Saturday, March 17, 2012

ਰਮਜ਼ਾਂ


(ਭਾਈ ਬਲਵੰਤ ਸਿੰਘ ਨੂੰ)


ਪ੍ਰਭਸ਼ਰਨਦੀਪ ਸਿੰਘ


ਮੈਂ ਇੱਕ ਨਾਦ ਅਲਾ ਲਿਆ

ਬਹਿ ਨਾਗਾਂ ਵਿੱਚਕਾਰ

ਦੁਨੀ ਨੂੰ ਫਣ ਪਏ ਸ਼ੂਕਦੇ

ਮੈਨੂੰ ਮਣੀ ਹਜ਼ਾਰ


ਰਸੀਆ ਕਿਹੜੇ ਦੇਸ ਦਾ

ਜੀਹਨੇ ਲਾਈ ਤਾਨ

ਨਾਦਾਂ ਹੰਸ ਨੁਹਾਲਿਆ

ਸਜ ਚੜ੍ਹਿਆ ਈਮਾਨ


ਹੰਝੂ ਮੋਤੀ ਲਹੇ

ਸਿੱਪੀਆਂ ਦੇ ਦਰਿਆ

ਚੁਗ ਲੈ ਜਿੰਦੇ ਭੋਲੀਏ

ਮੱਥੇ ਕਣੀ ਛੁਹਾ


ਮੈਂ ਇਸ ਨਦੀਏ ਡੁੱਬਿਆ

ਮੋਤੀ ਦਮਕੋਂ ਪਾਰ

ਡੂੰਘ ' ਸਹਿਕੇ ਬਾਲੜਾ

ਸੱਜਰਾ ਕੌਲ 'ਕਰਾਰ


ਪਲ਼ ਪਲ਼ ਮੇਰੀ ਜਾਨ ਨੂੰ

ਘੁੰਮਣ ਘੇਰ ਹਜ਼ਾਰ

ਨਦੀਏ ਕਰਮਾਂ ਵਾਲ਼ੀਏ

ਲੈ ਜਾ ਪੱਤਣ ਪਾਰ


ਕੀ ਕੋਈ ਸਾਨੂੰ ਪੁੱਛਦਾ

ਕਵਣ ਅਸਾਡੇ ਦੇਸ

ਲਹਿਰੀਂ ਫੱਬਦੇ ਬਿਨਸਗੇ

ਰੁੱਤਾਂ ਰਾਂਗਲ਼ੇ ਵੇਸ


ਮੈਂ ਨਹੀਂ ਤੇਰੇ ਦੇਸ ਦਾ

ਮੈਂ ਨਹੀਂ ਤੇਰਾ ਮੀਤ

ਪਰਲੇ ਪੱਤਣ ਸੁੱਤਿਆਂ

ਪਰਦੇਸਾਂ ਸਿਉਂ ਪ੍ਰੀਤ


ਬਾਗ ਬਾਗ ਦੇ ਪੰਖਣੂ

ਰੁਣ ਝੁਣ ਬੋਲ ਅਲਾ

ਮਰ ਮੁੱਕ ਜਾਣੇ ਲਹਿਰਦੇ

ਭਰ ਗਏ ਲੱਖ ਖਲਾ


ਆਇਆ ਰਾਹੀ ਦੂਰ ਤੋਂ

ਹੱਥ ਵਿੱਚ ਚਮਕੇ ਤੀਰ

ਪੈਂਡਾ ਉੱਜਲੀ ਅੱਖ ਦਾ

ਜਾਏ ਘਟਾਵਾਂ ਚੀਰ


ਵਰ੍ਹ ਪਏ ਮੇਰੀ ਜਿੰਦ ਤੇ

ਮਹਿਕਾਂ ਦੇ ਦਰਿਆ

ਮਸਤਕ ਦੀਵੇ ਬਾਲ਼ਦਾ

ਜੋਤੋਂ ਜੋਤ ਜਗਾ


ਪਹਿਲੇ ਪਹਿਰੇ ਰੈਣ ਦੇ

ਮੋਰਾਂ ਭਰ ਲਏ ਨੈਣ

ਉੱਜੜੇ ਪੱਤਣੀਂ ਸਿਸਕਿਆ

ਮਾਂ ਦਾ ਡੂੰਘਾ ਵੈਣ


ਰਾਤ ਦੇ ਦੂਜੇ ਪਹਿਰ ਵਿੱਚ

ਸੁੰਞੀ ਘੋਰ ਗਲ਼ੀ

ਪਿੱਪਲ਼ੀਂ ਤ੍ਰਭਕੇ ਆਲ੍ਹਣੇ

ਵਰਤਿਆ ਕਾਲ਼ ਬਲੀ


ਤੀਜੇ ਪਹਿਰੇ ਸ਼ੂਕਿਆ

ਅੱਥਰਾ ਇੱਕ ਦਰਿਆ

ਸ਼ੇਰਾਂ ਬੰਨ੍ਹ ਬਹਾਲਿਆ

ਭਬਕੀਂ ਅਰਸ਼ ਕੰਬਾ


ਚੌਥਾ ਪਹਿਰ ਸੁਹਾਵਣਾ

ਅੰਮ੍ਰਿਤ ਵੇਲ਼ਾ ਮੂਕ

ਰਸ ਰਸਵੰਤੀ ਹੋ ਗਈ

ਦਿਲ ਦੀ ਡੂੰਘੀ ਹੂਕ


ਚੜ੍ਹਿਆ ਦਿਵਸ ਸੁਹੇਲੜਾ

ਹਿੱਕ ਉੱਜਲੀ ਉੱਜਲੀ

ਚੁੱਪ ਚੁੱਪ ਸਹਿਜ ਸੁਵੰਨੜੀ

ਨਗਰੀ ਵਸੇ ਭਲੀ


ਵਣ ਵੱਲ ਜਾਂਦੇ ਬਾਲਕੇ

ਛੁਹਲੇ ਰੰਗਲੇ ਪੈਰ

ਗੁੱਝਾ ਤੀਰ ਸ਼ਿਕਾਰੀਆ

ਵਿਹੁਲ਼ਾ ਤੇਰਾ ਕਹਿਰ


ਰਾਹੂ ਕੇਤੂ ਤੇਰਿਆਂ

ਨੇਰ੍ਹ ਲਏ ਲੱਖ ਢਾਅ

ਰੈਣੀਂ ਸ਼ਰਬਤ ਘੋਲ਼ਦਾ

ਚੰਨ ਪੁੰਨਿਆਂ ਦਾ


ਬਾਜ਼ਾਂ ਵਾਲ਼ੇ ਗੁਰੂ ਦੇ

ਲੱਥੇ ਬਾਜ਼ ਫੇਰ

ਰੂਹਾਂ ਨਿੱਤ ਨੁਹਾਲ਼ਦੀ

ਸੱਜਰੀ ਨਵੀਂ ਸਵੇਰ


ਦਰ ਦਰਮਾਂਦੇ ਬਾਲਕਾਂ

ਉਸ ਕਲਗੀ ਦੀ ਓਟ

ਸਾਹ ਸਾਹ ਪਰਬਤ ਮੌਲ਼ਦੇ

ਨਾ ਊਣਾਂ ਨਾ ਤੋਟ