ਕਰਮਜੀਤ ਸਿੰਘ
ਸਿੱਖੀ ਜਜ਼ਬਿਆਂ ਦਾ ਵਿਵੇਕੀ ਸ਼ਾਇਰ ਤੁਰ ਗਿਆ ਹੈ। ਉਹ ਦਰਵੇਸ਼ ਚਿੰਤਕ ਹੁਣ ਸਾਡੇ ਵਿੱਚ ਨਹੀਂ ਰਿਹਾ ਜਿਸ ਨੂੰ ਦੁਨਿਆਵੀ ਸੰਸਾਰ ਪ੍ਰੋ.ਹਰਿੰਦਰ ਸਿੰਘ ਮਹਿਬੂਬ ਕਹਿੰਦਾ ਹੈ ਪਰ ਜੋ ਸੁੱਚੇ ਜਜ਼ਬਿਆਂ ਨਾਲ ਲੱਦੇ ਵਿੱਚਾਰਧਾਰਕ ਹਾਣੀਆਂ ਵਿੱਚ ਕੇਵਲ 'ਮਹਿਬੂਬ' ਕਰਕੇ ਹੀ ਜਾਣਿਆਜਾਂਦਾ ਹੈ। ਵਾਹਗੇ ਤੋਂ ਪਾਰਲੇ ਪੰਜਾਬ ਦੇ ਉਹ ਬਚੇ-ਖੁਚੇ ਲੋਕ ਵੀ ਇਸ ਅਲਬੇਲੇ ਸ਼ਾਇਰ ਨੂੰ ਯਾਦ ਕਰਕੇ ਹੰਝੂ ਕੇਰਦੇ ਹੋਣਗੇ ਜਿਨ੍ਹਾਂ ਦੀ ਯਾਦ ਵਿੱਚ ਪੰਜਾਬ ਦੀ ਵੰਡ ਦੇ ਜ਼ਖ਼ਮ ਅਜੇ ਵੀ ਸੱਜਰੇ ਹਨ। ਨਵੀਂ ਪਨੀਰੀ ਨੂੰ ਸ਼ਾਇਦ ਇਹ ਖ਼ਬਰ ਨਾ ਹੋਵੇ ਕਿ ਮਹਿਬੂਬ ਦਾ ਜਨਮ ਵੀ ਓਧਰਲੇ ਪੰਜਾਬ ਵਿੱਚ ਹੀ ਹੋਇਆ ਸੀ ਤੇ ਉਸ ਵਿੱਚੜੇ ਪੰਜਾਬ ਦੀਆਂ ਯਾਦਾਂ ਦੀ ਖੁਸ਼ਬੋ ਅਤੇ ਦਰਦ ਉਨ੍ਹਾਂ ਕਵਿਤਾਵਾਂ ਵਿੱਚ ਸਾਂਭਿਆ ਪਿਆ ਹੈ, ਜੋ ਉਨ੍ਹਾਂ ਦੀ ਰਚਨਾ 'ਝਨਾਂ ਦੀ ਰਾਤ' ਵਿੱਚ ਪੂਰੀ ਤਰ੍ਹਾਂ ਮਹਿਫ਼ੂਜ਼ ਹਨ। ਕਈ ਹੋਰਨਾਂ ਵਾਂਗ ਉਸ ਨੇ ਵੀ ਓਧਰਲੇ ਪੰਜਾਬ ਨੂੰ ਆਪਣੀਆਂ ਕਵਿਤਾਵਾਂ ਰਾਹੀਂ ਜਿਵੇਂ ਆਵਾਜ਼ਾਂ ਮਾਰੀਆਂ ਹਨ, ਉਹ ਕਵਿਤਾਵਾਂ ਤੁਸੀਂ ਸਿੱਲ੍ਹੀਆਂ ਅੱਖਾਂ ਕਰਕੇ ਹੀ ਪੜ੍ਹ ਸਕਦੇ ਹੋ। ਇਨ੍ਹਾਂ ਵਿੱਚ ਨਨਕਾਣਾ ਸਾਹਿਬ, ਪੰਜਾ ਸਾਹਿਬ, ਲਾਹੌਰ, ਸਾਂਦਲ ਦੀ ਬਾਰ, ਪੋਠੋਹਾਰ ਦੇ ਨਜ਼ਾਰੇ, ਪਸ਼ੂ ਪੰਛੀ, ਵਿੱਚੜੇ ਤੇ ਜਿਉਂਦੇ ਪਾਤਰ, ਦਰਿਆ, ਨਦੀਆਂ ਤੇ ਰੁੱਖ, ਇਕਬਾਲ ਵਰਗਾ ਮਹਾਨ ਸ਼ਾਇਰ, ਮੀਆਂ ਮੀਰ ਤੇ ਹੋਰ ਸੂਫ਼ੀ ਫ਼ਕੀਰ, ਗਾਮਾ ਭਲਵਾਨ, ਵਾਰਸ, ਮਿਰਜ਼ਾ, ਸੱਸੀ, ਸੋਹਣੀ-ਮਹੀਂਵਾਲ ਤੇ ਰਾਂਝਿਆਂ ਦਾ ਇੱਕ ਸੁਹਾਵਣਾ ਮੇਲਾ ਲੱਗਿਆ ਹੋਇਆ ਹੈ ਜੋ ਸਮੁੱਚੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਜਾਪਦਾ ਹੈ।
73 ਵਰ੍ਹਿਆਂ ਦੇ ਮਹਿਬੂਬ ਨੇ ਮਹਿੰਦਰਾ ਕਾਲਜ ਪਟਿਆਲਾ ਤੋਂ ਐਮ.ਏ. (ਅੰਗਰੇਜ਼ੀ) ਕੀਤੀ ਅਤੇ ਫਿਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਦੀਵਾਲਾ ਖਾਲਸਾ ਕਾਲਜ ਵਿੱਚ ਲੈਕਚਰਰ ਲੱਗੇ ਅਤੇ ਏਥੇ ਹੀ ਰਿਟਾਇਰ ਹੋ ਗਏ। ਇਸੇ ਹੀ ਛੋਟੇ ਜਿਹੇ ਕਸਬੇ ਵਿੱਚ ਉਨ੍ਹਾਂ ਨੇ ਆਪਣੀਆਂ ਮਹਾਨ ਰਚਨਾਵਾਂ ਦੀ ਸਿਰਜਣਾ ਕੀਤੀ। ਪਰ ਪਟਆਲਾ ਸ਼ਹਿਰ ਦੀਆਂ ਯਾਦਾਂ ਅਤੇ ਸਾਥੀਆਂ ਨਾਲ ਗੁਜ਼ਾਰੇ ਪਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਅਤੇ ਏਥੋਂ ਤੱਕ ਕਿ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਵੀ ਅਚੇਤ ਤੇ ਸੁਚੇਤ ਰੂਪ ਵਿੱਚ ਨਾਲ ਨਾਲ ਸਫ਼ਰ ਕਰਦੇ ਰਹੇ। ਪਟਿਆਲਾ ਸ਼ਹਿਰ ਵਿੱਚ ਹੀ ਕਿਸੇ ਥਾਂ 'ਤੇ ਇਸ ਸੰਸਾਰ ਨੂੰ ਮਰ ਮਿਟਣ ਵਾਲੀ ਤੇ ਅਥਾਹ ਜਗਿਆਸੂ ਨਜ਼ਰਾਂ ਨਾਲ ਵੇਖਣ ਵਾਲੇ ਦਿਵਾਨੇ ਇੱਕੋ ਘਰ ਵਿੱਚ ਫ਼ਕੀਰਾਂ ਵਾਂਗ ਰਹਿੰਦੇ ਸਨ। ਇਹ ਸਾਰੇ ਦੇ ਸਾਰੇ ਬਾਅਦ ਵਿੱਚ ਵੱਖ ਵੱਖ ਖੇਤਰਾਂ ਵਿੱਚ ਚਮਕੇ ਪਰ ਮਹਿਬੂਬ ਉਨ੍ਹਾਂ ਸਭਨਾਂ ਵਿੱਚ ਇੱਕ ਚਮਕਦਾ ਨਗੀਨਾ ਸੀ। ਇਸ ਘਰ ਵਿੱਚ ਕੋਈ ਪਤਾ ਨਹੀਂ ਸੀ ਲਗਦਾ ਕਿ ਕਦੋਂ ਕੋਈ ਆਉਂਦਾ ਅਤੇ ਕਦੋਂ ਕੋਈ ਜਾਂਦਾ ਹੈ ਅਤੇ ਕਿਉਂ ਅੱਧੀ ਅੱਧੀ ਰਾਤ ਤੱਕ ਬਿਜਲੀ ਜਗਦੀ ਰਹਿੰਦੀ ਹੈ। ਇਸ ਲਈ ਬਹੁਤ ਸਾਰੇ ਫ਼ੱਕਰਾਂ ਨੇ ਇਸ ਘਰ ਦਾ ਨਾਂ ਹੀ 'ਭੂਤਵਾੜਾ' ਰੱਖ ਦਿੱਤਾ। ਇਹ ਉਹ ਸਮਾਂ ਸੀ ਜਦੋਂ ਮਾਰਕਸਵਾਦੀ ਵਿਚਾਰਾਂ ਨੇ ਸਾਰੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲੈ ਰੱਖਿਆ ਸੀ। ਮਹਿਬੂਬ ਵੀ ਇਨਾਂ ਵਿਚਾਰਾਂ ਤੋਂ ਕਿਸੇ ਹੱਦ ਤੱਕ ਪ੍ਰਭਾਵਤ ਸੀ ਪਰ ਉਸ ਦੌਰ ਵਿੱਚ ਹੀ ਹਰਿੰਦਰ ਸਿੰਘ ਮਹਿਬੂਬ ਦੀ ਦਿਬ-ਦ੍ਰਿਸ਼ਟੀ ਨੂੰ ਸਿੱਖ ਕੌਮ ਦੀ ਵਿਚਾਰਧਾਰਕ ਬਰਬਾਦੀ ਦੇ ਚਿੰਨ੍ਹ ਨਜ਼ਰ ਆਉਣ ਲੱਗੇ। 'ਡੁਬੋ ਗਈ ਮੁਝੇ ਵੋਹ ਨਦੀ,ਜੋ ਕਭੀ ਵਹੀ ਭੀ ਨਾ ਥੀ' ਵਾਂਗ ਮਹਿਬੂਬ ਨੂੰ ਜਿਵੇਂ ਅਗਾਊਂ ਹੀ ਕਨਸੋਆਂ ਮਿਲ ਗਈਆਂ ਸਨ ਕਿ ਦਸਮੇਸ਼ ਪਿਤਾ ਦਾ ਖਾਲਸਾ ਪੰਥ ਦਸਮੇਸ਼ ਦੇ ਰਹਿਮ ਤੋਂ ਸੱਖਣਾ ਭਟਕ ਰਿਹਾ ਹੈ। 'ਸਹਿਜੇ ਰਚਿਓ ਖਾਲਸਾ' ਪੁਸਤਕ ਅਸਲ ਵਿੱਚ ਖਾਲਸੇ ਨੂੰ ਡੂੰਘੀ ਨੀਂਦ ਵਿੱਚੋਂ ਜਗਾਉਣ ਦੇ ਸੁਚੇਤ ਜਜ਼ਬੇ ਵਿੱਚੋਂ ਪੈਦਾ ਹੋਈ। ਮਹਿਬੂਬ ਨੇ ਚਾਰ ਵੱਡੇ ਤੇ ਉੱਤਮ ਸ਼ਾਹਕਾਰ ਸਿੱਖ ਕੌਮ ਦੀ ਝੋਲੀ ਵਿੱਚ ਪਾਏ ਹਨ। 'ਸਹਿਜੇ ਰਚਿਓ ਖਾਲਸਾ' ਉਨ੍ਹਾਂ ਦੀ ਪਹਿਲੀ ਰਚਨਾ ਸੀ। ਵਿਦਵਾਨਾਂ ਦੇ ਹਲਕਿਆਂ ਵਿੱਚ ਉਹ ਝੱਟ-ਪੱਟ ਚਰਚਾ ਦਾ ਵਿਸ਼ਾ ਬਣ ਗਏ। ਸਿੱਖੀ ਦੀ ਫੁਲਵਾੜੀ ਨੂੰ ਦਾਨਸ਼ਵਰੀ ਰੰਗ ਵਿੱਚ ਦੇਖਣ ਵਾਲੇ ਸੁਚੇਤ ਹਲਕਿਆਂ ਵਿੱਚ ਵੀ ਖੁਸ਼ੀ ਦੀ ਲਹਿਰ ਦੌੜ ਗਈ। ਦਰਅਸਲ ਇਹ ਪੁਸਤਕ ਇਤਿਹਾਸ, ਧਰਮ ਤੇ ਸਾਹਿਤ ਦਾ ਯਾਦਗਾਰੀ ਮਿਲਣ ਹੈ। ਮਹਿਬੂਬ ਦੀਆਂ ਲਿਖਤਾਂ ਬਾਰੇ ਚੇਤੇ ਰੱਖਣ ਵਾਲਾ ਅਹਿਮ ਨੁਕਤਾ ਇਹ ਹੈ ਕਿ ਉਹ ਗੱਲ ਭਾਵੇਂ ਸਿੱਖੀ ਦੇ ਪੈਂਤੜੇ ਤੋਂ ਕਰਦਾ ਹੈ ਪਰ ਹੁੰਦੀ 'ਸਾਂਝੀ ਸਗਲ ਜਹਾਨੇ' ਹੈ। 'ਝਨਾਂ ਦੀ ਰਾਤ' ਉਨ੍ਹਾਂ ਦੀ ਦੂਜੀ ਪੁਸਤਕ ਸੀ ਜਿਸ ਵਿੱਚ ਕੁਦਰਤ ਦੀਆਂ ਚਾਰੇ ਰੁੱਤਾਂ ਅਤੇ ਇਨ੍ਹਾਂ ਰੁੱਤਾਂ ਦੀ ਧੁੱਪ-ਛਾਂ ਹੇਠ ਖੇਡਾਂ ਖੇਡਦੇ ਤੇ ਕੌਤਕ ਕਰਦੇ ਸਭ ਧਰਮਾਂ ਦੇ ਪੈਗੰਬਰਾਂ, ਗੁਰੂਆਂ, ਫ਼ਕੀਰਾਂ, ਸ਼ਾਇਰਾਂ, ਸ਼ਹੀਦਾਂ ਤੇ ਨਾਇਕਾਂ ਨੂੰ ਕੁਛ ਇਸ ਅੰਦਾਜ਼ ਵਿੱਚ ਯਾਦ ਕੀਤਾ ਗਿਆ ਕਿ ਅਚੇਤ ਰੂਪ ਵਿੱਚ ਸਾਡੇ ਮਨਾਂ ਵਿੱਚ ਗੁੰਮ ਹੋਇਆ ਤੇ ਭੁੱਲਿਆ ਵਿਰਸਾ ਸਾਕਾਰ ਰੂਪ ਵਿੱਚ ਸਾਡੀਆਂ ਅੱਖਾਂ ਸਾਹਮਣੇ ਆਣ ਖਲੋਂਦਾ ਹੈ। ਇਨ੍ਹਾਂ ਕਵਿਤਾਵਾਂ ਨੂੰ ਪੜ੍ਹ ਕੇ ਕਦੇ ਤੁਸੀਂ ਇੱਕ ਡੂੰਘੀ ਚੁੱਪ ਦੀ ਵਾਦੀ ਵਿੱਚ ਉੱਤਰ ਜਾਂਦੇ ਹੋ ਅਤੇ ਕਦੇ ਪਤਝੜ ਦੀ ਉਦਾਸੀ ਦੇ ਰੰਗ ਤੁਹਾਡਾ ਖਹਿੜਾ ਹੀ ਨਹੀਂ ਛੱਡਦੇ। ਇੱਕ ਡੂੰਘੀ ਤਮੰਨਾ ਨੂੰ ਲੈ ਕੇ ਮਹਿਬੂਬ ਦਾ ਰੋਮ-ਰੋਮ ਦੁਆ ਕਰਦਾ ਰਿਹਾ ਕਿ ਉਹ ਇਸ ਸੰਸਾਰ ਨੂੰ ਛੱਡਣ ਤੋਂ ਪਹਿਲਾਂ ਦਸ ਗੁਰੂਆਂ ਦਾ ਜੀਵਨ ਲਿਖੇਗਾ। ਉਹ ਬੜੇ ਸੁੱਚੇ ਮਾਣ ਨਾਲ ਇਹ ਕਿਹਾ ਕਰਦਾ ਸੀ ਕਿ ਪੰਜ ਜਿਲਦਾਂ ਵਿੱਚ ਛਪਣ ਵਾਲੇ ਇਸ ਮਹਾਂਕਾਵਿ ਨੂੰ ਪੜ੍ਹ ਕੇ ਕੌਮ ਦੇ ਅੰਦਰ ਗੁਰੂਆਂ ਦੀਆਂ ਯਾਦਾਂ ਦਾ ਦਰਿਆ ਕਦੇ ਵੀ ਨਹੀਂ ਸੁੱਕੇਗਾ। ਇਹ ਤਮੰਨਾ ਅਧੂਰੀ ਰਹੀ ਪਰ ਫਿਰ ਵੀ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਜੋ ਦੋ ਮਹਾਂਕਾਵਿ ਕੌਮ ਨੂੰ ਦਿੱਤੇ ਹਨ, ਉਨ੍ਹਾਂ ਵਿੱਚ ਜੀਵਨ ਭਾਵੇਂ ਗੁਰੂਆਂ ਦਾ ਹੈ ਪਰ ਉਸ ਰੌਸ਼ਨੀ ਵਿੱਚ ਸਾਡੀ ਇਸ ਧਰਤੀ 'ਤੇ ਆਏ ਮਹਾਨ ਫਿਲਾਸਫਰ ਤੇ ਦਰਵੇਸ਼ ਵੀ ਹੀਰਿਆਂ ਵਾਂਗ ਚਮਕਦੇ ਨਜ਼ਰ ਆਉਂਦੇ ਹਨ। ਇਸ ਪਹਿਲੂ ਤੋਂ ਦੁਨੀਆਂ ਵਿੱਚ ਰਚੇ ਗਏ ਮਹਾਂਕਾਵਾਂ ਵਿੱਚ ਮਹਿਬੂਬ ਸਾਹਿਬ ਦੇ ਮਹਾਂਕਾਵਿ ਦੀ ਨਿਵੇਕਲੀ ਖੁਸ਼ਬੂ ਹੈ। ਇਸ ਵਿੱਚ ਜਜ਼ਬਿਆਂ ਲੱਦੀ ਵਿਦਵਤਾ ਵੀ ਹੈ, ਵਿਵੇਕ ਰੰਗਾਂ ਵਾਲੀ ਰੂਹਾਨੀਅਤ ਵੀ ਅਤੇ ਸਭ ਸਮਿਆਂ ਤੋਂ ਅੱਗੇ ਜਾ ਕੇ ਕੀਤੀਆਂ ਗੱਲਾਂ, ਨਸੀਹਤਾਂ, ਚਿਤਾਵਨੀਆਂ ਤੇ ਉਦਾਸੀਆਂ ਵੀ ਹਨ ਜੋ ਸਭ ਕੌਮਾਂ ਲਈ ਸਾਂਝੀਆਂ ਹਨ। ਮਹਿਬੂਬ ਦਾ ਇਹ ਦਾਅਵਾ ਹੈ ਕਿ ਜਦੋ ਕਿਸੇ ਕੌਮ ਵਿੱਚੋਂ ਪੈਗੰਬਰ ਦਾ ਰਹਿਮ ਉੱਠ ਜਾਂਦਾ ਹੈ ਤਾਂ ਉਹ ਕੌਮਾਂ ਆਪਣੇ ਜ਼ਹਿਰ ਨਾਲ ਹੀ ਡਿੱਗ ਪੈਂਦੀਆਂ ਹਨ। ਸਿੱਖ ਕੌਮ ਦੀ ਅਜੋਕੀ ਹਾਲਤ 'ਤੇ ਉਨ੍ਹਾਂ ਦੀ ਟਿੱਪਣੀ ਸਾਨੂੰ ਆਪਣੀ ਅੰਦਰਲੀ ਹਾਲਤ ਦਾ ਜਾਇਜ਼ਾ ਲੈਣ ਲਈ ਜ਼ਰੂਰ ਪ੍ਰੇਰਦੀ ਹੈ :
ਰੁੱਖ ਹੋਏ ਬੇ-ਯਾਰ ਹਵਾ ਬੇ-ਦੀਨ ਹੈ,
ਕਿਤੇ ਜੇ ਸੱਚ-ਲਕੀਰ, ਉਹ ਅਦਿੱਸ ਮਹੀਨ ਹੈ।....
ਗੁਰ ਬਿਨ ਜਿਉਂਦੇ ਸਿੱਖ ਜਦੋਂ ਰਣ ਖਾਸ ਦੇ
ਬੇਲਗਾਮ ਸਭ ਯੁੱਧ ਹੋਣ ਇਤਿਹਾਸ ਦੇ।....
ਚਾਰ ਪੁਸਤਕਾਂ ਤੋਂ ਇਲਾਵਾ ਉਨ੍ਹਾਂ ਦੇ ਸੈਂਕੜੇ ਲੇਖ, ਟਿੱਪਣੀਆਂ ਤੇ ਮੁਲਾਕਾਤਾਂ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪਦੀਆਂ ਰਹੀਆਂ। ਸ਼ਹੀਦ ਭਗਤ ਸਿੰਘ ਬਾਰੇ ਲੇਖ ਤਾਂ ਉਨ੍ਹਾਂ ਦੀ ਦਿਲਚਸਪ ਖੋਜ ਦਾ ਸਿੱਟਾ ਹਨ। ਸੰਤ ਜਰਨੈਲ ਸਿੰਘ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਇਤਿਹਾਸਕ ਰੋਲ ਬਾਰੇ ਉਨ੍ਹਾਂ ਨਾਲ ਹੋਈ ਇੱਕ ਲੰਮੀ ਇੰਟਰਵਿਊ ਵਿੱਚ ਸੰਤ ਜਰਨੈਲ ਸਿੰਘ ਦੇ ਨਿਰਮਲ ਸਰੂਪ ਤੇ ਬਹੁਪੱਖੀ ਰੌਸ਼ਨੀ ਦੇ ਦੀਦਾਰ ਹੁੰਦੇ ਹਨ। ਉਨ੍ਹਾਂ ਵੱਲੋਂ ਦੋਸਤਾਂ ਵੱਲ ਲਿਖੀਆਂ ਚਿੱਠੀਆਂ ਵੀ ਸਾਹਿਤ ਤੇ ਮਨੋ-ਇਤਿਹਾਸ ਦਾ ਇੱਕ ਉੱਤਮ ਨਮੂਨਾ ਹੈ। ਇੱਕ ਉੱਘੇ ਮਾਰਕਸਵਾਦੀ ਆਲੋਚਕ ਨੇ ਤਾਂ ਏਥੋਂ ਤੱਕ ਕਿਹਾ ਸੀ ਕਿ ਮਹਿਬੂਬ ਸਾਹਿਬ ਦੀਆਂ ਰਚਨਾਵਾਂ ਦੇ ਫੁੱਟ-ਨੋਟ ਵੀ ਮਨੁੱਖੀ ਅਨੁਭਵ, ਦਲੀਲ ਤੇ ਵਿਸ਼ਵਾਸ ਤੋਂ ਉੱਪਰ ਉੱਠਦੇ ਹਨ।
ਗੁਰੂ ਗੋਬਿੰਦ ਸਿੰਘ ਦਾ ਜੀਵਨ ਇੱਕ 'ਬਚਿੱਤਰ ਨਾਟਕ' ਹੀ ਸੀ ਜੋ ਬ੍ਰਹਿਮੰਡ ਦੀ ਸਾਡੀ ਇਸ ਧਰਤੀ ਉੱਤੇ ਇੱਕ ਨਿਰਾਲੇ ਅੰਦਾਜ਼ ਵਿੱਚ ਖੇਡਿਆ ਗਿਆ। ਉਸਦੀ ਵੱਖਰੀ ਨੁਹਾਰ ਤੇ ਪਛਾਣ ਜਿਵੇਂ ਮਹਿਬੂਬ ਰਾਹੀਂ 'ਇਲਾਹੀ ਨਦਰ ਦੇ ਪੈਂਡੇ' ਪੁਸਤਕ ਵਿੱਚ ਪ੍ਰਗਟ ਹੋਈ ਹੈ, ਉਹ ਵੀ ਅਪਣੇ-ਆਪ ਵਿੱਚ ਅਨੋਖੀ ਹੈ। ਵੈਸੇ ਮਹਿਬੂਬ ਨੂੰ ਅਪਣੇ ਅੰਦਰ ਰਚਾਉਣ ਅਤੇ ਵਸਾਉਣ ਲਈ ਤੁਹਾਨੂੰ ਸਾਹਿਤ, ਦਰਸ਼ਨ ਅਤੇ ਮਨੋਵਿਗਿਆਨ ਦੀਆਂ ਬਾਰੀਕੀਆਂ ਅਤੇ ਇਨ੍ਹਾਂ ਵਿਸ਼ਿਆਂ ਦਾ ਹੁਸਨ ਤਮਾਮ ਗੁੰਝਲਾਂ ਸਮੇਤ ਪਤਾ ਹੋਣਾ ਚਾਹੀਂਦਾ ਹੈ। ਇਹੋ ਜਿਹੇ ਬਹੁਪਰਤੀ, ਬਹੁ-ਪੱਖੀ ਅਤੇ ਰਸਕ ਵਿਦਵਾਨ ਕਦੇ-ਕਦੇ ਇਸ ਧਰਤੀ ਉੱਤੇ ਆਉਂਦੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਜੇ ਉਨਾਂ ਦੀ ਯਾਦ ਵਿੱਚ ਇੱਕ ਚੇਅਰ ਕਾਇਮ ਕਰਦੀ ਹੈ ਤਾਂ ਇਹ ਸਮਝਿਆ ਜਾਵੇਗਾ ਕਿ ਵਿਦਵਾਨਾਂ ਦੀ ਕਦਰ ਅਤੇ ਉਨਾਂ ਦੀ ਮਹਾਨਤਾ ਤੇ ਮਹੱਤਤਾ ਨੂੰ ਯਾਦ ਕਰਨ ਵਾਲੇ ਅਤੇ ਪਛਾਣਨ ਵਾਲੇ ਅਜੇ ਵੀ ਮੌਜੂਦ ਹਨ।
No comments:
Post a Comment