲ ਸ਼ਿੰਗਾਰੀ ਪ੍ਰੀਤ ਨੂੰ ਆਪਣਾ ਆਖਰੀ ਆਸਰਾ ਸਿੱਖ ਧਰਮ 'ਚੋਂ ਮਿਲਿਆ।
ਪੂਰਨ ਸਿੰਘ ਦਾ ਜਿਸਮ ਵੀ ਰੂਹ ਦੇ ਪੈਂਡਿਆਂ ਦਾ ਮੁਸਾਫ਼ਰ ਬਣ ਚੁੱਕਾ ਸੀ। ਜੀਵਨ ਦੇ ਬਾਹਰੀ ਵੇਰਵੇ ਉਹਦੀ ਰੂਹ ਦੀ ਪਰਵਾਜ਼ ਦੀਆਂ ਕਹਾਣੀਆਂ ਹੀ ਹਨ। ਜਿਸਮ ਦੇ ਅੰਦਾਜ਼ ਆਪਣੀ ਕੋਮਲਤਾ 'ਚ ਰੂਹ ਦੇ ਇਸ਼ਾਰਿਆਂ ਤੇ ਹੀ ਨੱਚਦੇ ਹਨ। ਪੂਰਨ ਸਿੰਘ ਦੀ ਸੁਰਤਿ ਨੇ ਪੰਜਾਬ ਤੋਂ ਸਿੱਖ ਪੰਜਾਬ ਤਕ ਦਾ ਸਫ਼ਰ ਕੀਤਾ। ਉਹਦੇ ਰਸਤੇ ਵਿਚ ਬੁੱਧ ਧਰਮ ਤੇ ਵੇਦਾਂਤ ਵੀ ਆਏ ਤੇ ਉਹਨਾਂ ਦੀ ਸੱਚੀ ਅਪਣੱਤ ਮਗਰ ਹੀ ਉਹਦਾ ਜਿਸਮ ਵੀ ਉਹੀ ਰੰਗ ਧਾਰਨ ਕਰਦਾ ਗਿਆ। ਜਿਵੇਂ ਮਾਹੀ ਦੇ ਪ੍ਰੇਮ 'ਚ ਲਟਲਟ ਬਲਦੀ ਇਸਤ੍ਰੀ ਨੂੰ ਮਾਹੀ ਦਾ ਨਾਂ ਸੁਣ ਹੀ ਕੰਵਾਰੀਆਂ ਲਾਲੀਆਂ ਚੜ ਜਾਂਦੀਆਂ ਹਨ ਤੇ ਉਹਦੇ ਰੋਮ ਰੋਮ ਵਿਚ ਝਰਨਾਟਾਂ ਛਿੜ ਜਾਂਦੀਆਂ ਹਨ। ਪੂਰਨ ਸਿੰਘ ਦੇ ਅੰਦਰੂਨੀ ਸਫ਼ਰਾਂ ਵਿਚ ਆਏ ਧਰਮ ਉਹਦੇ ਸਰੀਰ 'ਚੋਂ ਵੀ ਪ੍ਰਗਟ ਹੁੰਦੇ ਗਏ। ਪੂਰਨ ਸਿੰਘ ਨੇ ਪੰਜਾਬ ਤੋਂ ਸਿੱਖ ਪੰਜਾਬ ਦੀ ਰੂਹਾਨੀ ਪਹਿਚਾਣ ਦਾ ਸਫਰ ਕਰ ਪੰਜਾਬੀਅਤ ਦੀ ਅਸਲੀਅਤ ਉਜਾਗਰ ਕੀਤੀ ਹੈ। ਸਿੱਖ ਪੰਜਾਬ ਉਸ ਲਈ ਰੂਹਾਨੀ ਦੌਲਤਾਂ ਨਾਲ ਤੇ ਪ੍ਰੇਮ ਦੀ ਉੱਚੀ ਸਭਿਅਤਾ ਨਾਲ ਮਾਲਾਮਾਲ ਸਮਾਜ ਦਾ ਸੰਕਲਪ ਹੈ, ਜੋ ਅਮਲੀ ਰੂਪ 'ਚ ਗੁਰੂ ਸਾਹਿਬਾਨ ਦੀ ਛੁਹ ਨੇ ਪੰਜਾਬ ਨੂੰ ਬਖਸ਼ਿਆ। ਰੂਹ ਦੇ ਸਫ਼ਰ 'ਚ ਤੁਰੀਆਂ ਤਹਿਜ਼ੀਬਾਂ ਨੂੰ ਪੂਰਨ ਸਿੰਘ ਸਿੱਖ-ਪੰਜਾਬ ਦਾ ਆਦਰਸ਼ ਦਿੰਦਾ ਹੈ, ਜਿਸ ਵਿਚੋਂ ਪ੍ਰੇਮ ਨਾਲ ਰੱਜੇ ਤੰਦਰੁਸਤ ਮਨੁੱਖ, ਪ੍ਰੀਤ ਦੇ ਜ਼ੋਰ ਨਾਲ ਸਭ ਭਿੰਨ-ਭੇਦ ਫੂਕ ਦੇਣਗੇ। ਪੂਰਨ ਸਿੰਘ ਦੇ ਸੀਨੇ 'ਚ ਗੁਰੂ ਦੀ ਪ੍ਰੀਤ ਇਸ ਕਦਰ ਧੜਕਦੀ ਹੈ ਕਿ ਪੰਜਾਬ ਦੀਆਂ ਹਵਾਵਾਂ, ਦਰਿਆਵਾਂ, ਫ਼ਸਲਾਂ, ਪਸ਼ੂ-ਪੰਖੀਆਂ ਗੱਲ ਕੀ ਹਰ ਥਾਂ ਤੋਂ ਉਸਨੂੰ ਗੁਰੂ ਦੇ ਰੰਗ ਦੇ ਝਲਕਾਰੇ ਪੈਂਦੇ ਹਨ। ਦਿਲ ਦਾ ਰੰਗ ਹੱਦ ਦਰਜੇ ਤੱਕ ਪਾਕ ਹੋਵੇ ਤੇ ਫਿਰ ਉਹੀ ਉਭਰ ਉਭਰ ਕਾਇਨਾਤ 'ਚੋਂ ਆਪਣੇ ਇਸ਼ਾਰੇ ਲੱਭਦਾ ਫਿਰੇ ਪ੍ਰੀਤਾਂ ਭਰੇ ਕਾਵਿ-ਅਨੁਭਵ ਦੀ ਬੁਲੰਦੀ ਹੋਰ ਕੀ ਹੋਵੇ। ਪ੍ਰੀਤ ਦੀ ਬੇਪਨਾਹ ਸੁਹਿਰਦਤਾ ਤੇ ਅਥਾਹ ਜ਼ੋਰਾਂ ਦੀ ਤਲਾਸ਼ ਕਦੇ ਅਜਾਈਂ ਨਹੀਂ ਜਾਂਦੀ। ਇਹ ਜਜ਼ਬਾ ਕਿਸੇ ਅਧੂਰੀ ਥਾਂ 'ਤੇ ਨਹੀਂ ਰੁਕਦਾ ਬਲਕਿ ਆਪਣੇ ਨਿਰੰਤਰ ਵੇਗ ਨਾਲ ਪੂਰਨ ਪ੍ਰੀਤ ਦੀ ਮੰਜ਼ਿਲ ਦੀ ਜੁਸਤਜੂ ਕਰਦਾ ਹੈ। ਇਹ ਪ੍ਰੀਤ ਉਸ ਅਵਸਥਾ 'ਚ ਹੁੰਦੀ ਹੈ ਜਿਥੇ ਇਹ ਮੁਕੰਮਲ ਜਲਵੇ ਤੋਂ ਕੋਈ ਊਣਤਾਈ ਬਰਦਾਸ਼ਤ ਨਹੀਂ ਕਰਦੀ ਤੇ ਆਪਣੇ ਸਿਜਦੇ ਵਿਚ ਪਿਆਰ ਰਾਹੀਂ ਹੋਰ ਅਨੰਤ ਸਿਖਰਾਂ ਵਲ ਦੌੜਦੀ ਹੈ। ਇਹ ਇਕੋ ਵੇਲੇ ਪਿਆਰ ਨੂੰ ਤੋਲ ਵੀ ਰਹੀ ਹੁੰਦੀ ਹੈ ਤੇ ਉਸ ਤੋਂ ਬਖਸ਼ਿਸ਼ ਵੀ ਹਾਸਲ ਕਰ ਰਹੀ ਹੁੰਦੀ ਹੈ, ਪਰ ਇਸਦੀ ਬੇਪਨਾਹ ਮਾਸੂਮੀ ਵਿਚ ਚੀਜ਼ ਨੂੰ ਛੁਟਿਆਉਣ ਜਾਂ ਜਿੱਤਣ ਦੀ ਭਾਵਨਾ ਨਹੀਂ ਹੁੰਦੀ। ਆਪਣੀ ਪ੍ਰੀਤ ਦੇ ਹਾਣ ਤੋਂ ਛੋਟੀਆਂ ਚੀਜ਼ਾਂ ਲਈ ਉਹਦੀ ਅੱਖ ਵਿਚ ਕੋਸੇ ਅੱਥਰੂ ਦਿਲ 'ਚ ਦਰਦ ਤੇ ਰੂਹ ਵਿਚ ਦੁਆਵਾਂ ਹੀ ਹੁੰਦੀਆਂ ਹਨ।
ਬੁੱਧੀ ਦੇ ਉੱਜਲ ਰੂਪ, ਹੁਸਨ ਦੀ ਕੋਮਲ ਪਹਿਚਾਣ ਤੇ ਪ੍ਰੀਤ ਦੇ ਇਸ਼ਾਰੇ ਰਲ ਕੇ ਮਨੁੱਖੀ ਸੁਰਤਿ ਨੂੰ ਇਕ ਅਜਿਹਾ ਮੁਕਾਮ ਹਾਸਲ ਕਰਵਾ ਦਿੰਦੇ ਹਨ ਜਿਥੋਂ ਜੀਵਨ ਦੇ ਸਾਰੇ ਭੇਤ ਤਾਂ ਦਿਸਣ ਲੱਗ ਜਾਂਦੇ ਹਨ ਪਰ ਇਹਨਾਂ ਅੰਦਰਲੇ ਸੰਤੁਲਨ ਦਾ ਕੁਦਰਤੀ ਰੂਪ ਰਸੀਲੇ ਛੰਭਾਂ ਵਾਂਗ ਵਗ ਤੁਰੇ ਇਹ ਜ਼ਰੂਰੀ ਨਹੀਂ ਹੁੰਦਾ। ਜਿਵੇਂ ਸਾਅਦੀ, ਖ਼ਲੀਲ ਜਿਬਰਾਨ, ਮਿਖਾਈਲ ਨਈਮੀ, ਥੋਰੋ, ਐਮਰਸਨ ਕਾਰਲਾਈਨ ਤੇ ਟੈਗੋਰ ਇਸੇ ਮੁਕਾਮ ਦੇ ਲੇਖਕ ਹਨ। ਕੋਸ਼ਿਸ਼ ਨਾਲ ਲਿਆਂਦਾ ਰਸੀਲਾਪਣ ਇਹਨਾਂ ਅੰਦਰਲੇ ਸਹਿਜ ਸੰਤੁਲਨ ਨੂੰ ਨਸ਼ਟ ਕਰ ਦਿੰਦਾ ਹੈ ਤੇ ਜੋ ਅੱਗੋਂ ਕਵਿਤਾ ਅੰਦਰਲੇ ਅਦ੍ਰਿਸ਼ਟ ਅਹਿਸਾਸ ਨੂੰ ਭੰਗ ਕਰਦਾ ਹੈ। ਪ੍ਰੋ. ਪੂਰਨ ਸਿੰਘ ਤੇ ਵਾਲਟ ਵਿਟਮੈਨ ਇਸ ਪੱਖੋਂ ਧਰਤੀ ਦੇ ਬੇਹੱਦ ਸੁਹਿਰਦ ਕਵੀ ਹਨ। ਕਿਸੇ ਕਿਸਮ ਦੀ ਕਾਰੀਗਰੀ ਦੀ ਮੁਥਾਜੀ ਇਹਨਾਂ ਦੇ ਜ਼ੋਰਾਵਰ ਕਾਵਿ-ਆਵੇਸ਼ ਨੂੰ ਨਹੀਂ ਆਉਂਦੀ। ਪ੍ਰੋ. ਪੂਰਨ ਸਿੰਘ ਦਾ ਅਦ੍ਰਿਸ਼ਟ ਮੰਡਲ ਜ਼ਿਆਦਾ ਜ਼ਰਖੇਜ਼, ਵਿਸ਼ਾਲ ਤੇ ਬਲਵਾਨ ਹੋਣ ਕਾਰਨ ਉਸ ਦੇ ਕਾਵਿ ਦਾ ਸੁਹਜ 'ਤੇ ਰਸੀਲਾਪਨ ਸੰਗੀਤ ਮਨ ਨੂੰ ਜ਼ਿਆਦਾ ਧੂਹ ਪਾਉਂਦਾ ਹੈ। ਵਾਲਟ ਵਿਟਮੈਨ ਦਾ ਕਾਵਿ ਅਨੁਭਵ ਆਪਣੀ ਅਦ੍ਰਿਸ਼ਟ ਹਸਤੀ, ਤੰਦਰੁਸਤ ਖਿਆਲ ਤੇ ਤਾਕਤਵਰ ਇੰਦ੍ਰਾਵੀ ਜੋਸ਼ 'ਚੋਂ ਬਣਾਉਂਦਾ ਹੈ, ਇਸ ਲਈ ਉਹਦੇ ਨਿਰਾਕਾਰ-ਮੰਡਲ ਪੂਰਨ ਸਿੰਘ ਜਿੰਨੇ ਵਿਸ਼ਾਲ ਨਹੀਂ ਅਤੇ ਇਸੇ ਕਾਰਨ ਉਸ ਕੋਲ ਪੂਰਨ ਸਿੰਘ ਜਿੰਨਾ ਬਲਵਾਨ ਸੁਹਜ ਤੇ ਸੰਗੀਤਕ ਮਿਠਾਸ ਦਾ ਵਹਾਅ ਨਹੀਂ। ਵਾਲਟ-ਵਿਟਮੈਨ ਦਾ ਜੋਸ਼ ਖੁੱਲੇ ਅਮਰੀਕੀ ਸੁਭਾਅ ਦੇ ਪਦਾਰਥਕ ਮਾਹੌਲ 'ਚੋਂ ਉਪਜੀ ਨੈਤਿਕਤਾ ਤੇ ਮਨੁੱਖੀ ਭਲਾਈ 'ਚੋਂ ਖੁਰਾਕ ਲੈਂਦਾ ਹੈ ਤੇ ਉਸ ਵਿਚ ਜਿਸਮ ਦੇ ਜ਼ੋਰਾਵਰ ਹਿੰਮਤੀ ਉਤਸ਼ਾਹ ਦੀ ਦੇਣ ਪ੍ਰਮੁੱਖ ਹੈ। ਪਰ ਪ੍ਰੋ. ਪੂਰਨ ਸਿੰਘ ਦੇ ਕਾਵਿ-ਆਵੇਸ਼ ਦੇ ਸੁਹਜ ਵਿਚ ਅਸਮਾਨਾਂ ਦੀ ਗਰਜ਼ ਅੱਧ ਖੁੱਲੀ ਮਸਤਾਨੀ ਅੱਖ ਦੀ ਮਾਰ ਵਿਚੋਂ ਹੀ ਪ੍ਰਗਟ ਹੁੰਦੀ ਹੈ ਉਹ ਬਰਫਾਂ ਲੱਦੇ ਦੁੱਧ ਚਿੱਟੇ ਪਹਾੜਾਂ 'ਚ ਘਿਰੀਆਂ ਮਿੱਠੀਆਂ ਝੀਲਾਂ ਨੂੰ ਆਪਣੀ ਮਿਠਾਸ ਨਾਲ ਸ਼ਹਿਦ ਕਰ ਵਿਖਾਉਂਦਾ ਹੈ। ਮਨੁੱਖ ਤਾਂ ਕੀ ਚੰਨ ਤਾਰੇ ਵੀ ਇਸ ਮਿਠਾਸ ਨੂੰ ਤਰਸ-ਤਰਸ ਆਪਣੀ ਰਿਸਮਾਂ ਇਸਤੇ ਸੁੱਟਦੇ ਹਨ।
ਸਾਡੇ ਅਜੋਕੇ ਸਮੇਂ ਵਿਚ ਪੱਛਮੀ ਤਕਨਾਲੋਜੀ ਦੀ ਭਰਮਾਰ ਤੇ ਵਿਗਿਆਨਕ ਨਜ਼ਰੀਏ ਦਾ ਜ਼ਿੰਦਗੀ ਦੇ ਨਿੱਕੇ ਤੋਂ ਨਿੱਕੇ ਵਿਸਥਾਰ ਵਿਚ ਪ੍ਰਵੇਸ਼ ਕਰ ਜਾਣ ਨਾਲ ਜੀਵਨ ਵਿਸਮਾਦੁ ਤੇ ਜਜ਼ਬੇ ਦੀ ਥਾਂ ਤਰਕ ਤੇ ਬੁੱਧੀ ਤੋਂ ਸੇਧ ਲੈਣ ਵੱਲ ਰੁਚਿਤ ਹੋ ਗਿਆ ਹੈ। ਪਦਾਰਥਕ ਮਾਹੌਲ ਵਾਲੇ ਸੈਕੂਲਰ ਸੰਕਲਪਾਂ 'ਚੋਂ ਉਭਰੀ ਨੈਤਿਕਤਾ 'ਚੋਂ ਮਨੁੱਖੀ ਜਲਾਲ ਲੱਭਣ ਦੀ ਕੋਸ਼ਿਸ਼ ਜ਼ੋਰਾਂ ਨਾਲ ਹੋ ਰਹੀ ਹੈ। ਇਸ ਦਰਮਿਆਨ ਰੂਹ ਦੇ ਖੇੜੇ 'ਚੋਂ ਉਪਜੀ ਧਾਰਮਿਕ ਵਿਰਾਸਤ ਨੂੰ ਜੀਵਨ ਦੀ ਹਰ ਦਿਸ਼ਾ 'ਚ ਸਹੀ ਰੂਪ 'ਚ ਪਹਿਚਾਨਣਾ ਤਾਂ ਕੀ ਅਣਗੌਲਿਆ ਜਾ ਰਿਹਾ ਹੈ। ਵਾਲਟ-ਵਿਟਮੈਨ ਪੱਛਮ ਦੇ ਵਿਗਿਆਨਕ ਮਾਹੌਲ ਵਿਚ ਨਿਰੋਲ ਮਨੁੱਖਤੀ ਰੰਗਾਂ ਦੀ ਅਜ਼ਮਤ ਦਿਖਾਉਂਦਾ ਕਵੀ ਹੈ ਤੇ ਪ੍ਰੋ. ਪੂਰਨ ਸਿੰਘ ਵਿਗਿਆਨੀ ਹੁੰਦਾ ਹੋਇਆ ਪਿਆਰ ਨੂੰ ਮਜ਼ਹਬ ਦੇ ਜਲਾਲ 'ਚ ਪਾਲਦਾ ਕਾਵਿ-ਰੰਗ ਪੈਦਾ ਕਰਦਾ ਪੂਰਬੀ ਆਤਮਾ ਦਾ ਕਵੀ ਹੈ। ਪੱਛਮ ਦੀ ਸੁਹਿਰਦਤਾ ਵਾਲਟ-ਵਿਟਮੈਨ ਰਾਹੀਂ ਕਵਿਤਾ ਵਿਚ ਉਜਾਗਰ ਹੋਈ ਹੈ ਤੇ ਪੂਰਬ ਦੀ ਰੂਹਾਨੀਅਤ ਪ੍ਰੋ. ਪੂਰਨ ਸਿੰਘ ਦੁਆਰਾ ਜਲਵਾਗਰ ਹੋ ਆਉਂਦੀ ਹੈ। ਇਸ ਲਈ ਅਜੋਕੇ ਮਾਹੌਲ ਵਿਚ ਦੋਹਾਂ ਕਵੀਆਂ ਦਾ ਕਾਵਿ-ਅਨੁਭਵ ਬੇਹੱਦ ਲਾਹੇਵੰਦ ਹੋ ਨਿੱਬੜਦਾ ਹੈ। ਵਾਲਟ ਵਿਟਮੈਨ ਵਿਗਿਆਨਕ ਪਿਛੋਕੜ ਵਾਲੇ ਸਮਾਜਿਕ, ਰਾਜਨੀਤਕ ਸੰਕਲਪਾਂ 'ਚੋਂ ਤੰਦਰੁਸਤ ਮਨੁੱਖ ਉਭਾਰਦਾ ਹੈ ਤੇ ਪੂਰਨ ਸਿੰਘ ਧਰਮ ਦੀ ਅਸਲ ਸ਼ਾਨ 'ਚੋਂ ਮਨੁੱਖੀ ਸਮਾਜ ਤੇ ਰਾਜਨੀਤੀ ਦੇ ਰੰਗ ਦਿਖਾ ਉੱਚੇ ਮਨੁੱਖ ਦੇ ਦਰਸ਼ਨ ਕਰਾਉਂਦਾ ਹੈ। ਪ੍ਰੋ. ਪੂਰਨ ਸਿੰਘ ਤੇ ਵਾਲਟ ਵਿਟਮੈਨ ਦੀ ਤੁਲਨਾ ਦੋਹਾਂ ਜੀਵਨ ਵਿਧੀਆਂ 'ਚੋਂ ਉਭਰਦੇ ਮਨੁੱਖੀ ਆਦਰਸ਼ਾਂ ਦੀ ਤੁਲਨਾ ਹੈ। ਉਂਝ ਇਸ ਤੱਥ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਸੁਹਿਰਦ ਉੱਚੀ ਪ੍ਰਤਿਭਾ ਪੂਰਬ ਪੱਛਿਮ ਦੀਆਂ ਵੰਡਾਂ ਵਿਚ ਕੈਦ ਨਹੀਂ ਕੀਤੀ ਜਾ ਸਕਦੀ। ਇਸੇ ਲਈ ਪ੍ਰੋ. ਪੂਰਨ ਸਿੰਘ ਦੇ ਸਿੱਖ-ਪੰਜਾਬ ਦੇ ਆਦਰਸ਼ ਵਿਚ ਹਰੇਕ ਖੇਤਰ ਦੀ ਉੱਚੀ ਪ੍ਰਤਿਭਾ ਜੋ ਜੀਵਨ ਆਦਰਸ਼ ਬੁੱਧੀ ਦੀ ਬਜਾਏ ਪਿਆਰ 'ਚੋਂ ਸਹਿਜੇ ਹੀ ਸ਼ਾਮਲ ਹੈ। ਪੂਰਨ ਸਿੰਘ ਦੀਆਂ ਲਿਖਤਾਂ ਵਿਚ ਹਜ਼ਰਤ ਈਸਾ, ਮਹਾਤਮਾ ਬੁੱਧ, ਕ੍ਰਿਸ਼ਨ ਜੀ, ਮੁਹੰਮਦ ਸਾਹਿਬ, ਵਿਕਟਰ ਹਿਊਗੋ, ਗੈਟੇ, ਦਾਂਤੇ ਤੇ ਗੋਰੰਗਾਸਵਾਮੀ, ਹਨੂਮਾਨ, ਪਦਮਨੀ, ਹਾਫ਼ਿਲ, ਨਗੂਦੀ, ਓਨਾਕੂਰਾ ਆਦਿ ਪੈਗ਼ੰਬਰੀ ਸ਼ਖਸੀਅਤਾਂ ਅਤੇ ਉੱਚੀਆਂ ਸਿਰਜਣਾਤਮਕ ਸ਼ਖਸੀਅਤਾਂ ਸ਼ਾਮਿਲ ਹੋ ਕੇ ਉਹਦੇ ਸਿੱਖ-ਪੰਜਾਬ ਦਾ ਧਰਤੀ 'ਤੇ ਵਿਸਥਾਰ ਕਰਦੀਆਂ ਹਨ। ਧਰਤੀ ਦੀ ਕੁਲ ਸਿਰਜਣਤਾਮਕ ਤੇ ਰੂਹਾਨੀਅਤ ਦਾ ਆਦਰਸ਼ ਸਿੱਖ ਪੰਜਾਬ ਹੈ। ਇਸੇ ਆਦਰਸ਼ ਵਿਚੋਂ ਹੀ ਪੂਰਨ ਸਿੰਘ ਨੂੰ ਵਾਲਟ ਵਿਟਮੈਨ ਦੀ ਪ੍ਰੇਰਨਾ ਸਿੱਖ-ਪ੍ਰੇਰਨਾ ਲਗਦੀ ਹੈ। ਪ੍ਰੋ. ਪੂਰਨ ਸਿੰਘ ਦੀਆਂ ਰਚਨਾਵਾਂ ਵਿਚ ਵਾਲਟ ਵਿਟਮੈਨ ਸਬੰਧੀ ਆਏ ਵਿਚਾਰ ਦੱਸਦੇ ਹਨ ਕਿ ਪੂਰਬੀ ਆਤਮਾ ਦੀ ਸਿਖਰ ਸਾਜਦੇ ਸਿੱਖ-ਪੰਜਾਬ ਕੋਲ ਪੱਛਮ 'ਚੋਂ ਉੱਭਰੇ ਆਦਰਸ਼ਕ ਮਾਨਵ ਨੂੰ ਆਪਣੇ ਪਿਆਰ ਵਿਚ ਕਿਹੜੀ ਥਾਂ ਦੇਣ ਦੀ ਤਾਕਤ ਹੈ ਤੇ ਉਹ ਕਿਸ ਅਪਣੱਤ ਨਾਲ ਉਸਨੂੰ ਹਿੱਕ ਨਾਲ ਲਾਉਣ ਦੇ ਸਮਰੱਥ ਹੈ।
Subscribe to:
Post Comments (Atom)
No comments:
Post a Comment