My call is the call of battle, I nourish active rebellion, He going with me must go well arm'd, He going with me goes often with spare diet, poverty, angry enemies, desertions. (Walt Whitman)
Wednesday, March 17, 2010
ਖਾਲਸਾ ਪੰਥ ਦੀ ਰੂਹ ਦੇ ਹਾਣੀ ਹਰਿੰਦਰ ਸਿੰਘ ਮਹਿਬੂਬ ਨਾਲ ਮੁਲਾਕਾਤ
ਕਰਮਜੀਤ ਸਿੰਘ
ਉਸ ਨੇ ਵੀਹਵੀਂ ਸਦੀ ‘ਚ ਸਾਨੂੰ ਇਸ ਤਰ੍ਹਾਂ ਜਗਾਇਆ ਜਿਵੇਂ ਪਹਿਲਾਂ ਕਿਸੇ ਨੇ ਨਹੀਂ ਸੀ ਜਗਾਇਆ
ਸਰਦਾਰ ਹਰਿੰਦਰ ਸਿੰਘ ਮਹਿਬੂਬ ਪੰਜਾਬੀ ਦੇ ਸਿਰਮੌਰ ਲੇਖਕਾਂ ਵਿਚੋਂ ਇਕ ਹਨ। ਸਿੱਖ ਧਰਮ, ਸਿੱਖ ਇਤਿਹਾਸ ਅਤੇ ਸਿੱਖ ਸੱਭਿਆਚਾਰ ਦੀ ਅੰਤਰੀਵ ਹਸਤੀ ਅਤੇ ਇਲਾਹੀ ਖੂਬਸੂਰਤੀ ਦੇ ਉਹ ਮੌਲਿਕ ਵਿਆਖਿਆਕਾਰ ਹਨ। ਇਸ ਸਮੇਂ ਅਤੇ ਬੀਤੇ ਵਿਚ ਸਾਡੀ ਇਸ ਧਰਤੀ ‘ਤੇ ਵਿਚਰੀਆਂ ਤੇ ਵਿਚਰ ਰਹੀਆਂ ਹਸਤੀਆਂ ਦੇ ਵੰਨ ਸੁਵੰਨੇ ਰੰਗ ਉਨਾਂ ਦੇ ਗਿਆਨ ਤੇ ਧਿਆਨ ਵਿਚ ਕੁਲ ਗਹਿਰਾਈਆਂ ਸਮੇਤ ਸਮਾਏ ਹੋਏ ਹਨ। ਇਨ੍ਹਾਂ ਰੰਗਾਂ ਨੂੰ ਉਹ ਗੁਰਬਾਣੀ ਦੀ ਰੌਸ਼ਨੀ ਵਿਚ ਵੇਖਦੇ ਤੇ ਪਰਖਦੇ ਹਨ। ਜੇ ਕਿਸੇ ਨੇ ਇਨ੍ਹਾਂ ਵੰਨ ਸੁਵੰਨੇ ਰੰਗਾਂ ਦਾ ਦੀਦਾਰ ਕਰਨਾ ਹੋਵੇ ਤਾਂ ਇਹ ਉਨ੍ਹਾਂ ਦੀਆਂ ਕਿਤਾਬਾਂ, ‘ਸਹਿਜੋ ਰਚਿਓ ਖਾਲਸਾ, ਝਨਾਂ ਦੀ ਰਾਤ ਅਤੇ ਖਾਸ ਕਰਕੇ ਇਲਾਹੀ ਨਦਰਿ ਦੇ ਪੈਂਡੇ ਵਿਚ ਵੇਖੇ ਜਾ ਸਕਦੇ ਹਨ। ਇਲਾਹੀ ਨਦਰਿ ਦੇ ਪੈਂਡੇ ਦੀ ਪਹਿਲੀ ਜਿਲਦ ਵਿਸ਼ਵ ਸਾਹਿਤ ਦੀ ਕਲਾਸਿਕੀ ਤੇ ਨਿਰਾਲੀ ਰਚਨਾ ਹੈ ਜੋ ਹੋ ਸਕਦਾ ਹੈ ਮਹਾਨ ਫਿਲਾਸਫ਼ਰ ਨਿਤਸ਼ੇ ਦੀਆਂ ਰਚਨਾਵਾਂ ਵਾਂਗ ਕਈ ਵਰ੍ਹੇ ਅਣਗੌਲੀ ਹੀ ਪਈ ਰਵੇ। ਸ਼ਾਇਦ ਇਹ ਦੁਨੀਆ ਦਾ ਇਕੋ ਇਕ ਮਹਾਂ ਕਾਵਿ ਹੈ ਜਿਸ ਵਿਚ ਗੁਰੂ ਨਾਨਕ-ਸੱਚ ਰਾਹੀਂ ਵਿਸ਼ਵ ਦੀਆਂ ਫਿਲਾਸਫ਼ੀਆਂ ਧਰਮਾਂ ਅਤੇ ਸੱਭਿਆਚਾਰਾਂ ਦੇ ਗਿਆਨ ਦੀ ਖੁਸ਼ਬੋ ਹਾਸਲ ਹੁੰਦੀ ਹੈ। ਪਿੱਛੇ ਜਿਹੇ ‘ਇਲਾਹੀ ਨਦਰਿ ਦੇ ਪੈਂਡੇ‘ ਦਾ ਉਹ ਹਿੱਸਾ ਵੀ ਛਪਕੇ ਆ ਗਿਆ ਹੈ ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਫ਼ਰ ਦੀ ਦਾਸਤਾਨ ਉੱਚੀਆਂ ਉਡਾਰੀਆਂ ਵਿਚ ਪੇਸ਼ ਹੋਈ ਹੈ। ਸਰਦਾਰ ਹਰਿੰਦਰ ਸਿੰਘ ਮਹਿਬੂਬ ਉਨ੍ਹਾਂ ਵਿਅਕਤੀਆਂ ਵਿਚੋਂ ਹਨ ਜੋ ਸੰਤ ਜਰਨੈਲ ਸਿੰਘ ਨੂੰ ਭਾਵੇਂ ਇਕ ਦੋ ਵਾਰ ਮਿਲੇ ਸਨ ਪਰ ਉਨ੍ਹਾਂ ਨੇ ਸੰਤ ਜਰਨੈਲ ਸਿੰਘ ਦੀ ਹਸਤੀ ਵਿਚੋਂ ਸੰਤ ਜਰਨੈਲ ਸਿੰਘ ਅਤੇ ਸਿੰਘਾਂ ਦੇ ਗੁਣਾਂ ਨੂੰ ਵੇਖ ਲਿਆ ਸੀ। ਸੰਤ ਜਰਨੈਲ ਸਿੰਘ ਬਾਰੇ ਸਿੱਖ ਚਿੰਤਕ ਅਤੇ ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਦੀ ਛਪ ਰਹੀ ਪੁਸਤਕ ਵਿਚੋਂ ਮਹਿਬੂਬ ਸਾਹਿਬ ਦੀ ਇੰਟਰਵਿਊ ਅਸੀਂ ਇਥੇ ਪੇਸ਼ ਕਰਨ ਦੀ ਖੁਸ਼ੀ ਲੈ ਰਹੇ ਹਾਂ
? ਮਹਿਬੂਬ ਜੀਓ ! 1999 ਈਸਵੀ 26 ਦਸੰਬਰ ਨੂੰ ਚੰਡੀਗੜ੍ਹ ਵਿਚ ਹੋਏ ਸਿੱਖ ਕੌਮ ਦੇ ਇਕ ਅਹਿਮ ਸਮਾਰੋਹ ਵਿਚ ਤੁਸੀਂ ਵੀ ਸ਼ਾਮਲ ਹੋਏ ਸੀ। ਉਸ ਸਮਾਰੋਹ ਵਿਚ ਸੰਤ ਜਰਨੈਲ ਸਿੰਘ ਨੂੰ ਵੀਹਵੀਂ ਸਦੀ ਦੀ ਮਹਾਨਤਮ ਸਿੱਖ ਹਸਤੀ ਪ੍ਰਵਾਨ ਕੀਤਾ ਗਿਆ ਸੀ। ਜੇ ਮੈਂ ਗਲਤੀ ‘ਤੇ ਨਹੀਂ ਤਾਂ ਤੁਸੀਂ ਉਸ ਇਤਿਹਾਸਕ ਦ੍ਰਿਸ਼ਟੀਕੋਣ ਨਾਲ ਸਹਿਮਤ ਸੀ?
ਉੱਤਰ :- ਜੀ ਹਾਂ। ਮੈਂ ਸਹਿਮਤ ਸਾਂ ਤੇ ਸਹਿਮਤ ਰਹਾਂਗਾ। ਉਹ ਨਿਰਾ ਇਤਿਹਾਸਕ ਦ੍ਰਿਸ਼ਟੀਕੋਣ ਹੀ ਨਹੀਂ ਸੀ, ਉਹ ਜਿਊਂਦੀ ਜਾਗਦੀ ਉਸ ਸਿੱਖ ਜ਼ਮੀਰ ਦੀ ਆਵਾਜ਼ ਸੀ, ਜਿਸ ਨੂੰ ਹਾਲੇ ਖ਼ਵਰੇ ਦੁਨਿਆਵੀ ਸੁਆਰਥਾਂ ਨੇ ਝੂਠ ਅਤੇ ਅਕਲ ਦੀਆਂ ਚਲਾਕੀਆਂ ਵਰਤ ਕੇ ਮੱਧਮ ਜਾਂ ਠੰਢਾ ਨਹੀਂ ਸੀ ਕੀਤਾ। ਜਸਟਿਸ ਅਜੀਤ ਸਿੰਘ ਬੈਂਸ, ਸ. ਗੁਰਤੇਜ ਸਿੰਘ , ਬੀਬੀ ਪਰਮਜੀਤ ਕੌਰ ਖਾਲੜਾ, ਡਾ. ਬਲਜੀਤ ਕੌਰ, ਡਾ. ਕੁਲਦੀਪ ਸਿੰਘ, ਡਾ. ਗੁਰਦਰਸ਼ਨ ਸਿੰਘ ਢਿੱਲੋਂ, ਜਨਰਲ ਨਰਿੰਦਰ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ, ਬਾਬਾ ਸਰਬਜੋਤ ਸਿੰਘ ਬੇਦੀ ਅਤੇ ਸਿਮਰਨਜੀਤ ਸਿੰਘ ਮਾਨ ਵਰਗੇ ਵੱਖ ਵੱਖ ਬੌਧਿਕ ਦਿਸ਼ਾਵਾਂ ਪੇਸ਼ ਕਰਦੇ ਸਿੱਖ ਦਾਨਿਸ਼ਵਰਾਂ, ਪੰਥਕ ਤਕਦੀਰ ਦੇ ਦਰਦਮੰਦਾਂ ਅਤੇ ਗੁਰਮੁੱਖ ਲਿਵ ਵਿਚ ਜੀਊਣ ਵਾਲੀਆਂ ਪੰਥਕ ਹਸਤੀਆਂ ਨੇ ਹਾਜ਼ਰ ਹੋ ਕੇ ਅਤੇ ਉਸ ਸਮੇਂ ਜੇਲ੍ਹ ਵਿਚ ਨਜ਼ਰਬੰਦ ਭਾਈ ਦਲਜੀਤ ਸਿੰਘ ਬਿੱਟੂ ਅਤੇ ਹੋਰ ਬਹੁਤ ਸਾਰਿਆਂ ਨੇ ਸੰਦੇਸ਼ਾਂ ਰਾਹੀਂ ਕਿਹਾ ਕਿ ਅਸੀਂ ਇਸ ਇਤਿਹਾਸਕ ਦ੍ਰਿਸ਼ਟੀਕੋਣ ਨਾਲ ਸਹਿਮਤੀ ਪ੍ਰਗਟਾਉਂਦੇ ਹਾਂ। …… ਇਹ ਇਕ ਆਪ ਮੁਹਾਰੀ ਆਤਮਕ ਆਵਾਜ਼ ਸੀ। ਮੇਰਾ ਲਹੂ, ਮੇਰੀ ਜ਼ਮੀਰ, ਮੇਰੀ ਚੇਤੰਨਤਾ ਅਤੇ ਮੇਰੀ ਰਹਿਤ ਮਰਿਆਦਾ ਵੀ ਇਸ ਆਵਾਜ਼ ਤੋਂ ਵੱਖ ਨਹੀਂ ਸਨ।
? ਮਹਿਬੂਬ ਜੀ ! ਇਕ ਸ਼ੰਕਾ ਹੈ । ਵੀਹਵੀਂ ਸਦੀ ਵਿਚ ਸੰਤ ਅਤਰ ਸਿੰਘ ਮਸਤੂਆਣਾ, ਮਾਸਟਰ ਤਾਰਾ ਸਿੰਘ, ਬਾਬਾ ਖੜਕ ਸਿੰਘ, ਪ੍ਰੋ. ਪੂਰਨ ਸਿੰਘ, ਭਾਈ ਵੀਰ ਸਿੰਘ , ਭਾਈ ਕਾਹਨ ਸਿੰਘ ਨਾਭਾ ਅਤੇ ਜਲ੍ਹਿਆਂ ਵਾਲਾ, ਪੰਜਾ ਸਾਹਿਬ , ਨਨਕਾਣਾ ਸਾਹਿਬ ਦੇ ਸ਼ਹੀਦਾਂ ਦੇ ਸ਼ਹੀਦਾਂ ਦੇ ਹੁੰਦਿਆਂ ਹੋਇਆ ਸੰਤ ਜਰਨੈਲ ਸਿੰਘ ਨੂੰ ਵੀਹਵੀਂ ਸਦੀ ਦਾ ਸਰਬੋਤਮ ਖਾਲਸਾ ਕਿਸ ਤਰਕ ਅਧੀਨ ਮੰਨੀਏ?
ਉੱਤਰ :-ਪਿਆਰੇ ਜੀਓ। ਤੁਹਾਡੇ ਸਵਾਲ ਦੇ ਉੱਤਰ ਵਿਚ ਆਪਣੇ ਵਲੋਂ ਕੁਝ ਕਹਿਣ ਤੋਂ ਪਹਿਲਾਂ ਮੈਂ ਸ਼ਹੀਦ ਜਨਰਲ ਸੁਬੇਗ ਸਿੰਘ ਅਤੇ ਸ਼੍ਰੋਮਣੀ ਸਮਕਾਲੀ ਕਵੀ ਡਾ. ਹਰਭਜਨ ਸਿੰਘ ਦਿੱਲੀ ਹੁਰਾਂ ਦੇ ਦੋ ਪ੍ਰਸਿੱਧ ਕਥਨ ਯਾਦ ਕਰਵਾਉਣ ਚਾਹੁੰਦਾ ਹਾਂ। ਜਨਰਲ ਸੁਬੇਗ ਸਿੰਘ ਨੇ ਤੀਸਰੇ ਵੱਡੇ ਘੱਲੂਘਾਰੇ ਸਾਕਾ ਨੀਲਾ ਤਾਰਾ ਵਿਖੇ ਸ਼ਹੀਦੀ ਪਾਉਣ ਤੋਂ ਕੁਝ ਮਹੀਨੇ ਪਹਿਲਾਂ ‘ਸਿੱਖ ਰਿਵਿਊ‘ ਵਿਚ ਕਿਹਾ ਸੀ ਕਿ ਸੰਤ ਜਰਨੈਲ ਸਿੰਘ ਖਾਲਸਾ ਪੰਥ ਦੇ ਗੁਰੂ ਗੋਬਿੰਦ ਸਿੰਘ ਪਿੱਛੋਂ ਸਭ ਤੋਂ ਵੱਡੇ ਸਿੱਖ ਹਨ ਅਤੇ ਡਾ. ਹਰਭਜਨ ਸਿੰਘ ਨੇ ਆਪਣੇ ਨਿਬੰਧ ‘ਯੁੱਗ ਪੁਰਸ਼ ਸੰਤ ਜਰਨੈਲ ਸਿੰਘ‘ ਅਕਸ 84 ਵਿਚ ਇਹ ਗਵਾਹੀ ਦਿੱਤੀ ਸੀ ਕਿ ਸੰਤ ਜਰਨੈਲ ਸਿੰਘ ਜੀ ਐਨੇ ਨਿਰਮਲ ਸਨ ਕਿ ਉਨ੍ਹਾਂ ਕੋਲ ਬੈਠ ਕੇ ਹਰ ਆਦਮੀ ਆਪਣੇ ਆਪ ਨੂੰ ਮੈਲਾ ਮੈਲਾ ਮਹਿਸੂਸ ਕਰਦਾ ਸੀ। ਫਿਰ 26 ਦਸੰਬਰ ਵਾਲੇ ਸਮਾਰੋਹ ਵਿਚ ਤਾਂ ਸਿਰਫ਼ ਵੀਹਵੀਂ ਸਦੀ ਦੇ ਮਹਾਨਤਮ ਸਿੱਖ ਦੀ ਹੀ ਗੱਲ ਚੱਲੀ ਸੀ।
? ਤੁਹਾਡੀ ਗੱਲ ਟੋਕਣ ਦੀ ਗੁਸਤਾਖੀ ! ਬਹੁਤ ਲੋਕਾਂ ਦੀ ਰਾਏ ਵਿਚ ਜਨਰਲ ਸੁਬੇਗ ਸਿੰਘ ਨੂੰ ਭਾਰਤੀ ਸਰਕਾਰ ਨਾਲ ਬਹੁਤ ਸਾਰੀਆਂ ਜ਼ਾਤੀ ਰੰਜਸ਼ਾਂ ਸਨ, ਜੋ ਉਨ੍ਹਾਂ ਅਨੁਸਾਰ ਜਨਰਲ ਸਾਹਿਬ ਦੀ ਸੰਤ ਜਰਨੈਲ ਸਿੰਘ ਦੀ ਕੀਤੀ ਪ੍ਰਸ਼ੰਸਾ ਵਿਚ ਬਹੁਤਾ ਵਜ਼ਨ ਨਹੀਂ ਰਹਿੰਦਾ, ਭਾਵ ਉਨ੍ਹਾਂ ਦੀ ਟਿੱਪਣੀ ਪ੍ਰਮਾਣਿਕ ਸਾਰਥਕਤਾ ਨਹੀਂ ਰੱਖਦੀ।
ਉੱਤਰ : ਪਿਆਰੇ ਦੋਸਤ! ਕੈਸੀਆਂ ਗੱਲਾਂ ਕਰਦੇ ਹੋ। ਜਨਰਲ ਸੁਬੇਗ ਸਿੰਘ ਦੀ ਸ਼ਹਾਦਤ ਜ਼ਾਤੀ ਰੰਜਸ਼ਾਂ ਤੋਂ ਕਿਤੇ ਅੱਗੇ ਸੀ ਅਤੇ ਨਿਰਲੇਪ ਅਕਾਸ਼ਾਂ ਵਿਚ ਵਿਚਰਦੀ ਸੀ। ਜ਼ਾਤੀ ਰੰਜਸ਼ਾਂ ਵਿਚ ਘਿਰੇ ਲੋਕ ਅਕਾਲ ਤਖ਼ਤ, ਹਰਿਮੰਦਰ ਸਾਹਿਬ ਸਾਹਮਣੇ ਹੋਏ ਤੀਸਰੇ ਵੱਡੇ ਘੱਲੂਘਾਰੇ ਵਿਚ ਗੁਰਦਾਸ ਨੰਗਲ ਦੇ ਯੋਧੇ ਜੇਡੀ ਸੂਰਮਗਤੀ ਵਿਖਾ ਕੇ ਜਨਰਲ ਸੁਬੇਗ ਸਿੰਘ ਵਰਗੀ ਬੇਮਿਸਾਲ ਸ਼ਹਾਦਤ ਪ੍ਰਾਪਤ ਨਹੀਂ ਕਰਿਆ ਕਰਦੇ। ਕੀ ਉਸ ਦੀ ਸ਼ਹਾਦਤ ਵਿਚ ਸਟੌਇਕ ਫਿਲਾਸਫਰਾਂ ਵਰਗੀ ਸਬਰ ਸ਼ਾਂਤੀ ਅਤ ਸ਼ੁਕਰਾਤ ਵਰਗੀ ਅਗਾਧ ਅਤੇ ਮਿੱਠੀ ਚੁੱਪ ਨਹੀਂ ਸੀ? ਕੀ ਉਸ ਦੀ ਲੜੀ ਜੰਗ ਵਿਚ ਸ. ਸ਼ਾਮ ਸਿੰਘ ਅਟਾਰੀਵਾਲਾ ਦੇ ਹਾਣ ਦੀ ਸੂਰਮਗਤੀ ਪਰ ਉਸ ਨਾਲੋਂ ਕਿਤੇ ਵਧੇਰੇ ਪ੍ਰੌਢ ਨਿਪੁੰਨਤਾ, ਦੂਰ ਦ੍ਰਿਸ਼ਟੀ, ਸਹੀ ਤੇ ਕਾਫ਼ਰੀ ਚੋਟ ਅਤੇ ਅਤਿ ਸੂਖ਼ਮ ਸੰਤੁਲਨ ਨਹੀਂ ਸਨ? ਜ਼ਾਤੀ ਰੰਜਸ਼ਾਂ ਦੀ ਪਕੜ ਵਿਚ ਆਏ ਲੋਕ ਅਜਿਹੀਆਂ ਉੱਚੀਆਂ ਚੋਟੀਆਂ ਨੂੰ ਨਹੀਂ ਸਰ ਕਰ ਸਕਦੇ। ਜਨਰਲ ਸੁਬੇਗ ਸਿੰਘ ਸਿੱਖ ਇਤਿਹਾਸ ਦੀ ਮੂੰਹ ਜ਼ੋਰ ਕਾਂਗ ਦਾ ਚਿਰੰਜੀਵ ਨਾਇਕ ਹੈ, ਜਦੋਂ ਕਿ ਜਨਰਲ ਜਗਜੀਤ ਸਿੰਘ ਅਰੋੜਾ ਕਿਸੇ ਵੀ ਸ਼ਕਤੀਸ਼ਾਲੀ ਇਤਿਹਾਸ ਦਾ ਸ਼ਾਇਦ ਇਕ ਮਾਮੂਲੀ ਫੁੱਟ ਨੋਟ ਵੀ ਨਾ ਬਣ ਸਕੇ।
? ਖਿਮਾ ਕਰਨਾ, ਹੁਣ ਮੈਨੂੰ ਆਪਣੀ ਅਧੂਰੀ ਛੱਡੀ ਗੱਲ ਵੱਲ ਆਉਣ ਦੀ ਆਗਿਆ ਦਿਓ। ਤੁਹਾਡੀ ਜ਼ਮੀਰ, ਤੁਹਾਡੀ ਦਲੀਲ, ਤੁਹਾਡੇ ਗਿਆਨ ਅਤੇ ਤੁਹਾਡੇ ਅਨੁਭਵ ਦੇ ਮੁਤਾਬਕ ਦਰਜਨਾਂ ਮਹਾਂਪੁਰਸ਼ਾਂ ਦੇ ਹੁੰਦਿਆਂ ਸੰਤ ਜਰਨੈਲ ਸਿੰਘ ਵੀਹਵੀਂ ਸਦੀ ਦੇ ਸ਼੍ਰੋਮਣੀ ਖਾਲਸਾ ਜਾਂ ਮਹਾਂ ਮਾਨਵ ਕਿਵੇਂ ਹਨ?
ਉੱਤਰ :- ਮਿੱਤਰਾ! ਜੇ ਸੱਚ ਪੁੱਛੋ ਤਾਂ ਸਿੱਖ ਧਰਮ ਵਿਸ਼ਵ ਸੱਭਿਆਚਾਰਾਂ, ਕਲਾ, ਮਾਨਵਤਾ ਅਤੇ ਧਰਮਾਂ ਨੂੰ ਸਦੀਵੀ ਹੁਸਨ ਪ੍ਰਦਾਨ ਕਰਨ ਵਾਲਾ ਵਿਸ਼ਵ ਦਾ ਸਭ ਤੋਂ ਨਿਆਰਾ ਧਰਮ ਹੈ, ਪਰ ਇਸ ਦਾ ਜਨਮ ਅਜਿਹੇ ਨਾਖੁਸ਼ਗਵਾਰ ਰਾਜਸੀ ਮਾਹੌਲ ਅਤੇ ਗਿਣਤੀ ਪੱਖੋਂ ਸ਼ਕਤੀਸ਼ਾਲੀ ਧਰਮਾਂ ਦੇ ਹਊਮੈਵਾਦੀ ਦੌਰ ਵਿਚ ਹੋਇਆ, ਜਦੋਂ ਰਾਜਸੀ ਸੁਆਰਥਾਂ ਅਤੇ ਮਜ਼੍ਹਬੀ ਹੰਕਾਰ ਨੇ ਖੂਨੀ ਕ੍ਰੋਧ ਵਿਚ ਇਸ ਦੀ ਹੋਂਦ ਨੂੰ ਹੀ ਮਿਟਾਵੁਣ ਲਈ ਆਪਣੀਆਂ ਈਰਖਾਲੂ ਸਾਜ਼ਿਸ਼ਾਂ ਅਤੇ ਲਸ਼ਕਰਾਂ ਨੂੰ ਲਾਮਬੰਦ ਕੀਤਾ। ਵਿਰੋਧੀ ਸ਼ਕਤੀਆਂ ਪੰਜ ਸਦੀਆਂ ਤੋਂ ਹੀ ਇਸ ਦੀ ਹੋਂਦ ਦੇ ਨਿਆਰੇਪਣ ਨਾਲ ਵੈਰ ਕਮਾ ਰਹੀਆਂ ਹਨ। ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਹੋ ਨਿਆਰਾਪਣ ਇਸ ਦੀ ਰੀੜ ਦੀ ਹੱਡੀ ਹੈ। ਪਿਛਲੀਆਂ ਸਦੀਆਂ ਵਿਚ ਸਿੱਖ ਧਰਮ ਨੇ ਆਪਣੀ ਹੋਂਦ ਦੇ ਨਿਆਰੇਪਣ ਨੂੰ ਕਾਇਮ ਰੱਖਣ ਲਈ ਸੈਂਕੜੇ ਸੰਘਰਸ਼ ਲੜੇ, ਕਿਉਂਕਿ ਇਕ ਸਿਦਕ ਉਸ ਦੇ ਲਹੂ ਅਤੇ ਜ਼ਮੀਰ ਦਾ ਅਨਿੱਖੜ ਅੰਗ ਹੈ, ਜਿਸ ਅਨੁਸਾਰ ਮਾਨਵਤਾ ਦੇ ਹਕੀਕੀ ਰੂਪ ਉਸ ਦੀ ਆਤਮਕ ਗਹਿਰਾਈ ਅਤੇ ਸਾਬਤ ਮਨੁੱਖ ਦੇ ਸੰਕਲਪ ਦੀ ਸਲਾਮਤੀ ਲਈ ਸਿੱਖ ਧਰਮ ਦਾ ਭਰਪੂਰ ਅਤੇ ਬੇਦਾਗ ਸ਼ਕਲ ਵਿਚ ਜਿਊਂਦੇ ਰਹਿਣਾ ਬਹੁਤ ਜ਼ਰੂਰੀ ਹੈ। ਸੋ ਸਿੱਖ ਹੋਂਦ ਦੀ ਪਹਿਰੇਦਾਰੀ ਦੇ ਰੂਹਾਨੀ ਮਿਆਰਾਂ ਅਨੁਸਾਰ ਹੀ ਸਿੱਖ ਸਾਈਕੀ ਨੇ ਆਪਣੇ ਮਹਾਂ ਮਾਨਵ ਦੀ ਚੋਣ ਕਰਨੀ ਹੈ। ਦੋਸਤਾ, ਸੁਣ ਮੇਰੀ ਗੱਲ ਧਿਆਨ ਨਾਲ ਪਈ ਭਾਵੇਂ ਹਮਲਿਆਂ ਦੀ ਸ਼ਿਦਤ ਅਤੇ ਅਕਲ ਦੀਆਂ ਚਲਾਕੀਆਂ ਸਮੇਂ ਸਮੇਂ ਸ਼ਕਲਾਂ ਬਦਲਦੀਆਂ ਰਹੀਆਂ, ਪਰ ਇਕ ਗੱਲ ਪੱਕੀ ਹੈ ਕਿ ਸਿੱਖ ਰਾਜ ਦਾ ਸੂਰਜ ਡੁੱਬਣ ਪਿੱਛੋਂ ਦੇ ਪਹਿਲੇ ਤੀਹ ਵਰ੍ਹੇ, ਆਜ਼ਾਦੀ ਦੀ ਜੱਦੋ ਜਹਿਦ ਦੌਰਾਨ ਅਤੇ ਆਜ਼ਾਦ ਭਾਰਤ ਵਿਚ ਸਿੱਖ ਇਤਿਹਾਸ, ਗੁਰੂ ਗ੍ਰੰਥ ਸਾਹਿਬ, ਖਾਲਸੇ ਦੀ ਵੱਖਰੀ ਪਛਾਣ ਅਤੇ ਉਸ ਦੇ ਧਰਮ ਅਸਥਾਨਾਂ ਦੀ ਆਤਮਕ ਉੱਚਤਾ ਨੂੰ ਖੋਰਣ ਲਈ ਗੰਧਲਾਉਣ ਲਈ ਅਤੇ ਉਸ ਦੇ ਮਾਣ, ਸ਼ਾਨ ਅਤੇ ਯਕੀਨ ਨੂੰ ਜੜੋਂ ਉਖਾੜਨ ਲਈ ਵਿਰੋਧੀਆਂ ਵੱਲੋਂ ਭਿਅੰਕਰ ਯੋਜਨਾਬੱਧ ਸਾਜ਼ਿਸ਼ਾਂ ਗੁੰਦੀਆਂ ਗਈਆਂ। ਮਹੀਨ ਕੂਟਨੀਤੀ ਦੇ ਹਥਿਆਰ ਵਰਤਕੇ ਮਾਸੂਮ ਅਤੇ ਨਿਰਛਲ ਖਾਲਸਾ ਜੀ ਨੂੰ ਲਾਰਿਆਂ, ਵਕਤੀ ਸ਼ੁਹਰਤਾਂ ਅਤੇ ਝੂਠੇ ਵਾਅਦਿਆਂ ਵਿਚ ਉਲਝਾਇਆ ਗਿਆ। ਜਦੋਂ ਭਾਰਤ ਦੀ ਧਰਮ ਬਹੁਗਿਣਤੀ ਜਮਹੂਰੀਅਤ ਦਾ ਲਿਬਾਸ ਪਹਿਨਕੇ ਸਾਡੀ ਆਤਮਾ ਅਤੇ ਸਰੀਰਾਂ ਦੀ ਆਜ਼ਾਦੀ ਨੂੰ ਚੱਕਰਵਿਊਹਾਂ ਵਿਚ ਘੇਰ ਕੇ ਸਾਨੁੂੰ ਸਾਹਸੱਤਹੀਣ ਕਰਨ ਦੀ ਹੱਦ ਤੱਕ ਲੈ ਗਈ ਤਾਂ ਵੀਹਵੀਂ ਸਦੀ ਦੇ ਮਹਾਨਤਮ ਸਿੰਘ ਸੰਤ ਜਰਨੈਲ ਸਿੰਘ ਨੇ ਸਾਨੂੰ ਇਸ ਤਰ੍ਹਾਂ ਜਗਾਇਆ ਜਿਵੇਂ ਪਹਿਲਾਂ ਕਿਸੇ ਨੇ ਨਹੀਂ ਸੀ ਜਗਾਇਆ। ਰੂਹ ਦੀਆਂ ਗਹਿਰ ਗੰਭੀਰ ਤੈਹਾਂ ਤੱਕ ਸਾਨੂੰ ਸੰਤਾਂ ਨੇ ਇਬਲੀਸ ਦੀਆਂ ਚਾਲਾਂ ਤੋਂ ਖ਼ਬਰਦਾਰ ਕੀਤਾ ਅਤੇ ਸਾਨੂੰ ਭਵਿੱਖ ਦੇ ਹਰ ਮੋੜ ‘ਤੇ ਡੂੰਘੇ ਅਨੁਭਵ ਤੱਕ ਪਹਿਰੇਦਾਰੀ ਦੇ ਹਰ ਨਿਯਮ ਅਤੇ ਵਿਧੀ ਤੋਂ ਜਾਣੂੰ ਕਰਵਾਇਆ। ਫੌਜੀ ਜਰਨੈਲਾਂ, ਸਿਆਸਤਦਾਨਾਂ, ਸਾਹਿਤਕਾਰਾਂ, ਚਿੰਤਕਾਂ, ਗਿਆਨੀਆਂ ਅਤੇ ਸੰਤ ਮਸਤੂਆਣਾ ਨਾਲੋਂ ਸੰਤ ਜਰਨੈਲ ਸਿੰਘ ਦੀ ਜ਼ਮੀਰ, ਬਿਬੇਕ ਅਤੇ ਅੰਦਾਜ਼ ਵਿਚ ਵਡੇਰਾ ਬਲ ਸੀ।
? ਸੰਤ ਜੀ ਦੇ ਬਲ ਸ਼ਕਤੀ ਦਾ ਪੰਥ ਲਈ ਉਸਾਰੂ ਅਤੇ ਕਲਿਆਣਕਾਰੀ ਪੱਖ ਕਿਹੜਾ ਸੀ? ਇਸ ਦੇ ਕੁਝ ਠੋਸ ਅਤੇ ਨਿਸਚਿਤ ਸੰਕੇਤ ਤਾਂ ਦਿਓ?
ਉੱਤਰ :- ਵਾਹ ਜੀ ਵਾਹ ! ਕੀ ਪੰਥ ਦੀ ਜਾਗ੍ਰਿਤੀ ਨੂੰ ਉਸ ਉਚਾਈ ਤੱਕ ਲੈ ਜਾਣਾ, ਜਿਥੋਂ ਉਸ ਨੂੰ ਆਪਣੀ ਹੋਂਦ ਦੇ ਮਿੱਟਣ ਦਾ ਹਰ ਖਤਰਾ ਦਿਸੇ, ਉਨ੍ਹਾਂ ਦੇ ਕੰਮ ਅਤੇ ਕੁਰਬਾਨੀ ਦਾ ਉਸਾਰੂ ਪੱਖ ਨਹੀਂ? ਫਿਰ ਵੀ ਮੈਂ ਤੁਹਾਡੀ ਇੱਛਾ ਜਾਂ ਮੰਗ ਦਾ ਸਤਿਕਾਰ ਕਰਦਾ ਹੋਇਆ ਆਪਣੀ ਦਲੀਲ ਨੂੰ ਹੋਰ ਸਪੱਸ਼ਟ ਕਰਦਾ ਹਾਂ। ਸੰਤ ਜੀ ਦਾ ਮਿਸ਼ਨ ਪੰਥ ਨੂੰ ਉਨ੍ਹਾਂ ਖਤਰਿਆਂ ਤੋਂ ਜਾਣੂੰ ਕਰਵਾਉਣਾ ਸੀ ਜਿਹੜੇ ਸ਼ਰਬਨਾਸ਼ ਦਾ ਰੂਪ ਧਾਰ ਕੇ ਉਸ ਦੇ ਸਿਰ ‘ਤੇ ਮੰਡਰਾ ਰਹੇ ਸਨ। ਅੰਤ ਵਿਚ ਇਸ ਦਾ ਸਾਬਤ ਪ੍ਰਮਾਣ ਦੇਣ ਲਈ ਉਨ੍ਹਾਂ ਨੇ ਅਕਾਲ ਤਖ਼ਤ ਨੂੰ ਸੱਚ ਦੇ ਬੋਲ ਬੋਲਣ ਲਈ ਆਪਣਾ ਵਿਸ਼ੇਸ਼ ਆਸਣ ਚੁਣਿਆ, ਜਿਸ ਦੀ ਪਵਿੱਤਰਤਾ ਨੂੰ ਧਰਮ ਨਿਰਪੱਖਤਾ ਦੇ ਨਾਂ ‘ਤੇ ਰਾਜਸੀ ਕੂਟਨੀਤੀ ਵੀ ਭੰਗ ਨਾ ਕਰਨ ਦਾ ਨਾਟਕ ਰਚਾ ਰਹੀ ਸੀ। ਵਕਤ ਦੀ ਸਰਕਾਰ ਨੇ ਖਾਲਸੇ ਦੇ ਸਵੈਮਾਣ ਨੂੰ ਹਮੇਸ਼ਾ ਲਈ ਤੋੜ ਲਈ ਹਰਿਮੰਦਰ ਸਾਹਿਬ ਦੁਆਲੇ, ਤੀਸਰਾ ਵੱਡਾ ਘੱਲੂਘਾਰਾ ਵਰਤਾਇਆ, ਸੰਤ ਜੀ ਅਤੇ ਉਨ੍ਹਾਂ ਦੇ ਮੁੱਠੀ ਭਰ ਸੂਰਮੇ ਸਾਥੀ ਭਾਰਤ ਦੀ ਆਧੁਨਿਕ ਸ਼ਕਤੀਸ਼ਾਲੀ ਫੌਜ ਨਾਲ ਲੜਦੇ ਹੋਏ ਸ਼ਹੀਦੀਆਂ ਪਾ ਗਏ। ਪਿਆਰੇ ਜੀਓ.. ਗੱਲ ਏਥੇ ਹੀ ਨਹੀਂ ਮੁੱਕ ਜਾਂਦੀ। ਇਹ ਠੀਕ ਹੈ ਕਿ ਸੰਤ ਜੀ ਨੇ ਪੰਥ ਲਈ ਕਈ ਠੋਸ ਅਤੇ ਪ੍ਰਤੱਖ ਦੁਨਿਆਵੀ ਪ੍ਰਾਪਤੀ ਨਹੀਂ ਕੀਤੀ, ਕੋਈ ਰਾਜ ਭਾਗ ਨਹੀਂ ਲਿਆ ਅਤੇ ਨਾ ਤੀਸਰੇ ਘੱਲੂਘਾਰੇ ਵਿਚ ਉਨ੍ਹਾਂ ਦੀ ਰਣਨੀਤੀ ਨੂੰ ਕਿਸੇ ਕਬਜ਼ੇ ਦੀ ਸ਼ਕਲ ਵਿਚ ਕੋਈ ਸੰਸਾਰਕ ਜਿੱਤ ਹੀ ਨਸੀਬ ਹੋਈ, ਪਰ ਉਨ੍ਹਾਂ ਦੇ ਨਿਰਸਵਾਰਥ ਅਮਲ ਨੇ ਪੰਥ ਲਈ ਇਲਾਹੀ ਗਗਨ ਦਮਾਮੇ ਵਰਗੀ ਮਿਸਾਲ ਅਤੇ ਸ਼ਹੀਦਾਂ ਦੇ ਖੂਨ ਦੇ ਦਰਿਆ ਵਰਗਾ ਜਿਉਂਦਾ ਜਾਗਦਾ ਵਿਰਾਟ ਪ੍ਰਤੀਕ ਸਿਰਜ ਕੇ ਵਿਖਾ ਦਿੱਤਾ। ਕਿਸ ਬਹੁ ਅਰਥੀ ਸੰਦਰਭ ਵਿਚ ਉਨ੍ਹਾਂ ਨੇ ਖਾਲਸੇ ਦਾ ਆਪਣੀ ਮੌਲਿਕ ਹੋਂਦ ਵਿਚ ਇਸ਼ਕ, ਉਸ ਨੂੰ ਸਾਂਭਣ ਦੀ ਅਝੁੱਕ ਦ੍ਰਿੜਤਾ ਅਤੇ ਬੇਇਨਸਾਫ਼ੀ ਵਿਰੁੱਧ ਸਦੀਵੀ ਰੋਸ ਦੇ ਸੱਚ ਨੂੰ ਸਥਾਪਤ ਕਰਨ ਦਾ ਚਮਤਕਾਰ ਕਰ ਵਿਖਾਇਆ। ਸੰਸਾਰ ਦੇ ਸਭ ਮਹਾਂਪੁਰਸ਼ ਆਪਣੇ ਅਮਲ ਦੀਆਂ ਮਿਸਾਲਾਂ ਨੂੰ ਇਕ ਅਸੀਮ ਚਿਤਰਪਟ ‘ਤੇ ਖੜੀਆਂ ਕਰ ਦਿੰਦੇ ਹਨ। ਉਹ ਮਿਸਾਲਾਂ ਸੰਸਾਰਕ ਪੱਖੋਂ ਛੋਟੀਆਂ ਵੀ ਨਜ਼ਰ ਆ ਸਕਦੀਆਂ ਹਨ, ਪਰ ਲਘੂ ਹੋਦ ਦੇ ਬਾਵਜੂਦ ਉਹ ਮਿਸਾਲਾਂ ਆਪਣੇ ਅਸੀਮ ਚਿਤਰਪਟ ਨਾਲ ਜੁੜੀਆਂ ਹੋਣ ਕਾਰਨ ਆਪਣੇ ਪ੍ਰੈਕਟੀਕਲ ਅਰਥਾਂ ਵਿਚ ਸਦੀਵੀ ਤੌਰ ‘ਤੇ ਪ੍ਰਚੰਡ ਪ੍ਰੇਰਣਾ ਨਾਲ ਭਰਪੂਰ ਰਹਿੰਦੀਆਂ ਹਨ। ਮੈਂ ਤੀਸਰੇ ਘੱਲੂਘਾਰੇ ਦੇ ਮਹਾਂਨਾਇਕ ਦੀ ਮਹਾਨਤਾ ਨੂੰ ਇਸੇ ਦ੍ਰਿਸ਼ਟੀਕੋਣ ਤੋਂ ਪ੍ਰਮਾਣਿਕ ਮੰਨਦਾ ਹਾਂ।
? ਮਹਿਬੂਬ ਜੀ ! ਰਾਜਸੀ ਟਿੱਪਣੀਕਾਰ ਸੰਤ ਜੀ ‘ਤੇ ਦੋਸ਼ ਲਗਾਉਦੇ ਹਨ ਕਿ ਉਨ੍ਹਾਂ ਨੇ ਕਿੰਨਿਆਂ ਹੀ ਮੌਕਿਆਂ ‘ਤੇ ਕਾਂਗਰਸ ਦਾ ਸਾਥ ਦਿੱਤਾ। ਰਾਜ ਕਰ ਰਹੇ ਅਕਾਲੀ ਤਾਂ ਬਹੁਤ ਵਾਰ ਉਨ੍ਹਾਂ ਨੂੰ ਕਾਂਗਰਸ ਦਾ ਏਜੰਟ ਵੀ ਕਹਿ ਦਿੰਦੇ ਹਨ। ਇਸ ਬਾਰੇ ਤੁਹਾਡਾ ਠੋਸ, ਨਿਰਪੱਖ ਤੇ ਨਿਰਲੇਪ ਪ੍ਰਤੀਕਰਮ?
ਉੱਤਰ :- ਵੀਰ ਜੀ! ਕਿਸੇ ਵੀ ਮਹਾਂ ਮਾਨਵ ਦੀ ਅਮਲੀ ਇਕਾਗਰਤਾ ਦਾ ਕੇਂਦਰ ਉਸ ਦਾ ਕਦੇ ਨਾ ਡੁੱਬਣ ਵਾਲਾ ਆਦਰਸ਼ ਹੁੰਦਾ ਹੈ ਜਿਸ ਦੀ ਹਰ ਹਾਲਤ ਵਿਚ ਕੀਤੀ ਜਾਣ ਵਾਲੀ ਪਰੀਪੂਰਣਤਾ ਲਈ ਉਸ ਨੇ ਜ਼ਿੰਦਗੀ ਨਾਲ ਵਕਤੀ ਲਗਾਵ ਕਾਇਮ ਕਰਨੇ ਹੀ ਹੁੰਦੇ ਹਨ। ਇਨ੍ਹਾਂ ਥੋੜੇ ਚਿਰੇ ਸੰਪਰਕਾਂ ਨਾਲ ਮਹਾਂ ਮਾਨਵ ਅਨਿੱਜੀ ਲੋੜ ਅਨੁਸਾਰ ਮੁਲਾਕਾਤ ਕਰਦਾ ਹੈ, ਪਰ ਉਹ ਆਪਣੇ ਆਦਰਸ਼ ਦੀ ਨਿਰਮਲਤਾ ਨੂੰ ਨਹੀਂ ਭੁੱਲਦਾ, ਜਿਸ ਦੀ ਤੂਫਾਨੀ ਰਫ਼ਤਾਰ ਅੱਗੇ ਖੂਬਸੂਰਤ ਗਰਜਦੇ ਮੀਂਹਾਂ ਤੱਕ ਥੋੜ ਚਿਰੇ ਲਗਾਵ ਧੂੜ ਵਾਂਗ ਉੱਡਦੇ ਹੀ ਰਹਿੰਦੇ ਹਨ। ਸੰਤ ਜੀ ਰੂਹਾਨੀ ਤ੍ਰਿਖਾ ਅਧੀਨ ਆਪਣੇ ਆਦਰਸ਼ ਲਈ ਲੜੇ, ਰਾਹ ਵਿਚ ਜੀਵਨ ਦੇ ਭਿੰਨ ਭਿੰਨ ਅਦਾਰਿਆਂ ਨਾਲ ਵਕਤੀ ਰਿਸ਼ਤੇ ਬਣੇ, ਪਰ ਉਨ੍ਹਾਂ ਨੇ ਆਪਣੇ ਨਿਗਾਹ ਨੂੰ ਅਰੁਕ ਵਹਿਣਾ ਤੋਂ ਲਾਂਭੇ ਨਾ ਕੀਤਾ। ਜਿਨ੍ਹਾਂ ਚਿਰ ਕਿਸੇ ਵਿਚ ਵਫ਼ਾ ਦੀ ਸੁੱਚਤਾ ਨਹੀਂ, ਉਨਾ ਚਿਰ ਲਘੂ ਸਾਥ ਨੂੰ ਵੀ ਸੰਤ ਜੀ ਨੇ ਪ੍ਰਵਾਨਗੀ ਦਿੱਤੀ। ਜੇ ਗਿਆਨੀ ਜ਼ੈਲ ਸਿੰਘ ਨੂੰ ਸੰਤ ਪੈਦਾ ਕਰਨ ਦਾ ਭੁਲੇਖਾ ਸੀ ਅਤੇ ਜੇ ਸ਼ਾਸਕ ਅਕਾਲੀ ਸੰਤ ਜੀ ‘ਤੇ ਕਾਂਗਰਸ ਪੱਖੀ ਹੋਣ ਦਾ ਚਿੱਕੜ ਉਛਾਲਕੇ ਘੋਰ ਈਰਖਾ ਵੱਸ ਆਪਣੀ ਆਤਮਿਕ ਗਰੀਬੀ ਛੁਪਾਉਣਾ ਚਾਹੁੰਦੇ ਹਨ ਜਾਂ ਆਪਣੀ ਸੁਆਰਥ ਪੂਰਤੀ ਲਈ ਅਗਿਆਨ ਦਾ ਲੜ ਨਹੀਂ ਛੱਡਣਾ ਚਾਹੁੰਦੇ ਤਾਂ ਪੰਥ ਦੇ ਦਰਦੀਆਂ ਦਾ ਕੀ ਕਸੂਰ ਹੈ।
? ਉਸ ਦੀ ਸ਼ਹਾਦਤ ਅਤੇ ਸਿੱਖਾਂ ਨੂੰ ਜਗਾਉਣ ਲਈ ਉਸ ਵੱਲੋਂ ਨਿਭਾਏ ਗਏ ਰੋਲ ਨੂੰ ਤੁਸੀਂ ਇਤਿਹਾਸ ਵਿਚ ਕੀ ਸਥਾਨ ਦਿੰਦੇ ਹੋ?
ਉੱਤਰ : ਇਸ ਵਿਚ ਕੋਈ ਸ਼ੱਕ ਨਹੀਂ ਕਿ ਸੰਤ ਜਰਨੈਲ ਸਿੰਘ ਸਿੱਖ ਇਤਿਹਾਸ ਦੇ ਬੇਨਜ਼ੀਰ ਨਾਇਕ ਹਨ। ਉਨ੍ਹਾਂ ਦੀ ਇਤਿਹਾਸਕ ਮਹਾਨਤਾ ਨੂੰ ਸਮਝਣ ਲਈ ਸਾਨੂੰ ਨੀਲਾ ਤਾਰਾ ਸਾਕਾ ਦੀ ਵਿਕਰਾਲ ਬਣਤਰ, ਭਿਅੰਕਰ ਰਫ਼ਤਾਰ, ਉਸ ਦੇ ਕੁਢਬੇ, ਕਠੋਰ ਫੈਲਾਓ ਅਤੇ ਉਸ ਦੀ ਸਮਾਪਤੀ ਪਿੱਛੋਂ ਧਾਰਮਿਕ ਬਹੁਗਿਣਤੀ ਦੇ ਖੂਨੀ ਪ੍ਰਤਿਕਰਮਾਂ ‘ਤੇ ਨਿਗਾਹ ਮਾਰਨੀ ਪਵੇਗੀ। ਕਈ ਮਹੀਨੇ ਪਹਿਲਾਂ ਚਕਰਾਤਾ ਵਿਖੇ ਹਰਿਮੰਦਰ ਸਾਹਿਬ ‘ਤੇ ਹੋਣ ਵਾਲੇ ਹਮਲੇ ਦੀਆਂ ਫੌਜੀ ਮਸ਼ਕਾਂ, ਗੈਰ ਰਾਜਸੀ ਲੋਕਾਂ ਦੇ ਕੁਦਰਤੀ ਇਕੱਠ ਸਮੇਂ ਹਮਲੇ ਲਈ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹੀਦੀ ਦਿਨ ਹੀ ਚੁਣਨਾ, ਰਾਜੀਵ ਗਾਂਧੀ ਦਾ ਸੰਤਾਂ ਨੂੰ ਨਿਰੋਲ ਧਾਰਮਿਕ ਵਿਅਕਤੀ ਕਹਿਣਾ, ਹਾਕਮਾਂ ਵਲੋਂ ਅਮਨ ਦੀਆਂ ਪੇਸ਼ਕਸ਼ਾਂ ਦੇ ਢੋਂਗ ਰਚਾਉਣੇ ਆ ਰਹੇ ਹਮਲੇ ਨੂੰ ਕੁਝ ਓਹਲੇ ਵਿਚ ਰੱਖ ਕੇ ਸਿੱਖਾਂ ਦੇ ਭਾਰੀ ਇਕੱਠ ਦੀ ਸਥਿਤੀ ਬਣਾਉਣੀ, ਫੌਜ ਦੇ ਘੇਰੇ ਪਿੱਛੋਂ ਗੁਰਪੁਰਬ ‘ਤੇ ਆਏ ਮਾਸੂਮ ਬਾਲਾਂ, ਬਿਰਧਾਂ ਤੇ ਮੁਟਿਆਰਾਂ ਨੂੰ ਗੁਰਦੁਆਰੇ ਤੋਂ ਬਾਹਰ ਨਿਕਲਣ ਦਾ ਮੌਕਾ ਨਾ ਦੇਣਾ, ਫਿਰ ਇਨ੍ਹਾਂ ਮਾਸੂਮਾਂ ਦਾ ਫੌਜੀ ਜਿੱਤ ਪਿੱਛੋਂ ਹਲਾਕੂ ਤੇ ਹਿਟਲਰ ਦੇ ਜ਼ੁਲਮਾਂ ਦੀ ਯਾਦ ਕਰਵਾਉਂਦਾ ਕਤਲੇਆਮ ਅਤੇ ਏਸੇ ਹੀ ਲੜੀ ਵਿਚ ਕੁਝ ਮਹੀਨਿਆਂ ਪਿੱਛੋਂ ਦਿੱਲੀ ਤੇ ਭਾਰਤ ਦੇ ਹੋਰ ਸ਼ਹਿਰਾਂ ਵਿਚ ਸਿੱਖਾਂ ਦੇ ਘਿਨਾਉਣੇ ਕਤਲ ਹਿੰਦੂਤਵ ਦੀ ਉਹ ਖੂਨੀ ਤਸਵੀਰ ਬਣਾਉਂਦੇ ਹਨ ਜਿਹੜੀ ਕਿਸੇ ਵੀ ਹੋਰ ਧਰਮ ਦੀ ਸੁਤੰਤਰ ਹਸਤੀ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਹੈਰਾਨੀ ਦੀ ਗੱਲ ਹੈ ਕਮਿਊਨਿਸਟ ਵੀ ਹਿੰਦੂਤਵ ਦੇ ਉਸ ਬੇਕਿਰਕ ਹਜ਼ੂਮ ਨਾਲੋਂ ਘੱਟੋ ਘੱਟ ਸੁਤੰਤਰ ਪਛਾਣ ਦੀ ਸਿੱਖ ਇੱਛਾ ਦੇ ਮਾਮਲੇ ਵਿਚ ਕਿਸੇ ਰੂਪ ਵਿਚ ਵੀ ਵੱਖ ਨਹੀਂ ਹਨ ਜਿਨ੍ਹਾਂ ਨੇ ਧਾਰਮਿਕ ਸੁਤੰਤਰਤਾ ਲੋਚਦੇ ਸਿੱਖਾਂ ਦੇ ਕਤਲੇਆਮ ਵਿਰੁੱਧ ਕਦੇ ਵੀ ਭਾਰਤੀ ਪਾਰਲੀਮੈਂਟ ਵਿਚ ਨਿਸੰਗ ਦ੍ਰਿੜਤਾ ਵਾਲਾ ਰੋਸ ਨਹੀਂ ਪ੍ਰਗਟਾਇਆ। ਸੰਤ ਜੀ ਦੀ ਨਿਰਭੈਅ ਸ਼ਖਸੀਅਤ ਨੂੰ ਸਮਝਣ ਲਈ ਹਰ ਨਿਰਪੱਖ ਇਤਿਹਾਸਕਾਰ ਨੂੰ ਹੁਣੇ ਦੱਸੇ ਵਹਿਸ਼ੀਪਨ ਦੇ ਬ੍ਰਾਹਮਣਵਾਦੀ ਪਿਛੋਕੜ ਨੂੰ ਇਕ ਦਿਨ ਬਿਆਨ ਕਰਨਾ ਹੀ ਪਵੇਗਾ। ਇਤਿਹਾਸਕ ਵਿਸ਼ੇਲਸ਼ਣ ਦੀ ਮਨੋਵਿਗਿਆਨਕ ਸੂਖਮਤਾ ਦਰਸਾਉਂਦੀ ਹੈ ਕਿ ਹਿੰਦੂਤਵ ਦੀ ਦਾਨਵ ਸ਼ਕਤੀ ਇਹ ਵੇਖ ਕੇ ਭੈਅ ਭੀਤ ਹੋ ਗਈ ਹੈ ਕਿ ਕੋਈ ਬੰਦਾ ਆਪਣੇ ਜੁਝਾਰੂ ਹਮਖਿਆਲਾਂ ਨਾਲ ਭਾਰਤ ਵਿਚ ਵਸਦਾ ਹੈ ਜਿਸ ਨੂੰ ਆਪਣੇ ਧਰਮ ਦੀ ਸਦੀਵੀ ਸੁਤੰਤਰਤਾ ਨਾਲ ਅਝੁੱਕ ਇਸ਼ਕ ਹੈ। ਜਿਹੜਾ ਸਦੀਵੀ ਧਾਰਮਿਕ ਸੁਤੰਤਰਤਾ ਤੋਂ ਘੱਟ ਕਿਸੇ ਸਮਝੌਤੇ ਨੂੰ ਪ੍ਰਵਾਨ ਨਹੀਂ ਕਰਦਾ, ਜਿਸ ਨੂੰ ਸ਼ਹੁਰਤ ਅਤੇ ਦੌਲਤ ਦੇ ਕਿਸੇ ਵੀ ਜਾਲ ਵਿਚ ਫਸਾਇਆ ਨਹੀਂ ਜਾ ਸਕਦਾ ਅਤੇ ਜਿਸ ਨੁੂੰ ਵੱਡੇ ਤੋਂ ਵੱਡੇ ਲਸ਼ਕਰਾਂ ਦੀ ਧਮਕੀ ਨਾਲ ਭੈਅ ਭੀਤ ਨਹੀਂ ਕੀਤਾ ਜਾ ਸਕਦਾ। ਸੋ ਬ੍ਰਾਹਮਣਵਾਦੀ ਈਗੋ, ਉਸ ਦੀ ਈਰਖਾਲੂ ਅੱਖ ਅਤੇ ਉਸ ਦੀ ਆਜ਼ਾਦ ਧਰਮਾਂ ਪ੍ਰਤੀ ਘ੍ਰਿਣਾ ਲਈ ਸੰਤ ਜੀ ਦੀ ਹੋਂਦ ਅਸਹਿ ਨਾਸੂਰ ਬਣ ਗਈ। ਹਿੰਦੂਤਵ ਲਈ ਸੰਤ ਜੀ ਕੇਵਲ ਇਕ ਵਿਅਕਤੀ ਹੀ ਨਹੀਂ ਸਨ, ਸਗੋਂ ਉਹ ਭਾਰਤ ਵਿਚ ਵਿਚਰਦੇ ਇਕ ਨਿਆਰੇ ਧਰਮ ਦੀ ਅਡੋਲ ਸੋਚ ਸਨ ਅਤੇ ਇਕ ਤਰ੍ਹਾਂ ਨਾਲ ਸਾਕਾਰ ਰੂਪ ਵਿਚ ਖਾਲਸਾ ਇਤਿਹਾਸ ਸਨ। ਸੋ ਇਸ ਲਈ ਉਨ੍ਹਾਂ ਦੀ ਅੜੀ ਨੂੰ ਤੋੜਨਾ ਜ਼ਰੂਰੀ ਸੀ। ਇੰਝ ਨੀਲਾ ਤਾਰਾ ਸਾਕਾ ਦੇ ਕਠੋਰ, ਬੇਢੱਬੇ ਅਤੇ ਬੇਵਫ਼ਾ ਸਰੂਪ ਦੀ ਉਤਪਤੀ ਅਤੇ ਫੈਲਾਓ ਦੀ ਇਤਿਹਾਸਕ ਦਲੀਲ ਸਮਝ ਪੈਂਦੀ ਹੈ। ਜਦੋਂ ਅਜਿਹੇ ਪਿਛੋਕੜ ਵਿਚ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਵਸ ‘ਤੇ ਤੀਸਰਾ ਵੱਡਾ ਘੱਲੂਘਾਰਾ ਵਾਪਰਦਾ ਹੈ ਤਾਂ ਇਤਿਹਾਸਕ ਸਥਿਤੀ ਦੇ ਨਾਲ ਉਹ ਕਾਵਿਮਈ ਸੁਹਜ ਵੀ ਉਭਰਦਾ ਹੈ ਕਿ ਜਿਹੜਾ ਪੈਗੰਬਰ ਤੱਤੀਆਂ ਤਵੀਆਂ ‘ਤੇ ਭਾਣੇ ਨੁੂੰ ਮਿੱਠਾ ਮੰਨ ਕੇ ਮੁਸਕਰਾਉਂਦਾ ਰਿਹਾ, ਪੌਣੀਆਂ ਚਾਰ ਸਦੀਆਂ ਪਿੱਛੋਂ ਉਸੇ ਰੱਬੀ ਜੋਤ ਦੇ ਇਕ ਸਿੱਖ ਨੇ ਮੁੱਠੀ ਭਰ ਪੈਰੋਕਾਰਾਂ ਦੀ ਮਦਦ ਨਾਲ ਆਧੁਨਿਕ ਹਥਿਆਰਾਂ ਨਾਲ ਲੈਸ ਭਾਰੀ ਲਸ਼ਕਰਾਂ ਨੂੰ ਅਕਾਲ ਤਖ਼ਤ ਦੀਆਂ ਬਰੂਹਾਂ ‘ਤੇ ਅੱਠ ਪਹਿਰ ਤੱਕ ਡੱਕ ਕੇ ਸ਼ਹੀਦਾਂ ਦੇ ਸਿਰਤਾਜ ਦੇ ਮਹਾਂਵਾਕ ਨੂੰ ਆਪਣੀ ਸ਼ਹੀਦੀ ਰਾਹੀਂ ਦਰਸਾਇਆ ਕਿ ਚਮਕੌਰ ਦੀ ਜੰਗ ਦਾ ਇਕ ਰੂਪ ਇਹ ਵੀ ਹੈ, ਜੇ ਬਾਬਾ ਦੀਪ ਸਿੰਘ ਅਤੇ ਸ਼ਾਮ ਸਿੰਘ ਅਟਾਰੀਵਾਲਾ ਦੀ ਸ਼ਹੀਦੀ ਦੇ ਜਲਾਲ ਨੂੰ ਇਕ ਰੂਪ ਵਿਚ ਲਈਏ ਤਾਂ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਦਾ ਰਹੱਸ ਇਤਿਹਾਸ ਦੀ ਪਕੜ ਵਿਚ ਆਉਂਦਾ ਹੈ।
? ਸੰਤ ਜਰਨੈਲ ਸਿੰਘ ਨੇ ਮੌਜੂਦਾ ਰਾਜਨੀਤਕ ਢਾਂਚੇ ਨੂੰ ਵੱਡੇ ਝਟਕੇ ਹੀ ਦਿੱਤੇ ਹਨ ਜਾਂ ਉਸ ਨੂੰ ਜਰਜਰਾ ਵੀ ਕੀਤਾ ਹੈ? ਉਸ ਦੇ ਇਸ ਰੋਲ ਨੂੰ ਇਤਿਹਾਸ ਕਿਵੇਂ ਵੇਖੇਗਾ?
ਉੱਤਰ :- ਵੀਰ ਕਰਮਜੀਤ ! ਭਾਰਤ ਦਾ ਰਾਜਨੀਤਕ ਢਾਂਚਾ ਜਰਜਰਾ ਤਾਂ ਪਹਿਲਾਂ ਹੀ ਸੀ, ਨੀਰਾਦ ਚੌਧਰੀ ਵਰਗਿਆਂ ਨੇ ਇਸ ਦੀਆਂ ਸੰਚਾਲਕ ਇਖਲਾਕੀ ਕੀਮਤਾਂ ਦੇ ਖੋਖਲੇਪਨ ਦਾ ਦਾਰਸ਼ਨਿਕ ਚਿੱਤਰ ਤਾਂ ਪਹਿਲਾਂ ਹੀ ਉਲੀਕ ਦਿੱਤਾ ਸੀ। ਸੰਤ ਜਰਨੈਲ ਸਿੰਘ ਨੇ ਅੰਤਮ ਤੌਰ ‘ਤੇ ਆਪਣੀ ਦੇਹ, ਜਾਨ ਤੇ ਰੂਪ ਵਿਚੋਂ ਲੰਘਾਏ ਬੇਦਾਗ ਅਮਲ ਰਾਹੀਂ ਇਸ ਤਲਖ਼ ਹਕੀਕਤ ਨੂੰ ਸਦਾ ਲਈ ਸ਼ੰਕਾ ਰਹਿਤ ਦਰਸਾ ਦਿੱਤਾ ਕਿ ਭਾਰਤ ਦੀ ਜਮਹੂਰੀਅਤ ਅਸਲ ਵਿਚ ਇਹ ਅਸਿਹਣਸ਼ੀਲ ਧਾਰਮਿਕ ਬਹੁਗਿਣਤੀ ਦੀ ਜਮਹੂਰੀਅਤ ਹੈ, ਜਿਸ ਵਿਚ ਧਰਮਾਂ ਦੀਆਂ ਸਵੈ-ਨਿਰਭਰ ਨਿੱਕੀਆਂ ਇਕਾਈਆਂ ਦੀ ਖੁੱਦਦਾਰੀ ਲਈ ਅਧੀਨਗੀ ਮੰਨਣ ਜਾਂ ਬੇਰਹਿਮੀ ਜਰਨ ਤੋਂ ਬਿਨਾਂ ਉਦੋਂ ਤੱਕ ਕੋਈ ਚਾਰਾ ਨਹੀਂ, ਜਦੋਂ ਤੱਕ ਇਸ ਦੇ ਵਿਧਾਨ ਨੂੰ ਮਾਨਵ ਸੁਤੰਤਰਤਾ ਦੀਆਂ ਠੋਸ ਸੰਵੇਦਨਸ਼ੀਲ ਅਤੇ ਕੌਮਾਂਤਰੀ ਕੀਮਤਾਂ ਵਿਚ ਢਾਲ ਕੇ ਸਰਬ ਪ੍ਰਵਾਣਿਤ ਨਹੀਂ ਬਣਾਇਆ ਜਾਂਦਾ। ਉਨ੍ਹਾਂ ਨੇ ਭਾਰਤ ਦੀ ਕਹਿਣੀ ਅਤੇ ਕਰਨੀ ਦੇ ਫਰਕ ਨੂੰ ਫਾਸ਼ ਕੀਤਾ ਜਿਹੜਾ ਕਿ ਪਹਿਲੀ ਨਜ਼ਰੇ ਇਕ ਸਾਧਾਰਨ ਜਿਹਾ ਫਾਰਮੂਲਾ ਜਾਪਦਾ ਹੈ, ਪਰ ਜਿਸ ਦੀ ਪ੍ਰੈਕਟੀਕਲ ਪਾਲਣਾ ਖੰਡੇ ਦੀ ਤਿੱਖੀ ਧਾਰ ‘ਤੇ ਤੁਰਨ ਬਰਾਬਰ ਹੈ। ਭਾਰਤ ਦੇ ਆਧੁਨਿਕ ਸ਼ਾਸਕ ਵਰਗ ਦੀ ਕਹਿਣੀ ਇਕ ਅਪਕੜ ਗੋਰਖਧੰਦਾ ਹੈ। ਇਸ ਰਾਜਨੀਤਕ ਕਹਿਣੀ ਦੇ ਹਰ ਸਾਹ ਵਿਚ ਕੌਟੱਲਯ ਦੇ ਅਰਥ ਸ਼ਾਸਤਰ ਦੀ ਸ਼ਾਮ, ਦਾਮ ਅਤੇ ਦੰਡ ਦੇ ਫਰੇਬੀ ਫਾਰਮੂਲੇ ਵਿਚ ਪਰੁੱਚੀ ਬਾਰੀਕ ਮੌਕਾਪ੍ਰਸਤੀ ਸਮਾਈ ਹੋਈ ਹੈ, ਇਸ ਮੌਕਾ ਪ੍ਰਸਤੀ ਨੇ ਤਰ੍ਹਾਂ ਤਰ੍ਹਾਂ ਦੇ ਅਧਿਆਤਮਕ, ਪੌਰਾਣਿਕ, ਦਾਰਸ਼ਨਿਕ ਅਤੇ ਕਾਵਿਕ ਗ੍ਰੰਥਾਂ ਦੇ ਕਥਾਂ ਨਾਲ ਆਪਣੇ ਆਪ ਨੂੰ ਢਾਲਿਆ ਅਤੇ ਸ਼ਿੰਗਾਰਿਆ ਹੋਇਆ ਹੈ। ਇਹ ਰਾਜਨੀਤਕ ਕਹਿਣੀ ਬੜੀ ਪੇਚੀਦਾ ਹੈ। ਇਸ ਦੇ ਪਦਾਰਥਕ ਮੰਡਲਾਂ ਵਿਚ ਆਤਮਕ ਕਥਨਾਂ ਦੀ ਭਰਮਾਰ ਹੈ। ਇਹ ਕਹਿਣੀ ਆਪਣੀ ਹਾਊਮੈ ਦੇ ਸੁਤੰਤਰ ਧਰਮਾਂ ਦੀ ਗੁਲਾਮੀ ਨਾਲ ਜੁੜੇ ਗੁਪਤ ਮਨੋਰਥਾਂ ਨੂੰ ਜਾਦੂਗਰ ਵਾਲੀ ਚਮਤਕਾਰੀ ਸਫ਼ਾਈ ਨਾਲ ਆਪਣੀ ਸੁਆਰਥੀ ਕਰਨੀ ਵਿਚ ਤਬਦੀਲੀ ਕਰਦੀ ਹੈ ਅਤੇ ਇਹ ਭਾਣਾ ਵਰਤਾ ਕੇ ਆਪਣੇ ਸ਼ਿਕਾਰ ਨੂੰ ਮਿੱਤਰ ਰੂਪ ਵਿਚ ਪਲਟਕੇ ਮੁੜ ਆਪਣੇ ਪਹਿਲੇ ਸਾਊ ਚਿਹਰੇ ਨੂੰ ਧਾਰਨ ਕਰ ਲੈਂਦੀ ਹੈ। ਸੰਤ ਜਰਨੈਲ ਸਿੰਘ ਨੇ ਆਪਣੀ ਜਾਨ ਦੀ ਕੀਮਤ ਦੇ ਕੇ ਇਸ ਚਲਾਕੀ ਦੇ ਪਰਦੇ ਨੂੰ ਲੀਰੋ ਲੀਰ ਕਰ ਦਿੱਤਾ। ਉਨ੍ਹਾਂ ਆਮ ਸਿੱਖ ਨੂੰ ਵੀ ਇਹ ਸਮਝਾ ਦਿੱਤਾ ਕਿ ਭਾਰਤੀ ਜਮਹੂਰੀਅਤ ਦੂਜੇ ਘੱਟ ਗਿਣਤੀ ਧਰਮਾਂ ਨੂੰ ਆਪਣੇ ਲਸ਼ਕਰਾਂ ਅਤੇ ਵਿਧਾਨਕ ਸ਼ਿਕੰਜਿਆਂ ਰਾਹੀਂ ਆਪਣੀ ਸਦੀਵੀ ਅਧੀਨਗੀ ਵਿਚ ਰੱਖ ਕੇ ਇਕ ਵਿਸ਼ੇਸ਼ ਮਾਰਗ ‘ਤੇ ਚੱਲ ਰਹੀ ਧਾਰਮਿਕ ਬਹੁਗਿਣਤੀ ਦੀ ਸਰਦਾਰੀ ਕਾਇਮ ਕਰਨਾ ਚਾਹੁੰਦੀ ਹੈ। ਅਜਿਹਾ ਤਲਖ਼ ਸੱਚ ਪ੍ਰਗਟ ਹੋਣ ‘ਤੇ ਮੌਜੂਦਾ ਸਰਕਾਰ ਨੂੰ ਭੁਚਾਲ ਵਰਗੇ ਝਟਕੇ ਲੱਗੇ, ਕਿਉਂਕਿ ਉਸ ਦੇ ਛੁਪੇ ਫਰੇਬ ਦੇ ਸਾਹਮਣੇ ਆਉਣ ‘ਤੇ ਉਸ ਨੇ ਵਕਤੀ ਸ਼ਰਮਿੰਦਗੀ ਵਿਚ ਇਹ ਜ਼ਰੂਰ ਮਹਿਸੂਸ ਕੀਤਾ ਕਿ ਗਿਣਤੀ ਵਿਚ ਘੱਟ ਹੋਣ ਦੇ ਬਾਵਜੂਦ ਸਵੈ ਨਿਰਭਰ ਧਰਮਾਂ ਦੀ ਸੁਤੰਤਰਤਾ ਦੀ ਤਾਂਘ ਇਕ ਦਿਨ ਆਪਣਾ ਰਾਹ ਜ਼ਰੂਰ ਬਣਾ ਲਵੇਗੀ। ਅਜਿਹੀ ਪ੍ਰਾਪਤੀ ‘ਤੇ ਅਸਲੀ ਇਤਿਹਾਸ ਸੰਤ ਜਰਨੈਲ ਸਿੰਘ ਨੂੰ ਅਣਡਿੱਠਾ ਨਹੀਂ ਕਰ ਸਕਦਾ।
? ਸੰਤ ਜਰਨੈਲ ਸਿੰਘ ਦੇ ਇਰਦ ਗਿਰਦ ਜੋ ਮਾਹੌਲ ਸੀ, ਉਸ ਦਾ ਪੱਧਰ ਤੁਹਾਨੂੰ ਕਿਹੋ ਜਿਹਾ ਲੱਗਾ? ਇਸ ਮਾਹੌਲ ਨੇ ਉਸ ਨੂੰ ਉੱਚਾ ਚੁੱਕਣ ਵਿਚ ਜੋ ਰੋਲ ਅਦਾ ਕੀਤਾ ਉਸ ਦੇ ਹਾਂ ਪੱਖੀ ਅੰਸ਼ ਕਿਹੜੇ ਹਨ? ਕੀ ਨਾਂਹ ਪੱਖੀ ਅੰਸ਼ ਵੀ ਤੁਹਾਨੂੰ ਕਦੇ ਨਜ਼ਰ ਆਏ?
ਉੱਤਰ :- ਸੰਤ ਜਰਨੈਲ ਸਿੰਘ ਦੀ ਰੂਹਾਨੀ ਛੋਹ ਤੋਂ ਉਪਜਿਆ ਮਾਹੌਲ ਨਿਰੋਲ ਗੁਰਸਿੱਖੀ ਰੰਗਣ ਵਾਲਾ ਸੀ। ਇਹ ਮਾਹੌਲ ਪੰਥ ਦੋਖੀਆਂ ਦੀ ਬੇਇਨਸਾਫ਼ੀਆਂ ਨੂੰ ਜਗ ਜ਼ਾਹਰਾ ਕਰਨ ਲਈ ਅਤੇ ਪੰਥ ਦੀ ਨਿਆਰੀ ਹੋਂਦ ਦਾ ਪ੍ਰਤੀਕ ਸਿਰਜਣ ਲਈ ਸ਼ਹੀਦੀਆਂ ਪਾਉਣ ਦੇ ਚਾਅ ਨਾਲ ਛਲਕ ਰਿਹਾ ਸੀ। ਸਿੰਘ ਜਾਣਦੇ ਸਨ ਅਤੇ ਭਾਰਤੀ ਸ਼ਾਸਕਾਂ ਨੂੰ ਵੀ ਪਤਾ ਸੀ ਕਿ ਸਿੱਖ ਸੰਘਰਸ਼ ਦਾ ਇਹ ਪੜਾਅ ਰਾਜ ਭਾਗੀ ਦੀ ਪ੍ਰਾਪਤ ਦੀ ਪੜਾਅ ਨਹੀਂ ਸੀ, ਪਰ ਇਨਸਾਫ਼ ਲੈਣ ਦੀ ਤਾਂਘ ਨੂੰ ਕੌਮਾਂਤਰੀ ਬਣਾਉਣ ਦਾ ਇਹ ਇਕ ਉਚਿਤ ਮੌਕਾ ਸੀ। ਸੰਤ ਜੀ ਦਾ ਗੁਰਸਿੱਖਾਂ ਨੂੰ ਸ਼ੋਭਦਾ ਨਿਰਮਲ ਇਖ਼ਲਾਕ, 18ਵੀਂ ਸਦੀ ਦੇ ਸਿੱਖ ਸੰਘਰਸ਼ ਦੇ ਤੇਜ਼ ਅਨੁਭਵ ਅਤੇ ਜੀਵਨ ਦੇ ਹਰ ਪੜਾਅ ਵਿਚ ਰਹਿਣ ਵਾਲੀ ਨਿਰਭੈਅਤਾ ਆਦਿ ਬਰਕਤਾਂ ਉਨ੍ਹਾਂ ਦੇ ਉਪਾਸ਼ਕਾਂ ਦੀਆਂ ਜ਼ਮੀਰਾਂ ਨੂੰ ਪਿਛਲੀਆਂ ਪੰਜ ਸਦੀਆਂ ਦੀਆਂ ਸਿੱਖ ਯਾਦਾਂ ਨਾਲ ਜੋੜ ਦਿੰਦੀਆਂ ਸਨ। ਸੰਤ ਜੀ ਨੇ ਜਨਰਲ ਸੁਬੇਗ ਸਿੰਘ ਦੇ ਸੀਨੇ ਅੰਦਰ ਵੀ ਪੁਰਾਤਨ ਸਿੱਖ ਇਤਿਹਾਸ ਦੇ ਇਸ ਸਿਮਰਨ ਰੂਪ ਵਿਚ ਪੂਰੀ ਤਰ੍ਹਾਂ ਰੌਸ਼ਨ ਕਰ ਦਿੱਤਾ ਸੀ। ਸੰਤ ਜੀ ਦੇ ਆਪ ਮੁਹਾਰਾ ਰਚਨਾਤਮਕ ਹੁੰਗਾਰਾ ਦਿੰਦੇ ਪੈਰੋਕਾਰਾਂ ਨੇ ਜਿਹੜਾ ਮਾਹੌਲ ਪੈਦਾ ਕੀਤਾ, ਉਹ ਸਥਾਨਕ ਅਤੇ ਇਕਹਿਰਾ ਨਹੀਂ ਸੀ, ਸਗੋਂ ਉਸ ਵਿਚ ਪੰਜ ਸਦੀਆਂ ਦੇ ਅਤਿ ਜਿੰਦਾ ਇਤਿਹਾਸਕ ਪ੍ਰਭਾਵ ਵੀ ਸਮਾਏ ਹੋਏ ਸਨ। ਮੇਰੇ ਦੋਸਤ ! ਉਂਜ ਤੁਹਾਡਾ ਸ਼ੰਕਾ ਵੀ ਠੀਕ ਹੈ। ਸੰਤਾਂ ਦੀ ਨੇੜ ਛੋਹ ਤੋਂ ਕੁਝ ਪਰ੍ਹੇ ਉਨ੍ਹਾਂ ਦੁਆਲੇ ਅਸੀਂ ਨਾਂਹਪੱਖੀ ਅੰਸ਼ ਵੀ ਵੇਖਦੇ ਹਾਂ। ਹੋਰ ਵੀ ਦੁਖਾਂਤਕ ਸਥਿਤੀ ਇਹ ਹੈ ਕਿ ਉਹ ਲੋਕ ਆਪਣਿਆਂ ਵਿਚ ਗਿਣੇ ਜਾਂਦੇ ਸਨ। ਧਰਮ ਧੁੱਧ ਮੋਰਚੇ ਦੇ ਨੇਤਾ ਹਰਚੰਦ ਸਿੰਘ ਲੌਂਗੋਵਾਲ ਵਿਚ ਸਿੱਖ ਸੰਤ ਵਾਲੀ ਇਕ ਵੀ ਸਿਫ਼ਤ ਨਹੀਂ ਸੀ। ਉਹ ਹੱਦ ਦਰਜੇ ਦਾ ਡਰਪੋਕ, ਪੇਟੂ, ਮੌਕਾਸ਼ਨਾਸ, ਕੱਚੇ ਜਿਹੇ ਮਖੌਲ ਕਰਨ ਵਾਲਾ ਮਿੱਠਬੋਲੜਾ ਅਤੇ ਅਸ਼ਲੀਲ ਸੁਆਦਾਂ ਵਾਲਾ ਵਿਅਕਤੀ ਸੀ। ਅਜਿਹੇ ਨਾਂਹਪੱਖੀ ਮਾਨਸਿਕਤਾ ਵਾਲੇ ਨੇਤਾ ਨਾਲ ਸੰਤ ਜਰਨੈਲ ਸਿੰਘ ਦੀ ਮਜ਼ਬੂਰੀ ਵੱਸ ਪਾਈ ਸਾਂਝ ਪੰਥ ਲਈ ਭਾਰੀ ਬਦਸ਼ਗਨੀ ਸੀ। ਸੰਤ ਜਰਨੈਲ ਸਿੰਘ ਦੀ ਸ਼ਹਾਦਤ ਪਿੱਛੋਂ ਅਨਿਸਚਿਤ ਤੇ ਬੇਅਣਖਾ ਪੰਜਾਬ ਸਮਝੌਤਾ, ਲੌਂਗੋਵਾਲ, ਬਰਨਾਲਾ ਅਤੇ ਬਲਵੰਤ ਸਿੰਘ ਵਰਗਿਆਂ ਦੀ ਖੁਦਗਰਜ਼ ਅਤੇ ਬਣਾਵਟੀ ਸਿੱਖੀ ਦਾ ਹੀ ਨਤੀਜਾ ਸੀ ਜਿਸ ਦੀ ਬੇਚੈਨ ਮਿਰਗ ਤ੍ਰਿਸ਼ਨਾ ਅਤੇ ਪੰਥਕ ਤਕਦੀਰ ਤੋਂ ਅਣਭਿੱਜ ਚੀਫ਼ ਮਨਿਸਟਰੀਆਂ ਦੀ ਬੇਅਸੂਲੀ ਭੁੱਖ ਨੇ ਰਿਬੈਰੋ ਅਤੇ ਕੇ ਪੀ ਐਸ ਗਿੱਲ ਵਰਗਿਆਂ ਲਈ ਪੰਥ ਨੂੰ ਅਣਕਿਆਸੇ ਕਸ਼ਟ ਅਤੇ ਨਮੋਸ਼ੀਆਂ ਦੇਣ ਦਾ ਅਤਿ ਖੂਨੀ ਰਾਹ ਖੋਲ੍ਹ ਦਿੱਤਾ। ਪੰਥਕ ਕੀਮਤਾਂ ਦਾ ਅੰਧ ਰਸਾਤਲ ਅਤੇ ਆਮ ਇਖ਼ਲਾਕੀ ਨਿਘਾਰ ਇਸ ਹੱਦ ਤੱਕ ਪਹੁੰਚ ਗਿਆ ਕਿ ਇਕ ਵਾਰ ਤਾਂ ਅਕਾਲ ਤਖ਼ਤ ਵੀ ਅਗਿਆਨ ਤੇ ਭ੍ਰਿਸ਼ਟ ਸਿਆਸਤਦਾਨਾਂ ਦਾ ਖਿਡੌਣਾ ਬਣ ਕੇ ਰਹਿ ਗਿਆ ਹੈ।
? ਇਤਿਹਾਸ ਵਿਚ ਬਹੁਤ ਘੱਟ ਅਜਿਹੇ ਇਨਸਾਨ ਹੋਏ ਹਨ ਜਿਹੜੇ ਏਨੀ ਛੇਤੀ, ਏਨੀ ਤੇਜ਼ੀ ਨਾਲ ਥੋੜੇ ਜਿਹੇ ਅਰਸੇ ਵਿਚ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ‘ਤੇ ਛਾ ਗਏ। ਕੀ ਸੰਤ ਜਰਨੈਲ ਸਿੰਘ ਹਾਲਤਾਂ ਦੀ ਇਸ ਜ਼ਬਰਦਸਤ ਛੱਲ ‘ਤੇ ਸਵਾਰ ਸਨ ਜਾਂ ਇਹ ਹਾਲਤਾਂ ਉਨ੍ਹਾਂ ਨੇ ਬੜੀ ਮਿਹਨਤ ਤੇ ਤਿਆਗ ਨਾਲ ਤਿਆਰ ਕੀਤੀਆਂ?
ਉੱਤਰ :- ਮੇਰੇ ਵੀਰ ! ਪੰਥ ‘ਤੇ ਭੀੜ ਪੈਣ ‘ਤੇ ਜਿਸ ਵੀ ਸਖ਼ਸ ਨਾਲ ਕਦੇ ਸਿੱਖ ਇਤਿਹਾਸ ਦੀਆਂ ਪੰਜ ਸਦੀਆਂ ਸਫਰ ਕਰਨਗੀਆਂ, ਉਸ ਹਰ ਸਖ਼ਸ਼ ਨੇ ਸੰਤ ਜੀ ਵਾਂਗ ਹੀ ਚੇਤੰਨਤਾ ਅਤੇ ਬੇਗਰਜ਼ ਕੁਰਬਾਨੀਆਂ ਦੇ ਅਰੁਕ ਹੜ੍ਹ ਪੈਦਾ ਕਰਨੇ ਹਨ। ਇਤਿਹਾਸਕ ਅਸੂਲ ਦਾ ਇਕ ਰਾਜ਼ ਚੰਗੀ ਤਰ੍ਹਾਂ ਸਮਝ ਲਵੋ। ਉਹ ਰਾਜ ਇਹ ਹੈ ਕਿ ਕੌਮਾਂ ਦੇ ਸੰਕਟ ਸਮੇਂ ਇਤਿਹਾਸ ਆਪਣੇ ਮਸੀਹਾ ਨੂੰ ਉਡੀਕਦਾ ਹੈ। ਫਿਰ ਮਸੀਹਾ ਦੇ ਬਹੁੜਣ ‘ਤੇ ਉਹ ਆਪਣਾ ਆਪ ਉਸ ਅੱਗੇ ਸਮਰਪਿਤ ਕਰ ਦਿੰਦਾ ਹੈ। ਇਸ ਪਿੱਛੋਂ ਮਸੀਹਾ ਆਪਣੀ ਮਰਜ਼ੀ ਅਤੇ ਲੋੜ ਅਨੁਸਾਰ ਉਸ ਦੇ ਨਕਸ਼ ਤਰਾਸ਼ਦਾ ਹੈ। ਯਕੀਨ ਕਰਨਾ ਸੰਤ ਜਰਨੈਲ ਸਿੰਘ ਦਾ ਵੀ ਇਹੋ ਰੋਲ ਸੀ। ਸਿੱਖ ਧਰਮ ਦੇ ਪੈਦਾ ਹੁੰਦਿਆਂ ਹੀ ਇਸ ਦੀਆਂ ਬਰਬਾਦੀਆਂ ਦੇ ਮਸ਼ਵਰੇ ਵੀ ਅਸਮਾਨਾਂ ਵਿਚ ਹੋਣੇ ਸ਼ੁਰੂ ਹੋ ਗਏ ਸਨ। ਕਿਉਂਕਿ ਸਥਾਪਤ ਧਰਮਾਂ ਨੇ ਇਸ ਦੀ ਨਵੀਨਤਾ ਨੂੰ ਈਰਖਾ ਵੱਸ ਬਰਦਾਸ਼ਤ ਨਹੀਂ ਸੀ ਕੀਤਾ। ਸਦੀਆਂ ਦੇ ਵੱਖ ਵੱਖ ਪੜਾਵਾਂ ਵਿਚ ਇਸ ਦੀ ਤਬਾਹੀ ਦੇ ਸਾਮਾਨ ਪੈਦਾ ਹੋਏ, ਇਤਿਹਾਸਕ ਸਮੱਸਿਆਵਾਂ ਨੇ ਆਪਣੇ ਸਮਾਧਾਨ ਲਈ ਮਹਾਂਪੁਰਖਾਂ ਦੀ ਉਡੀਕ ਕੀਤੀ ਜਿਹੜੀ ਕਦੇ ਲੋੜ ‘ਤੇ ਪੂਰੀ ਉਤਰੀ, ਪਰ ਕਦੇ ਲੋੜ ਤੋਂ ਘੱਟ ਰਹੀ। ਭਾਰਤ ਦੀ ਆਜ਼ਾਦੀ ਪਿੱਛੋਂ ਸਿੱਖਾਂ ਦੀ ਤਬਾਹੀ ਜਾਂ ਅਧੀਨਤਾ ਲਈ ਐਨੀਆਂ ਸਾਜ਼ਿਸ਼ਾਂ ਜਾਂ ਗੁਪਤ ਮਨਸੂਬੇ, ਰਣਨੀਤੀਆਂ ਅਤੇ ਕੂਟਨੀਤੀਆਂ ਹੋਂਦ ਵਿਚ ਆਈਆਂ ਕਿ ਇਨ੍ਹਾਂ ਦਾ ਪਰਦਾ ਚਾਕ ਕਰਨ ਲਈ, ਇਨ੍ਹਾਂ ਦੀ ਗੁੱਝੀ ਭਿਅੰਕਰਤਾ ‘ਤੇ ਧਰਵਾਸ ਦੇਣ ਲਈ ,ਭਾਵ ਜ਼ਖਮਾਂ ‘ਤੇ ਮੱਲ੍ਹਮ ਲਾਉਣ ਲਈ, ਅਤੇ ਸੰਕੇਤਕ ਸਮਾਧਾਨ ਕਰਨ ਲਈ ਕਿਸੇ ਐਸੇ ਮਸੀਹਾ ਦੀ ਲੋੜ ਸੀ, ਜਿਹੜਾ ਗੁਰੂ ਕਾਲ ਦੇ ਮੁਕੰਮਲ ਸਿਦਕ ਨਾਲ ਸਰਸ਼ਾਰ ਹੋਵੇ ਅਤੇ ਆਪਣੀ ਜਾਨ ਦੀ ਕੀਮਤ ‘ਤੇ ਪੰਥ ਦੋਖੀਆਂ ਦੀ ਸਹੀ ਨਿਸ਼ਾਨਦੇਹੀ ਕਰ ਸਕੇ। ਸੰਤ ਜੀ ਐਨੀ ਜਲਦੀ ਅਤੇ ਤੇਜ਼ੀ ਨਾਲ ਇਸੇ ਕਾਰਨ ਪਰਵਾਨ ਹੋਏ ਕਿ ਉਹ ਸਿੱਖ ਕੌਮ ਦੇ ਸਦੀਆਂ ਪੁਰਾਣੇ ਦਰਦ ਦੇ ਹਾਣ ਦੇ ਸਨ। ਦਰਦ ਵੀ ਹਾਜ਼ਰ ਸੀ, ਇਤਿਹਾਸਕ ਸਮੱਸਿਆਵਾਂ ਦਾ ਸਖਤ ਘੇਰਾ ਵੀ ਸੀ, ਆਧੁਨਿਕ ਸ਼ਸਤਰਧਾਰੀ ਦੇ ਰੂਪ ਵਿਚ ਬਲਵਾਨ ਦੋਖੀ ਵੀ ਮੌਜੂਦ ਸਨ, ਸੋ ਜਿਸ ਨੇ ਹਰ ਕੀਮਤ ‘ਤੇ ਇਸ ਲੰਮੇ ਪੰਥਕ ਦੁਖਾਂਤ ਦੀ ਗਵਾਹੀ ਦੇ ਕੇ ਇਸ ਦਾ ਇਲਾਜ ਵੀ ਦੱਸਣਾ ਸੀ, ਉਸ ਮਸੀਹਾ ਨੂੰ ਤੇਜ਼ੀ ਨਾਲ ਪ੍ਰਵਾਨ ਹੋਣੋਂ ਕੌਣ ਰੋਕ ਸਕਦਾ ਸੀ? ਇਤਿਹਾਸ ਨੇ ਸੰਤ ਜੀ ਨੂੰ ਬੁਲਾਇਆ, ਅੱਗੋਂ ਸੰਤ ਜੀ ਨੇ ਸੱਦਾ ਪ੍ਰਵਾਨ ਕਰਕੇ ਇਤਿਹਾਸ ਨੂੰ ਅਨੇਕ ਛੱਲਾਂ ਨਾਲ ਭਰਪੂਰ ਕੀਤਾ, ਇੰਝ ਉਸ ਅੰਦਰ ਕਰੀਏਟਿਵ ਜਲਵਾ ਪੈਦਾ ਕੀਤਾ। ਪੀੜਾਂ ਲੱਦੇ ਕਾਲ ਅਤੇ ਮਾਨਵ ਦੀ ਸੰਘਰਸ਼ਕ ਦ੍ਰਿੜਤਾ ਵਿਚਕਾਰ ਇਕਸੁਰਤਾ ਪੈਦਾ ਹੋਣ ‘ਤੇ ਹੀ ਸੰਤ ਜੀ ਅਤੇ ਇਤਿਹਾਸ ਇਕ ਦੂਜੇ ਦੇ ਪੂਰਕ ਬਣੇ।
? ਕੀ ਤੁਹਾਨੂੰ ਕਦੇ ਇਉਂ ਵੀ ਮਹਿਸੂਸ ਹੁੰਦਾ ਸੀ ਕਿ ਸਿੱਖੀ ਜਜ਼ਬਿਆਂ ਨਾਲ ਲਬਾ ਲਬ ਭਰਿਆ ਇਹ ਇਨਸਾਨ ਬਿਲਕੁਲ ਇਕੱਲਾ ਮੁਕੱਲਾ ਵੀ ਸੀ? ਕੀ ਸਿੱਖ ਪੰਥ ਵਿਚ ਕੋਈ ਵੀ ਉਸ ਦੇ ਦਰਦ ਦਾ ਹਾਣੀ ਨਹੀਂ ਸੀ? ਕੀ ਕਈ ਵਾਰ ਕੌਮਾਂ ਦਾ ਸਮੁੱਚਾ ਦਰਦ ਇਕ ਬੰਦੇ ਵਿਚ ਵੀ ਇਕੱਠਾ ਹੋ ਜਾਂਦਾ ਹੈ? ਤੁਸੀਂ ਇਸ ਸਥਿਤੀ ਨੂੰ ਕਿਵੇਂ ਬਿਆਨ ਕਰਨਾ ਚਾਹੋਗੇ।
ਉੱਤਰ :- ਪਿਆਰੇ ਦੋਸਤ! ਤੇਰੇ ਸਵਾਲ ਨੇ ਮੇਰੇ ਸੀਨੇ ਵਿਚ ਉਸ ਵੇਦਨਾ ਨੂੰ ਜਗਾ ਦਿੱਤਾ ਹੈ ਜਿਹੜੀ ਤੀਸਰੇ ਵੱਡੇ ਘੱਲੂਘਾਰੇ ਤੋਂ ਕੁਝ ਮਹੀਨੇ ਪਹਿਲਾਂ, ਇਸ ਦੀਆਂ ਬੇਰਿਹਮ ਦਿਵਸ ਰਾਤਾਂ ਵਿਚ ਅਤੇ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਸਿੱਖ ਕੌਮ ਨੂੰ ਤਰਸ, ਭੈਅ ਅਤੇ ਅੱਚਵੀਂ ਦੇ ਮਾਹੌਲ ਵਿਚ ਸੌਣ ਨਹੀਂ ਸੀ ਦੇ ਰਹੀ। ਸਿੱਖ ਰਾਜ ਦੇ ਖਤਮ ਹੋਣ ਪਿੱਛੋਂ ਖਾਲਸਾ ਪੰਥ ਕੁਝ ਵਰ੍ਹੇ ਮਹਾਰਾਜਾ ਦਲੀਪ ਸਿੰਘ ਵਾਂਗ ਹੀ ਕਦੇ ਉਦਾਸ ਨੇਸਤੀ ਅਤੇ ਕਦੇ ਬੇਚੈਨ ਭਟਕਣ ਵਿਚ ਰਿਹਾ, ਪਰ ਆਜ਼ਾਦੀ ਪਿੱਛੋਂ ਇਹ ਤੜਪ ਤੱਤੀ ਤਵੀ ਵਾਂਗ ਪ੍ਰਚੰਡ ਹੋ ਗਈ, ਭਾਵੇਂ ਤੱਤੀ ਤਵੀ ‘ਤੇ ਬੈਠਣ ਵਾਲੇ ਜੇਡਾ ਸਰਬ ਤੇ ਜੇਰਾ ਸਮੁੱਚੇ ਪੰਥ ਤੋਂ ਹਾਲੇ ਦੂਰ ਸੀ। ਅਸੀਂ ਵਰ੍ਹਿਆਂ ਤੋਂ ਲਗਾਤਾਰ ਰੱਬੀ ਰਹਿਮਤਾਂ ਤੋਂ ਸੱਖਣੇ ਕਿਸੇ ਮਾਰੂ ਘੇਰੇ ਵਿਚ ਰਹੇ । ਸਿੱਖਾਂ ਦੀ ਇਕ ਵੱਡੀ ਗਿਣਤੀ ਨੂੰ ਇਸ ਦੇ ਵਕਤੀ ਅਤੇ ਕਦੇ ਕਦੇ ਇਕਹਿਰੇ ਅਨੁਭਵ ਵੀ ਹੋਏ, ਪਰ ਅਜਿਹੇ ਲੋਕ ਬਿੱਲੀ ਵੇਖ ਕੇ ਕਬੂਤਰ ਦੇ ਅੱਖਾਂ ਮੀਟਣ ਵਾਂਗ ਵਾਰ ਵਾਰ ਸਵੈ ਛਲਾਵੇ ਦੇ ਸ਼ਿਕਾਰ ਵੀ ਹੁੰਦੇ ਰਹੇ। ਸੰਤ ਜੀ ਦੀ ਗੁਰਮੁਖ ਪ੍ਰਤਿਭਾ ਨੂੰ ਪੰਥ ਦੀ ਇਸ ਅਟੱਲ ਦੁਖਾਂਤਕ ਸਥਿਤੀ ਦਾ ਐਨਾ ਗਹਿਰਾ, ਵਿਸ਼ਾਲ ਅਤੇ ਸਰਬ ਪੱਖੀ ਅਨੂਭਵ ਹੋਇਆ ਕਿ ਸਿੱਖ ਇਤਿਹਾਸ ਦੇ ਪਹਿਲੇ ਦੋ ਵੱਡੇ ਘੱਲੂਘਾਰੇ, ਮਾਵਾਂ ਭੈਣਾਂ ਦੇ ਕੁੱਲ ਕਸ਼ਟ, ਖੂਨੀ ਹਾਦਸੇ, ਮਹੀਨ ਫਰੇਬ ਅਤੇ ਛਲਾਵਾ-ਰੂਪ ਸਾਜ਼ਿਸ਼ਾਂ ਸੰਤ ਜੀ ਦੇ ਸੀਨੇ ਅੰਦਰ ਲਟ ਲਟ ਬਲਣ ਲੱਗੀਆਂ। ਉਂਝ ਸੰਤ ਜੀ ਨੇ ਆਪਣੀ ਸਿਦਕ ਦੀ ਚੜ੍ਹਤਲ ਵਿਚ ਬਲਵਾਨ ਜ਼ਬਤ ਦੇ ਸਦਕੇ ਆਪਣੇ ਦਰਦ, ਹੰਝੂਆਂ ਅਤੇ ਰੁਦਨ ਨੂੰ ਆਪਣੀ ਰਚਨਾਤਮਕ ਖਾਮੋਸ਼ੀ ਵਿਚ ਸੰਭਾਲ ਲਿਆ। ਪਿਆਰੇ ਜੀਓ ਸੰਤ ਜੀ ਦਾਂ ਇਹ ਦਰਦ ਬਹੁਤ ਵੱਡਾ ਸੀ, ਨਤਮਸਤਕ ਲੋਕਾਂ ਨੂੰ ਖੁੱਲ੍ਹ ਕੇ ਵੰਡਣ ਦੇ ਬਾਵਜੂਦ ਇਹ ਦਰਦ ਆਪਣੇ ਅੰਤਮ ਪੜਾਅ ‘ਤੇ ਉਸੇ ਤਰ੍ਹਾਂ ਇਕੱਲਾ ਸੀ, ਜਿਵੇਂ ਦੋਸਤੇਇਵਸਕੀ, ਪਾਸਤਰਨਾਕ ਅਤੇ ਸੋਲਜ਼ੇਨਿਤਸਨ ਅਨੇਕ ਪਾਠਕਾਂ ਦੇ ਹੁੰਦਿਆਂ ਸੁੰਦਿਆਂ ਮਨੁੱਖ ਦੀ ਅਮੋੜ ਪ੍ਰਾਧੀਨਤਾ ਅਤੇ ਰੂਹਾਨੀ ਵੇਦਨਾ ਦੇ ਸਾਹਮਣੇ ਆਪਣੇ ਅੰਤਮ ਵਿਸ਼ਲੇਸ਼ਣ ਸਮੇਂ ਇਕੱਲੇ ਹੀ ਨਜ਼ਰ ਪੈਂਦੇ ਹਨ। ਇਤਿਹਾਸ ਵਿਚ ਹੋਰ ਵੱਡੇ ਧਰਮਾਂ ਅਤੇ ਕੌਮਾਂ ਨੂੰ ਵੀ ਸਖ਼ਤ ਘੇਰੇ ਪਏ, ਪਰ ਭਾਰਤ ਦੀ ਆਜ਼ਾਦੀ ਪਿੱਛੋਂ ਸਾਡੀ ਸਥਿਤੀ ਵੱਖਰੀ ਹੀ ਸੀ, ਯਹੂਦੀ ਵੀ ਬਹੁਤ ਉਦਾਸ ਲੋਕ ਸਨ, ਪਰ ਇਸਲਾਮ ਅਤੇ ਈਸਾਈਅਤ ਦੀਆਂ ਜਹਾਦੀ ਟੱਕਰਾਂ, ਕੌਮੀ ਈਗੋ ਅਤੇ ਆਰਥਿਕਤਾ ਵਿਚੋਂ ਜਨਮੀਆਂ ਯੂਰਪ ਦੀਆਂ ਈਸਾਈ ਸਟੇਟਾਂ ਆਪਸੀ ਜੰਗਾਂ ਅਤੇ ਅਖੀਰ ਇਟਲੀ, ਜਰਮਨੀ, ਰੂਸ ਦੀਆਂ ਪ੍ਰਬੰਧਕੀ ਵਿਚਾਰਧਾਰਾਵਾਂ ਦੇ ਅੰਦਰੋਂ ਕਮਜ਼ੋਰ ਪੈਣ ਪਿੱਛੋਂ ਸੰਸਾਰ ਈਸਾਈਅਤ ਵੱਲੋਂ ਸੰਤੁਲਨ ਲਈ ਇਸਲਾਮ ਦੇ ਮੁਕਾਬਲੇ ਵਿਚ ਯਹੂਦੀਅਤਾ ਵੱਲ ਝੁਕਾਓ ਵਰਗੀਆਂ ਹਾਲਤਾਂ ਨੇ ਯਹੂਦੀ ਕੌਮ ਅਤੇ ਧਰਮ ਨੂੰ ਰਾਜਨੀਤਕ ਸਹਿਯੋਗ ਅਤੇ ਸਥਿਰਤਾ ਪ੍ਰਦਾਨ ਕੀਤੇ। ਨਤੀਜੇ ਵਜੋਂ ਉਨ੍ਹਾਂ ਨੂੰ ਜੀਣ ਥੀਣ ਦਾ ਧਰਵਾਸ ਮਿਲਿਆ। ਇਉਂ ਯਹੂਦੀਆਂ ਦਾ ਦਰਦ ਦੋ ਵਿਸ਼ਵ ਯੁੱਧਾਂ ਪਿੱਛੋਂ ਵੀ ਸੰਤ ਜੀ ਵਾਂਗ ਵੀਰਾਨੀਆਂ ਵਿਚ ਨਹੀਂ ਸੀ ਕੂਕਿਆ। ਜਦੋਂ ਪੱਛਮ ਦਾ ਰੋਗੀ ਸੱਭਿਆਚਾਰ ਅੰਦਰਲੇ ਪਾਸਿਓਂ ਇਸਲਾਮ ਨੂੰ ਖੋਰਾ ਲਾਉਣ ਲੱਗਿਆ, ਅਤੇ ਬਾਅਦ ਵਿਚ ਸਲਮਾਨ ਰਸ਼ਦੀ ਦੀ ਠਹੲ ੰਅਟਅਨਚਿ ੜੲਰਸੲਸ ਨੇ ਇਸ ਖੋਰੇ ਦੀ ਮਦਦ ਵਿਚ ਪ੍ਰਤੱਖ ਪ੍ਰਮਾਣ ਵੀ ਦਿੱਤਾ ਤਾਂ ਆਇਤਲਾ ਖੋਮੀਨੀ ਬੇਚੈਨ ਹੋਏ, ਨਤੀਜਾ ਇਹ ਨਿਕਲਿਆ ਕਿ ਈਰਾਨ ਦੀ ਕ੍ਰਾਂਤੀ ਅਤੇ ਈਰਾਨ, ਇਰਾਕ ਵਿਚ ਲੰਬੀ ਜੰਗ ਹੋਂਦ ਵਿਚ ਆਈ, ਪਰ ਖੋਮੀਨੀ ਦਾ ਦਰਦ ਵੀ ਸੰਤ ਜੀ ਵਾਂਗ ਇਕੱਲਾ ਮੁਕੱਲਾ ਨਹੀਂ ਸੀ। ਕਿਉਂਕਿ ਇਸਲਾਮੀ ਸਟੇਟਾਂ ਹੋਣ ਕਾਰਨ ਘੱਟੋ ਘੱਟ ਇਸਲਾਮ ਨੂੰ ਹਕੂਮਤੀ ਤਸ਼ੱਦਦ ਤੋਂ ਕੋਈ ਖਤਰਾ ਨਹੀਂ ਸੀ। ਧਰਮ ਨੂੰ ਬਾਹਰੋਂ ਖਤਰਾ ਨਾ ਹੋਣ ਕਾਰਨ ਖੋਮੀਨੀ ਨੂੰ ਇਸਲਾਮੀ ਸਟੇਟਾਂ ਨਾਲ ਵੀ ਜੰਗ ਅਤੇ ਝਗੜੇ ਮੁੱਲ ਲੈਣੇ ਪੁੱਗ ਸਕਦੇ ਹਨ, ਪਰ ਇਧਰ ਤਾਂ ਸੰਤ ਜੀ ਨੂੰ ਸਾਫ਼ ਦਿਸਦਾ ਸੀ ਕਿ ਸ਼ਕਤੀਸ਼ਾਲੀ ਵਿਰੋਧੀ ਨੇ ਬਾਹਰਲੀ ਹਿੰਸਾ ਦੇ ਨਾਲ ਨਾਲ ਆਪਣੇ ਮੰਤਕ, ਤਰਕ, ਹਕੂਮਤੀ ਪਕੜ ਅਤ ਸੰਚਾਰ ਸਾਧਨਾਂ ਦੀਆਂ ਸਾਜ਼ਿਸ਼ੀ ਨਿਗਾਹਾਂ ਨੂੰ ਪੰਥ ਦੇ ਅੰਦਰਲੇ ਘੇਰੇ ‘ਤੇ ਵੀ ਗੱਡ ਰੱਖਿਆ ਹੈ। ਸੰਤ ਜੀ ਨੂੰ ਇਲਮ ਸੀ ਕਿ ਉਹ ਆਪਣੇ ਵਿਰਾਟ ਦਰਦ ਰਾਹੀਂ ਖਾਲਸਾ ਸ਼ਕਤੀ ਦੇ ਨਵੇਂ ਸੰਤਾਂ ਦੇ ਸਦਾ-ਜ਼ਿੰਦਾ ਪ੍ਰਤੀਕ ਸਿਰਜਣ ਪਿੱਛੋਂ ਇਸ ਦੁਨੀਆ ਵਿਚ ਨਹੀਂ ਰਹਿਣਗੇ। ਪਰ ਸੰਤ ਦੀ ਸਾਹਮਣੇ ਖਾਲਸਾ ਦੀ ਨਿਰਾਕਾਰ ਸ਼ਕਤੀ ਤੋਂ ਬਿਨ੍ਹਾਂ ਉਨ੍ਹਾਂ ਦੇ ਦਰਦ ਦੇ ਹਾਣ ਦਾ ਕੋਈ ਜਾਨਸ਼ੀਨ ਨਹੀਂ ਸੀ। ਸੰਤ ਜੀ ਅਸੀਸ ਨਾਲ ਵਰੋਸਾਈ ਹੋਈ ਜਿੱਤ ਜਾਂ ਸ਼ਹਾਦਤ ਇਨ੍ਹਾਂ ਦੋਵਾਂ ਰਾਹਾਂ ਵਿਚੋਂ ਇਕ ਰਾਹ ਜਨਰਲ ਸੁਬੇਗ ਸਿੰਘ ਲਈ ਅਟੱਲ ਸੀ। ਇਸ ਪੱਖ ਤੋਂ ਸਿੱਖੀ ਦਰਦ ਨਾਲ ਲਬਾ ਲਬ ਭਰੇ ਸੰਤ ਜਰਨੈਲ ਸਿੰਘ ਹਜ਼ਾਰਾਂ ਪੈਰੋਕਾਰਾਂ ਵਿਚਕਾਰ ਬੈਠੇ ਹੋਏ ਵੀ ਇਕੱਲ ਮੁਕੱਲੇ ਇਨਸਾਨ ਸਨ।
? ਤੁਸੀਂ ਇਤਿਹਾਸ ਅਤੇ ਰਾਜਨੀਤੀ ਦੇ ਸੁਚੇਤ ਅਤੇ ਗੰਭੀਰ ਵਿਦਿਆਰਥੀ ਹੋ। ਸਾਹਿਤ ਨਾਲ ਵੀ ਤੁਹਾਡੀ ਜਾਣ ਪਛਾਣ ਹੈ। ਸੰਤ ਜਰਨੈਲ ਸਿੰਘ ਨੇ ਇਕ ਵੱਡੀ ਲਹਿਰ ਨੂੰ ਸ਼ੁਰੂ ਕੀਤਾ, ਉਸ ਨੇ ਨਵੀਆਂ ਪਿਰਤਾਂ ਵੀ ਪਾਈਆਂ, ਪਰ ਕੀ ਕਾਰਨ ਹੈ ਕਿ ਇਸ ਲਹਿਰ ਨੇ ਵੱਡੇ ਸਾਹਿਤਕਾਰ ਪੈਦਾ ਨਹੀਂ ਕੀਤੇ?
ਉੱਤਰ : ਮੇਰੇ ਵੀਰ ! ਸਿੱਖ ਕੌਮ ਤਾਂ ਤੀਜੇ ਵੱਡੇ ਘੱਲੂਘਾਰੇ ਪਿੱਛੋਂ ਕਿਸੇ ਉਜੜੇ ਘਰ ਵਾਂਗ ਹੈ। ਇਸ ਦਾ ਕੋਈ ਪਹਿਰੇਦਾਰ ਨਜ਼ਰ ਨਹੀਂ ਪੈਂਦਾ। ਹਾਲੇ ਤਾਂ ਉਸ ਦੀ ਕਿਸੇ ਨੂੰ ਲੋੜ ਵੀ ਨਹੀਂ ਭਾਸਦੀ। ਇਸ ਘਰ ਅਤੇ ਇਸ ਦੀ ਵੇਦਨਾ ਬਾਰੇ ਕੋਈ ਸਾਹਿਤ? ਸ਼ੁਰੂ ਸ਼ੁਰੂ ਵਿਚ ਅਜੀਤ ਕੌਰ, ਦਲੀਪ ਕੌਰ ਟਿਵਾਣਾ, ਦੁੱਗਲ ਸਾਹਿਬ, ਕੰਵਲ ਜੀ ਅਤੇ ਡਾ. ਹਰਭਜਨ ਸਿੰਘ ਨੇ ਸਿੱਖ ਦਰਦ ਦੇ ਕੁਝ ਹੋਕੇ ਦਿੱਤੇ, ਪਰ ਜਲਦੀ ਹੀ ਅਜਿਹੀਆਂ ਆਵਾਜ਼ਾਂ ਤੋਂ ਇਨਕਾਰ ਕਰਦੇ ਸਾਹਿਤਕਾਰਾਂ ਦੇ ਸਾਜ਼ਿਸ਼ੀ ਗਰੁੱਪ ਖੁੰਬਾਂ ਵਾਂਗ ਫੁੱਟ ਪਏ, ਭਾਵੇਂ ਕੰਵਲ ਸਾਹਿਬ ਦਾ ਸਿੱਖ ਦਰਦ ਤਾਂ ਹੁਣ ਵੀ ਕੂਕ ਰਿਹਾ ਹੈ। ਸਾਹਿਤ ਦੇ ਤਰੱਕੀ ਪਸੰਦ ਦੌਰ ਜਾਂ ਮਾਰਕਸੀ ਦੌਰ ਦੇ ਸਾਹਿਤ ਸਮੇਂ ਹਕੂਮਤੀ ਤਾਕਤਾਂ ਦੇ ਵਿਰੋਧ ਵਿਚ ਲਿਖਣਾ ਸੌਖੀ ਜਿਹੀ ਗੱਲ ਸੀ। ਸੋ ਕਵੀ ਪਾਸ਼ ਵਰਗਿਆਂ ਦਾ ਸਥਾਪਤੀ ਵਿਰੁੱਧ ਲਿਖਣਾ ਇਕ ਸਾਹਿਤਕ ਸ਼ੁਗਲ ਸੀ, ਕਿਉਂਕਿ ਭਾਰਤ ਦੀਆਂ ਕਮਿਊਨਿਸਟ ਪਾਰਟੀਆਂ ਤੋਂ ਬਿਨਾਂ ਕਈ ਹੋਰ ਵਿਰੋਧੀ ਪਾਰਟੀਆਂ ਵੀ ਅਜਿਹੀ ਬਾਗੀ ਆਵਾਜ਼ ਉਠਾਉਣ ‘ਤੇ ਸਾਹਿਤਕਾਰਾਂ ਨੂੰ ਥਾਪੜਾ ਦਿੰਦੀਆਂ ਸਨ, ਪਰ ਸੰਤ ਜਰਨੈਲ ਸਿੰਘ ਦੇ ਵਰੋਸਾਏ ਦੌਰ ਦੇ ਹੱਕ ਵਿਚ ਲਿਖਣਾ ਜਾਂ ਕਸ਼ਮੀਰੀ ਸੰਘਰਸ਼ ਬਾਰੇ ਕੁਸਕਣਾ ਸਰਕਾਰ ਦੇ ਅਣਮਨੁੱਖੀ ਕਹਿਰ ਨੂੰ ਸੱਦਾ ਦੇਣਾ ਹੈ। ਦੂਜੇ ਪਾਸੇ ਮੌਕਾ ਸ਼ਨਾਸ ਸਾਹਿਤਕਾਰਾਂ ਨੇ ਸ਼ਕਤੀਸ਼ਾਲੀ ਯੂਨੀਅਨਾਂ, ਜਿਨ੍ਹਾਂ ਨੂੰ ਕਿ ਉਹ ਸਾਹਿਤ ਸਭਾਵਾਂ ਕਹਿੰੇਦ ਹਨ, ਬਣਾਈਆਂ ਹੋਈਆਂ ਹਨ। ਇਹ ਲੋਕ ਜਦ ਆਪਣੇ ਬਣਾਵਟੀ ਰੁਦਨ, ਪੁਲਿਸ ਤੇ ਨਿਆਂਪਾਲਿਕਾਂ ਦੇ ਤਿਰਸਕਾਰ ਅਤੇ ਰਲ ਕੇ ਖੇਡੇ ਮੈਚ ਵਾਂਗ ਕੁਝ ਸਰਕਾਰੀ ਨੁਕਸ ਬਿਆਨ ਕਰ ਹਟਦੇ ਹਨ ਤਾਂ ਆਪਣੇ ਮਾਨਵਵਾਦ ਦਾ ਕੋਟਾ ਪੂਰਾ ਕਰਨ ਲਈ ਇਹ ਲੋਕ ਆਪਣੀਆਂ ਕਹਾਣੀਆਂ, ਨਾਵਲਾਂ, ਗਜ਼ਲਾਂ ਅਤੇ ਸਾਹਿਤਕ ਆਲੋਚਨਾ ਰਾਹੀਂ ਪ੍ਰਾਧੀਨਤਾ ਦੀ ਸ਼ਿਕਾਇਤ ਕਰ ਰਹੇ ਸਿੱਖਾਂ ਦੇ ਗੁਨਾਹਾਂ ਦੇ ਇਤਿਹਾਸਕ ਸੂਝ ਤੋਂ ਸੱਖਣੇ ਅਤੇ ਨਾਸਤਕ, ਸੰਵੇਦਨਸ਼ੀਲਤ ਭਰੇ ਇਕ ਪਾਸੜ ਵਿਸਥਾਰ ਦੇਣ ਲੱਗਦੇ ਹਨ। ਅਜਿਹੇ ਸਾਹਿਤਕ ਬਿਆਨਾਂ ‘ਤੇ ਦਿੱਲੀ ਦੇ ਵਾਈਟ ਪੇਪਰ ਨੂੰ ਕੋਈ ਇਤਰਾਜ਼ ਨਹੀਂ ਹੁੰਦਾ, ਬਲਕਿ ਇਸ ਦੀ ਅਚੇਤ ਸ਼ਹਿ ਅਤੇ ਗੁੱਝੀ ਮੁਸਕਾਨ ਇਸ ਦੇ ਪਿਛੋਕੜ ਵਿਚ ਖੜੀ ਹੁੰਦੀ ਹੈ। ਸੋ ਧੜੇਬਾਜ਼ ਸਾਹਿਤਕਾਰਾਂ ਦੇ ਸੁਆਰਥੀ ਮਨੋਰਥਾਂ ਨੇ ਸਿੱਖ ਸੰਘਰਸ਼ ਦੀ ਸੁਥਰੀ ਨੁਹਾਰ ਨੂੰ ਗੰਧਲਾਉਣ ਲਈ ਸਰਕਾਰੀ ਜਾਂ ਆਪਣੀਆਂ ਕੁਝ ਮਨਚਾਹੀਆਂ ਪਾਰਟੀਆਂ ਦਾ ਪੱਖ ਵੀ ਪੂਰਿਆ ਹੈ। ਸਮੇਂ ਦੇ 80 ਪ੍ਰਤੀਸ਼ਤ ਸਾਹਿਤਕਾਰਾਂ ਨੇ ਕੁਝ ਇਨਾਮਾਂ ਅਤੇ ਸ਼ਹੁਰਤਾਂ ਦੀ ਝਾਕ ਵਿਚ ਸਿੱਖ ਸੰਘਰਸ਼ ਵਿਰੁੱਧ ਸਰਕਾਰੀ ਮਨਸ਼ਾ ਨਾਲ ਅਚੇਤ ਅਤੇ ਅਣਕਹੀ ਦੋਸਤੀ ਪਾਲੀ ਹੈ। ਇਧਰ ਖਾਲਸਾ ਇਕੱਲਾ ਹੈ, ਉਸ ਨੂੰ ਲੰਬੇ ਸਮੇਂ ਤੱਕ ਇਨਸਾਫ਼ ਮੰਗਣ ‘ਤੇ ਬੇਪੱਤ ਕੀਤਾ ਗਿਆ ਹੈ, ਉਸ ਦੇ ਬਿਬੇਕ ਅਤੇ ਅਧਿਆਤਮਕ ਰਮਜ਼ ਦਾ ਹਾਕਮਾਂ ਨੇ ਮਖੌਲ ਉਡਾਇਆ ਹੈ ਅਤੇ ਵਿਰੋਧੀ ਸਰਕਾਰਾਂ ਨੇ ਉਸ ਦੇ ਹਰ ਸੰਭਾਵਤ ਘਰ ਨੂੰ ਉਜਾੜ ਦਿੱਤਾ ਹੈ। ਸਰਕਾਰੀ ਜਬਰ ਤਾਂ ਹਾਲੇ ਵੀ ਐਨਾ ਬਹੁ-ਰੂਪੀਆ ਹੈ ਕਿ ਖਾਲਸਾ ਪੰਥ ਨੂੰ ਤਾਂ ਤੀਜੇ ਵੱਡੇ ਘੱਲੂਘਾਰੇ ਦੀ ਇਤਿਹਾਸਕ ਤੌਰ ‘ਤੇ ਸੱਚੀ ਦਾਸਤਾਨ ਵੀ ਨਹੀਂ ਕਹਿਣ ਦਿੱਤੀ ਜਾ ਰਹੀ, ਭਾਵੇਂ ਜਬਰ ਹੇਠ ਲੁਕਾੲਂੀ ਇਹ ਇਤਿਹਾਸਕ ਹਕੀਕਤ ਅਤੇ ਖਾਲਸਾ ਪੰਥ ਦਾ ਸਰਬਪੱਖੀ ਮੌਲਿਕ ਸਰੂਪ ਨਿਖਾਰਨ ਲਈ ਪੰਥ ਦੇ ਚਿੰਤਕ ਅਤੇ ਇਤਿਹਾਸਕਾਰ ਦਿਨ ਰਾਤ ਤਪੱਸਿਆ ਕਰ ਰਹੇ ਹਨ। ਜ਼ਰਾ ਚਿੰਤਨ ਅਤੇ ਇਤਿਹਾਸ ਦੇ ਅਸਮਾਨ ਨੂੰ ਨਿੰਬਲ ਹੋਣ ਦਿਓ, ਖਾਲਸੇ ਦੀ ਵੇਦਨਾ ਅਤੇ ਉਹ ਦਾ ਵਿਸ਼ਵ ਸੱਚ ਇਕ ਦਿਨ ਆਪਣੀ ਕਾਮਲ ਸਾਹਿਤਕਤਾ ਨੂੰ ਜ਼ਰੂਰ ਰੁਸ਼ਨਾਉਣਗੇ।
ਹੈ ਕੁਛ ਐਸੀ ਹੀ ਬਾਤ ਜੋ ਚੁੱਪ ਹੂੰ
ਵਰਨਾ ਕਯਾ ਬਾਤ ਕਰ ਨਹੀਂ ਆਤੀ । (ਗ਼ਾਲਿਬ)
ਕਰਮਜੀਤ ਜੀਓ! ਕਾਹਲੇ ਨਾਂਹ ਪਊ ਅਨੁਭਵ ਹੀ ਕੁਠਾਲੀ ਵਿਚ ਮਹਾਨ ਸਾਹਿਤ ਬਣਦਿਆਂ ਕਾਫੀ ਦੇਰ ਵੀ ਲੱਗਦੀ ਹੈ। ਆਹ ਦਾ ਕਾਮਲ ਅਸਰ ਹੋਣ ਤੱਕ ਦਿਲ ਦੇ ਨਵੇਂ ਤੋਂ ਨਵੇਂ ਮਜੀਠੀ ਰੂਪ ਆਪਣੀ ਵਿਸ਼ੇਸ਼ ਝਲਕਾਂ ਜ਼ਰੂਰ ਵਿਖਾਉਣਗੇ। ਉਂਝ ਹਾਲੇ ਵੀ ਪੰਥ ਦਾ ਬਹੁਤ ਸਾਰਾ ਮਹਾਨ ਸਾਹਿਤ ਗੁਪਤਵਾਸ ਅਤੇ ਬਨਵਾਸ ਵਿਚ ਦਿਨ ਗੁਜ਼ਾਰ ਰਿਹਾ ਹੈ ਅਤੇ ਇਕ ਦਿਨ ਸਮੇਂ ਦੀ ਮੁਨਾਸਬ ਤਰਤੀਬ ਵਿਚ ਜ਼ਾਹਰ ਹੋਵੇਗਾ।
? ਗੁਸਤਾਖ਼ੀ ਮੁਆਫ਼ ਸੰਤ ਜੀ ਬਾਰੇ ਤੁਹਾਡੀ ਕੋਈ ਵਿਸ਼ੇਸ਼ ਸਾਹਿਤਕ ਟਿੱਪਣੀ?
ਉੱਤਰ : ‘ਕੁਝ ਹੈਰਾਨ ਹੋ ਕੇ‘, ਮੈਂ ਸੰਤ ਜੀ ਬਾਰੇ ਸਾਹਿਤਕ ਟਿੱਪਣੀ ਤਾਂ ਕਰ ਚੁੱਕਿਆ ਹਾਂ । ਚਲੋ, ਜੋ ਤੁਸਾਂ ਫਿਰ ਵੀ ਪੁੱਛਿਆ ਹੈ, ਤਾਂ ਕੁਝ ਹੋ ਸੰਕੇਤ ਹਾਜ਼ਰ ਹਨ। ਦੇਖੋ ਜੀ -ਸੰਤ ਜੀ ਪੜ੍ਹੇ ਅਤੇ ਅਨਪੜ੍ਹ ਦੀਆਂ ਪਰੰਪਰਾਗਤ ਹੱਦਾਂ ਨੂੰ ਮੇਸਕੇ ਉਨ੍ਹਾਂ ਤੋਂ ਬਹੁਤ ਅੱਗੇ ਲੰਘ ਗਏ ਸਨ। ਮੈਂ ਕਿਤਾਬੀ ਇਲਮ ਦੀ ਅਹਿਮੀਅਤ ਤੋਂ ਇਨਕਾਰ ਨਹੀਂ ਕਰਦਾ, ਪਰ ਰੂਮੀ ਦੇ ਉਸਤਾਦ ਸ਼ਮਸ ਤਬਰੇਜ਼ ਵਾਂਗ ਸੰਤ ਜੀ ਦਾ ਅਨੁਭਵ ਕਿਤਾਬੀ ਇਲਮ ਤੋਂ ਉਚੇਰੇ ਮੰਡਲ ਵਿਚ ਲਿਸ਼ਕਦਾ ਸੀ। ਇਤਿਹਾਸ ਵਿਚ ਨਿਰੋਲ ਕਿਤਾਬੀ ਇਲਮ ਕਈ ਵਾਰ ਰੁਕਾਵਟਾਂ ਅਤੇ ਗੁੰਮਰਾਹੀਆਂ ਪੈਦਾ ਕਰਦਾ ਹੈ, ਔਰੰਗਜੇਬ ਦੀ ਮਿਸਾਲ ਆਪਦੇ ਸਾਹਮਣੇ ਹਨ, ਪਰ ਮਨੁੱਖ ਦੇ ਕਵੀ ਤੋਂ ਸਿਪਾਹੀ ਤੱਕ ਫੈਲੈ ਰੂਪਾਂ ਨੂੰ ਬਹੁਤ ਵਾਰ ਸਿੱਧੇ ਅਨੁਭਵ ਦੀ ਲੋੜ ਹੁੰਦੀ ਹੈ, ਜੋ ਕਿ ਡੂੰਘਾ ਅਤੇ ਤੇਜ਼ ਰਫ਼ਤਾਰ ਹੁੰਦਾ ਹੈ। ਸੰਤ ਜੀ ਜੌਨ ਆਫ਼ ਆਰਕ ਅਤੇ ਸ਼ਮਸ ਵਾਂਗ ਆਪਣੇ ਪੈਰੋਕਾਰਾਂ ਨੂੰ ਸਿੱਧਾ ਅਨੁਭਵ ਦਿੰਦੇ ਸਨ। ਸ਼ਮਸ ਦੀ ਸ਼ਖਸੀਅਤ ਦੇ ਦੋ ਪਹਿਲੂ ਸਨ। ਪਰ ਉਸ ਦਾ ਅਨੁਭਵ ਦੋਵਾਂ ਵਿਚ ਰੁਕਾਵਟ ਰਹਿਤ ਸੀ। ਉਹ ਰੂਮੀ ਸਿਰਜ ਸਕਦਾ ਸੀ, ਉਹ ਮੁਜਾਹਿਦਾਂ ਨੂੰ ਕੁਰਾਨ ਨਾਲ ਜੋੜ ਵੀ ਸਕਦਾ ਸੀ। ਇਲਮ, ਕਵਿਤਾ ਅਤੇ ਕਲਾ ਦੇ ਮਾਮਲੇ ਵਿਚ ਸ਼ਮਸ ਤਬਰੇਜ਼ ਦੇ ਸਿੱਧੇ ਅਨੁਭਵ ਵਾਲਾ ਪੱਖ ਦੱਸਣ ਲਈ ਮੈ ਆਪਣੇ ਪਰਮ ਮਿੱਤਰ ਪ੍ਰੋ. ਹਰਦਿਲਜੀਤ ਸਿੰਘ ਲਾਲੀ, ਪਟਿਆਲਾ ਦੀ ਮਿਸਾਲ ਅਕਸਰ ਵਰਤਿਆ ਕਰਦਾ ਹਾਂ, ਜਦੋਂ ਕਿ ਤਲਵਾਰ ‘ਸਿਪਾਹੀ‘ ਦਾ ਪੱਖ ਦੱਸਣ ਲਈ ਸ਼ਮਸ, ਜੌਨ ਆਫ਼ ਆਰਕ ਅਤੇ ਸੰਤ ਜੀ ਦੇ ਇਤਿਹਾਸ ਨਾਲ ਸਦੀਵੀ ਰੂਪ ਵਿਚ ਜੁੜੇ ਪਰ ਕਦੇ ਨਾ ਰੁਕਣ ਵਾਲੇ ਅਤੇ ਨਾਲੋ ਨਾਲ ਮਾਨਵ ਚੇਤਨਾ ਦਾ ਹਿੱਸਾ ਬਣਨ ਵਾਲੇ ਸਿੱਧੇ ਅਨੁਭਵਾਂ ਦਾ ਜ਼ਿਕਰ ਕਰਦਾ ਹਾਂ।
? ਮੇਰਾ ਆਖ਼ਰੀ ਸਵਾਲ ! ਆਉਣ ਵਾਲੀਆਂ ਸਦੀਆਂ ਵਿਚ ਸੰਤ ਜਰਨੈਲ ਸਿੰਘ ਦੀ ਪੰਥਕ ਵਿਰਾਸਤ ਨੂੰ ਸਿੱਖ ਕੌਮ ਕਿਵੇਂ ਸੰਭਾਲੇ?
ਉੱਤਰ :-ਪਿਆਰੇ ਕਰਮਜੀਤ ! ਇਸ ਸਾਦਾ ਮਨ ਆਦਮੀ ਨੂੰ ਤੇਰਾ ਆਖ਼ਰੀ ਸੁਆਲ ਬਹੁਤ ਮੁਸ਼ਕਲ ਜਾਪਦਾ ਹੈ। ਫਿਰ ਵੀ ਮੈਂ ਅਰਜ਼ ਕਰਦਾ ਹਾਂ :
1. ਪੰਥ ਦਸ ਗੁਰੂ ਜੀਵਨਾਂ ਨੂੰ ਆਪਣੇ ਹਿਰਦੇ ਵਿਚ ਸਦਾ ਤਾਜ਼ਾ, ਪ੍ਰੀਤ ਨਾਲ ਲਹਿਰਾਂਦਾ ਅਤੇ ਕਰੀਏਟਿਵ ਰੱਖੇ।
2. ਗੁਰੂ ਗ੍ਰੰਥ ਸਾਹਿਬ ਦੀ ਸਿੱਧੀ ਸਾਦੀ ਅਤੇ ਕੁਦਰਤੀ ਭਾਵਨਾ ਅਨੁਸਾਰ ਪੰਥ ਉੱਚੇ ਇਖ਼ਲਾਕ ਦੀ ਪਾਲਣਾ ਕਰੇ, ਕਿਉਂਕਿ ਹੁਣ ਦੱਸੀ ਗੁਰੂ ਪ੍ਰੀਤ ਇਸ ਬਿਨਾਂ ਜੀਅ ਨਹੀਂ ਸਕਦੀ।
3. ਪੰਥ ਆਪਣੀ ਕੌਮ ਪੱਤ ਨੂੰ ਹਰ ਦੌਲਤ, ਹਰ ਹੁਸਨ, ਹਰ ਰੁਤਬੇ ਅਤੇ ਹਰ ਸ਼ੁਹਰਤ ਤੋਂ ਉਪਰ ਉੱਠ ਕੇ ਮਾਂ ਵਾਂਗ ਪਿਆਰੇ ਅਤੇ ਸਤਿਕਾਰੇ।
4. ਖਾਲਸਾ ਸੰਭਾਵੀ ਪੱਤ ਲੋਟੂਆਂ ਤੋਂ ਖ਼ਬਰਦਾਰ ਰਹੇ ਅਤੇ ਕੌਮ ਪੱਤ ਨੂੰ ਇਸ ਤਰ੍ਹਾਂ ਸੰਭਾਲੇ, ਜਿਵੇਂ ਮਾਂ ਆਪਣੇ ਬੱਚਿਆਂ ਨੂੰ ਸੰਭਾਲਦੀ ਹੈ।
5. ਪੰਥ ਆਪਣੀ ਵੱਖਰੀ ਪਛਾਣ ਅਤੇ ਉਸ ਦੇ ਇਤਿਹਾਸਕ ਅਨੁਭਵ ਨੂੰ ਸੰਗਰਾਮੀ ਦ੍ਰਿੜਤਾ ਸਹਿਤ ਕਾਇਮ ਰੱਖਦਾ ਹੋਇਆ ਵਿਗਿਆਨਕ ਅਤੇ ਤਰਕਸ਼ੀਲ, ਪਰ ਨਾਲ ਹੀ ਕੂਟਨੀਤਕ ਪਹਿਲੂਆਂ ਵਾਲੇ ਨਵੇਂ ਜਗਤ ਨਾਲ ਕਦਮ ਨਾਲ ਕਦਮ ਮਿਲਾ ਕੇ ਤੁਰੇ, ਪਰ ਆਪਣੀ ਅੰਮ੍ਰਿਤੀ ਰਹਿਤ ਨੂੰ ਕਦੇ ਵੀ ਨੀਰਸ, ਕੱਟੜ ਅਤੇ ਗੁੰਝਲਦਾਰ ਨਾ ਬਣਾਵੇ। ਕੁਦਰਤੀ ਸਾਦਗੀ ਵਿਚ ਵਧੇ ਫੁੱਲੇ। ਨਰ ਨਾਰੀਆਂ ਸਰੀਰ ਦੇ ਹਰ ਰੋਮ ਨੂੰ ਸਲਾਮਤ ਰੱਖਣ।
ਇੰਝ ਸੰਤ ਜਰਨੈਲ ਸਿੰਘ ਦੀ ਪੰਥਕ ਵਿਰਾਸਤ ਨੂੰ ਭਵਿੱਖ ਦੇ ਤਿਲਕਦੇ ਮੋੜਾਂ ‘ਤੇ ਸੰਭਾਲਿਆ ਜਾ ਸਕਦਾ ਹੈ।
Subscribe to:
Post Comments (Atom)
No comments:
Post a Comment