Monday, October 02, 2006

ਕੇਸ

ਪ੍ਰੋ. ਜਗਦੀਸ਼ ਸਿੰਘ

ਸਾਬਤ ਪ੍ਰੀਤ ਦੇ ਦੇਸ ਦਾ
ਕੇਸ ਸ਼ਹਾਨਾ ਤਾਜ
ਕੁਦਰਤ ਜਿਸ ’ਚੋਂ ਮਉਲਦੀ
ਦਰਗਹ ਦਾ ਕੋਈ ਰਾਜ਼

ਗੂੰਜੇ ਆਦਿ ਦੇ ਧੁੰਧੂਕਾਰ ’ਚੋਂ
ਕੇਸ ਵਾਹੁਣ ਦੀ ਵਾਜ
ਤੇਰੇ ਰਾਗੀਂ ਸਿਰ ’ਤੇ ਚੁੱਕਿਆ
ਲੱਖ ਤਾਰਾਂ ਦਾ ਸਾਜ਼

ਬਾਬਲ ਅਰਸ਼ ਤੋਂ ਤੋਰਿਆ
ਦੇ ਅਣਮੁੱਲਾ ਦਾਜ
ਤੇਰੀ ਹੋਂਦ ਨਿਆਰੀ ਖੁਰੇ ਨ
ਰਾਖਾ ਸਿਰ ’ਤੇ ਬਾਜ

ਚੀਸ ਉਂਠੇ ਦਿਲ ਪਾਂਡਵਾਂ
ਸਿਰ ਨੰਗੇ, ਘਰ ਦੀ ਲਾਜ
ਕੇਸ ਪੱਲੇ ਦੀ ਓਟ ਵਿਚ
ਰਮਜ਼ ਦੀ ਬਾਤ ਦਰਾਜ਼

ਜੁੜ ਲੱਖ ਬ੍ਰਹਿਮੰਡਾਂ ਤੋਲਦੀ
ਸੁਰਤਿ ਨ ਵਿਚ ਰਿਵਾਜ
ਲਾਲ ਗੁਲਾਲ ਸੁਹਾਗ ਦਾ
ਲੱਭ ਬਾਬਲ ਦਿੱਤਾ ਰਾਜ

ਰੇਸ਼ਮ ਦੇ ਦਰਿਆ ਦਾ
ਵਹਿਣ ਨਾ ਕਿਸੇ ਮੁਥਾਜ
ਜ਼ਬਤ ਕੰਘੇ ਬਿਨ ਮਸਤੀਆਂ
ਚੁੱਪ ਤੋੜੇ ਪਿਆ ਹੱਲਾਜ

ਨਾਲ ਕੇਸ ਦੀਆਂ ਨ ਰੌਣਕਾਂ
ਬਣ ਗਿਣਤੀ ਗਈ ਨਮਾਜ਼
ਕੁੰਡ ਅੰਮ੍ਰਿਤ ਸੀਸ ’ਤੇ ਰੱਖਿਆ
ਮੌਲਾ ਵੰਡੀ ਜਦੋਂ ਨਿਆਜ਼

ਰਸ ਭਰਿਆ ਦਿਨ ਸੰਤੋਖਿਆ
ਨੈਣ ਮੁੰਦੇ ਮਹਾਰਾਜ
ਮੇਘਾਂ ਚਰਨ ਸਰੋਵਰ ਪਰਸਿਆ
ਕਰ ਸਚਖੰਡ ਦੀ ਪਰਵਾਜ਼

ਸਭ ਹੋਂਦ ਅਧੂਰੀ ਕੇਸ ਬਿਨ
ਸੰਞ ਫੈਲੇ ਅੰਤ-ਅਗਾਜ਼
ਤਾਰੇ ਕੇਸੋਂ ਬੂੰਦਾਂ ਟਪਕੀਆਂ
ਮੁੱਖੋਂ ਚਾਨਣ ਰਹੀਆਂ ਵਿਹਾਜ

ਭਾਰ ਨੀਲੀ ਕੰਚਨ ਦੇਹੜੀ
ਰੋਮ ਦੇ ਝਿਲਮਿਲ ਨਾਜ਼
ਕੰਤ ਰੀਸਾਲੂ ਚੋਜੀ ਨੰਢੜਾ
ਸਿਰ ਰੁਣਝੁਣ ਰੁਣਝੁਣ ਤਾਜ

ਮਹਲ ਝਿਲਮਿਲ ਹੀਰੇ ਲਟਕਦੇ
ਸੋਹੇ ਕੇਸਾਂ ਦਾ ਸਿਰਤਾਜ
ਲੱਖਾਂ ਚੰਨ ਨਿਚੋੜਿਆ
ਕੇਸ ਦੇ ਇਕ ਇਕ ਨਾਜ਼

ਪੀਂਘ-ਅਰਸ਼ ਹੁਲਾਰਾ ਲੋਚਦੀ
ਕਹੇ ਕੇਸਾਂ, ਕਰੋ ਲਿਹਾਜ
ਜਦ ਰੋਮ ’ਚ ਸਿਮਰਨ ਬੋਲਿਆ
ਸਭ ਖੁੱਲਣ ਅਕਲ ਦੇ ਪਾਜ

ਪ੍ਰੀਤ ਸੱਚੀ, ਬੰਦਗੀ ਜੁਗਾਂ ਦੀ
ਰੱਖੀਂ ਕੇਸਾਂ ਦੀ ਹਰਿ ਲਾਜ।

Wednesday, September 20, 2006

ਅੰਮ੍ਰਿਤ-ਵੇਲਾ

ਪ੍ਰੋ: ਜਗਦੀਸ਼ ਸਿੰਘ

ਕੁੰਭ ਗੋਰੀ ਦੇ ਸੀਸ ’ਤੇ ਸੋਹੇ
ਪੈਰੀਂ ਸਹਿਜ ਟਿਕਾਅ।
ਦੁਧੋਂ ਚਿਟੀ ਬਦਲੀ ਉਡਦੀ
ਚੰਨ ਦੀ ਗਾਗਰ ਚਾ।
ਸੀਤਲ ਰੁਮਕ ਕਰੇ ਅਠਖੇਲੀ
ਦੂਰ ਸਰਾਂ ਤੋਂ ਆ।
ਚਹੁੰ ਕੁੰਟਾਂ ’ਚੋਂ ਗੰਧਾਂ ਉਠਦੀਆਂ
ਸਰਘੀ ਦੇ ਮਨ ਚਾਅ।
ਓੜਨ ਰੰਗ ਮਜੀਠ ਪ੍ਰਭਾਤਾਂ
ਆਦਿ ਦੇ ਕੁੰਡੋਂ ਨ੍ਹਾ।
ਨਿਤ ਗਗਨਾਂ ’ਤੇ ਸੂਰਜ ਰਖਦਾ
ਸਜਰੀ ਪ੍ਰੀਤ ਦੇ ਚਾਅ।
ਰੁਖ ਦੀ ਗੋਦੀਂ ਧੁਨ ਅਨੂਠੀ
ਪੰਛੀ ਰਹੇ ਅਲਾਅ।
ਵਾਵਾਂ ਦੇ ਵਿਚ ਕੰਪਨ-ਕੰਪਨ
ਸੁਰਤਾਂ ਉਡਦੀਆਂ ਧਾ।
ਰਸੀਏ ਲੋਇਨ ਰਹਿਣ ਵੈਰਾਗੀ
ਬਹਿਣ ਹਜ਼ੂਰੀ ਜਾ।
ਦਰਸ-ਪਰਸ ਦੀ ਰੀਤ ਪੁਰਾਣੀ
ਚਰਣ ਕੰਵਲ ਦਾ ਚਾਅ।
ਭੋਰ ਭਈ ਜੁੜ ਹੰਸ ਰਹੇ ਨੇ
ਗੀਤ ਅਗੰਮੀ ਗਾ ।
ਮੁਕੀ ਤਿਖਾ ਮਨ ਸੀਤਲ ਸਾਰੰਗ
ਸੁਆਂਤ ਬੂੰਦ ਮੁਖ ਪਾ।
ਦਰਿਆਵਾਂ ਦੀ ਰਬਾਬਾ ’ਤੇ ਫਿਰਦਾ
ਗਜ ਪੌਣਾਂ ਦਾ ਆ।
ਬੋਲ ਚਲੂਲੇ ਝੂਮ ਰਸੀਲੇ
ਅੰਬਰੀ ਹੁਲਦੇ ਜਾ।
ਲੋਰ ਖੁਮਾਰਾਂ ਸੁਰਤੀਂ ਝੂਮਣ
ਸਮਿਉਂ ਵੇਲਾ ਸੁਚਾ।
ਸੋ ਦਰੁ ਦੀਪਕ ਲੋਇਣੀ ਬਲਦਾ
ਜਗ ਤੋਂ ਕਰੇ ਬਚਾਅ।
ਮਹਿਲ ਚੁਬਾਰੇ ਬੰਕ ਦੁਆਰੇ
ਗੋਰੀ ਰਹੇ ਬੁਲਾ।
ਪ੍ਰੀਤਮ ਧਾਮ ਵਲ ਤੁਰਦੀ ਗੋਰੀ
ਜਿਥੇ ਧੜਕਣ ਸਾਹ।
ਨੀਲ ਰੰਗ ਬਨਵਾਰੀ ਮਸਤਕ
ਕੰਚਨ ਵੰਨੀ ਭਾਹ।
ਕੁੰਭ ’ਚ ਦੁਧ ਲੈ ਧੋਤੇ
ਚਰਨ ਸੁਵਲੇ ਧਾ।
ਜਗ ਦੀਆਂ ਕੁਲ ਵਾਟਾਂ ਮੁਕੀਆਂ
ਦੋ ਚਰਨਾਂ ’ਤੇ ਆ।
ਉਸਤਤ ਕੀਤੀ ਕੰਤ ਰਿਝਾਇਆ
ਅੰਮ੍ਰਿਤ-ਵੇਲ ਸਫਲਾ।
ਅੰਮ੍ਰਿਤ-ਵੇਲ ਸਫਲਾ।

Tuesday, September 05, 2006

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ

ਪ੍ਰਭਸ਼ਰਨਦੀਪ ਸਿੰਘ

ਹਿੱਕ ਮੇਰੀ ਅੰਮੜੀ ਦੀ
ਰੂਹ ਮੇਰੀ ਅੰਮੜੀ ਦੀ
ਸਾਂਭ ਲਏ ਕਦੀਮਾਂ ਵਾਲ਼ੇ ਬੋਲ
ਨਦੀਆਂ ਦੇ ਵੇਗ ਵਿੱਚ
ਥਲ਼ਾਂ ਦੀਆਂ ਲਹਿਰਾਂ ਉੱਤੇ
ਸਿਦਕਾਂ ਦੇ ਅੱਥਰੇ ਕਲੋਲ

ਗੁਰਾਂ ਦਿਆਂ ਤੀਰਾਂ ਤਾਈਂ
ਨੀਲੇ ਦੇ ਪੌੜਾਂ ਦੀ ਟਾਪ
ਚੁੰਮ ਗਈ ਪਵਣ ਕੋਈ ਸੋਹਲ
ਤੇਗ ਵਾਲ਼ੀ ਭੇਟਾ ਦੇ
ਵਲ਼ਵਲ਼ੇ ਬਿਸਮ ਭਏ
ਕਣਕਾਂ ਦੇ ਉੱਚੇ ਉੱਚੇ ਬੋਹਲ਼

ਅੰਬਰਾਂ ‘ਚ ਸੀਸ ਮੇਰਾ
ਨਦੀਆਂ ‘ਚ ਹਿੱਕ ਮੇਰੀ
ਪੱਤ ਮੇਰੀ ਕੌਣ ਗਿਆ ਰੋਲ਼
ਅੱਖਾਂ ਤੇ ਨਹੀਂ ਫੇਰ ਬੈਠਾ
ਗੁਰਾਂ ਦੇ ਦਰਾਂ ਤੋਂ ਮੈਂ
ਅੰਮੀਏਂ ਬਿਠਾਲੈ ਮੈਨੂੰ ਕੋਲ਼

ਯਾਰਾਂ ਦੀਆਂ ਯਾਰੀਆਂ ਦੇ
ਕਿੱਸੇ ਕੌਣ ਲਖ ਸਕੂ
ਸੌਂ ਜਾਂਦੇ ਭੈੜੇ ਅਣਭੋਲ਼
ਜੁਗ ਜੁਗ ਖੇਡ ਖੇਡ
ਸੀਸ ਭੇਟ ਕਰੀ ਜਾਂਦੇ
ਅੰਮੀਏਂ ਨੀ ਚਿੱਤ ਰਿਹਾ ਡੋਲ

ਯਾਰੀਆਂ ਦੇ ਮਾਣ ਤੋਂ ਮੈਂ
ਹੌਲ਼ਾ ਤਾਂ ਨਹੀਂ ਪੈ ਗਿਆ ਵਾਂ
ਹੰਝੂਆਂ ਨਾ’ ਜਿੰਦ ਮੇਰੀ ਤੋਲ
ਪਾੜ ਦਏ ਬੇਦਾਵੇ ਮੇਰੇ
ਸਦੀਆਂ ਦੇ ਇੱਕੋ ਹੱਲੇ
ਦੇ ਦੇ ਨੀ ਮਾਏ ਇੱਕ ਬੋਲ

ਭੀੜਾਂ ਬਉਰਾਨੀਆਂ ਤੇ
ਮੇਲੇ ਕੋਈ ਸ਼ੁਹਦਿਆਂ ਦੇ
ਗੁੰਮਿਆਂ ਮੈਂ ਅੱਖੀਆਂ ਨੂੰ ਖੋਲ੍ਹ
ਨੈਣ ਮੇਰੇ ਮੁੰਦ ਮਾਏ
ਤੱਕਣੇ ਦਾ ਤਾਣ ਆਵੇ
ਸਾਹਿਬਜ਼ਾਦੇ ਚਾਰੇ ਲਵਾਂ ਟੋਲ

ਬਾਬਾ ਦੀਪ ਸਿੰਘ ਸੂਰਾ
ਕੌਲ ਦਾ ਸੱਜਣ ਪੂਰਾ
ਖੰਡਾ ਰਿਹਾ ਜਿੰਦ ਨੂੰ ਝੰਜੋਲ਼
ਲੀਕੋਂ ਪਾਰ ਜਾਵਾਂ ਮਾਏ
ਨਾਦ ਕੋਈ ਅਲਾਵਾਂ ਐਸਾ
ਵਸ ਜਾਂ ਸ਼ਹੀਦਾਂ ਦੇ ਜਾ ਕੋਲ਼

ਹੰਝੂ ਦੀ ਲੋਅ

ਪ੍ਰਭਸ਼ਰਨਦੀਪ ਸਿੰਘ

ਹਿੱਕ ਸਾਗਰ ਦੀ ਭਰੀ ਭਕੁੰਨੀ
ਆਪਣੇ ਆਪੇ ਪਈ ਵਗੀਵੇ
ਮੈਂ ਵਿੱਚ ਮੈਂ ਦਾ ਨੂਰ
ਮੈਂ ਵਿੱਚ ਮੈਂ ਦੀ ਥਰ ਥਰ
ਅਰਮਾਨਾਂ ਦੇ ਸੁੱਤੇ ਸਾਏ
ਵਿੱਚੇ ਵਿੱਚ ਜੀਵੰਦੇ ਥੀਂਦੇ
ਨਾ ਥੀਂਦੇ ਨਾ ਜੀਂਦੇ
ਆਪਣੇ ਅੱਥਰੂ ਭਰ ਭਰ ਪੀਂਦੇ
ਅੱਥਰੂ ਦੀ ਅੰਗੜਾਈ
ਸੂਰਜ ਚੜ੍ਹਿਆ
ਮੱਥਾ ਚਮਕੇ ਬੜਾ ਜਲਾਲੀ
ਵਿੱਚ ਨਿਮਾਣੀ ਬੂੰਦੇ
ਲੁਕ ਛੁਪ ਜਾਣਾ
ਮਘਦੇ ਮਘਦੇ
ਹੰਝੂ ਦੇ ਰੰਗ
ਰੁੜ੍ਹ ਪੁੜ੍ਹ ਜਾਣਾ
ਸਿੱਕ ਜਗੇਂਦੀ
ਕੀਕਣ ਆਵਾਂ
ਹੰਝ ਦੀ ਜੋਨੀ
ਹੰਝੂ ਦੀ ਸਿੱਕ ਬਹੁਤ ਪੁਰਾਣੀ
ਮੈਂਡਾ ਚਾਨਣ ਨਵਾਂ ਨਵੇਲਾ
ਅੱਖ ਉਘਾੜੀ
ਬਾਲ ਅੰਞਾਣੇ
ਜਿੰਦੜੀ ਚਾਅ ਵਿੱਚ ਭਰੀ ਭਕੁੰਨੀ
ਚੜ੍ਹ ਚੜ੍ਹ ਜੀਂਦੀ
ਜਾਨ ਅਲਬੇਲੀ
ਜੱਗ ਰੁਸ਼ਨਾਵੇ ਉੱਚੀ ਸ਼ਾਨ
ਹੰਝੂ ਦਾ ਭਰਪੂਰ ਜਹਾਨ
ਦਿਲ ਜਲਿਆਂ ਦੀ ਜਾਨ
ਨਿਉਂਦੀ ਸਾਰੀ
ਹੰਝੂ ਦੇ ਦਰ ਉੱਤੇ
ਦਿਲਦਾਰਾਂ ਦੇ ਦੁੱਖਾਂ ਦੀ ਇਹ
ਤੋੜੀ ਭੰਨੀ
ਸੌਂ ਜਾਂਦੀ ਵਿੱਚ ਹੰਝੂ ਵਾਲ਼ੀ
ਕੋਸੀ ਬੁੱਕਲ਼।

ਗੀਤ

ਪ੍ਰਭਸ਼ਰਨਦੀਪ ਸਿੰਘ

ਉਮਰਾ ਦੀ ਲੰਮੀ ਲੰਮੀ ਵਾਟ
ਸਖ਼ੀਏ
ਉਮਰਾ ਦੀ ਲੰਮੀ ਲੰਮੀ ਵਾਟ

ਦੂਰ ਸਾਰੀ ਤਾਰਿਆਂ ਦੇ ਨੈਣ ਅਣਭੋਲ਼ ਜਿਹੇ
ਹੇਠਾਂ ਸਾਡੀ ਨਿੱਕੀ ਜਿਹੀ ਸਬਾਤ
ਸਖ਼ੀਏ
ਮਿੱਠੀ ਮਿੱਠੀ ਮਾਰੀ ਜਾਂਦੇ ਝਾਤ।

ਚੁਣ ਚੁਣ ਅੱਖੀਆਂ ਨੇ ਦਰਦ ਜ਼ਮਾਨਿਆਂ ਦੇ
ਬਾਲ਼ ਲਈ ਏ ਚਾਵਾਂ ਵਾਲ਼ੀ ਲਾਟ
ਸਖ਼ੀਏ
ਕਿਹੜੇ ਵੇਲ਼ੇ ਖੁੱਲ੍ਹਦੇ ਕਪਾਟ।

ਰਾਹਵਾਂ ਜੋ ਨੇ ਤੇਰੀਆਂ ਤੇ ਰਾਹਵਾਂ ਓਹੀਓ ਮੇਰੀਆਂ ਨੇ
ਘੜੀ ਘੜੀ ਕਾਲ਼ੀ ਬੋਲ਼ੀ ਰਾਤ
ਸਖ਼ੀਏ
ਤੁਰ ਪਈ ਸਿਤਾਰਿਆਂ ਦੀ ਬਾਤ।

ਤੇਰੀ ਮੇਰੀ ਮੇਰੀ ਤੇਰੀ ਜਿੰਦੜੀ ਗ਼ਮਾਂ ਨੇ ਘੇਰੀ
ਕੌਲਾਂ ਅਣਜਾਣਿਆਂ ਦੀ ਬਾਤ
ਸਖ਼ੀਏ
ਝਿੰਮ ਝਿੰਮ ਜਗੇ ਕਾਇਨਾਤ।

ਚੋਰ ਮੇਰੀ ਜਿੰਦ ਵਿੱਚ ਲੁਕੇ ਘੁੱਪ ਘੋਰ ਭੈੜੇ
ਲੁਕ ਲੁਕ ਲਾਂਵਦੇ ਨੇ ਘਾਤ
ਸਖ਼ੀਏ
ਦੀਵਾ ਏ ਬਲ਼ੇਂਦਾ ਸਾਰੀ ਰਾਤ।

Monday, September 04, 2006

ਗੀਤ

ਪ੍ਰਭਸ਼ਰਨਦੀਪ ਸਿੰਘ

ਦੂਰ ਵਸੇਂਦੇ ਸੱਜਣ ਹਮਾਰੇ,
ਰਮਜ਼ਾਂ ਕੋਲੋ ਕੋਲੀ ਹੋ।
ਅੱਖੀਆਂ ਪਾਰ ਅਸਾਡੀ ਜੂਹੋਂ,
ਨਜ਼ਰਾਂ ਕੋਲੋ ਕੋਲੀ ਹੋ।

ਦੂਰ ਦੇਸ ਕੋ ਸੁੱਤੀਆਂ ਕੂੰਜਾਂ
ਸੁਪਨ ਸੁੱਤੇ ਦਰਿਆਵਾਂ ਦੇ।
ਅੱਖ ਖੋਹਲ ਅੰਗੜਾਈ ਲੈਸਣ,
ਕਮਲ ਵਿਗਸ ਪਏ ਚਾਵਾਂ ਦੇ।
ਪੰਖ ਉਡਣ ਨੂੰ ਉਮ੍ਹਲ਼ ਜਾਂ ਪੈਂਦੇ,
ਭਰੀ ਅੰਬਰ ਦੀ ਝੋਲੀ ਹੋ।

ਮੈਂਡੇ ਵਤਨੀਂ ਮੇਰੀ ਜਿੰਦੜੀ,
ਨੱਸ ਨੱਸ ਸੌਂ ਗਈ ਸ਼ਾਹ ਰੈਣੀ।
ਤੈਂਡੇ ਦੇਸੀਂ ਸੁਭਾ ਹਮਾਰੀ,
ਰੁਕ ਰੁਕ ਰੁਕ ਗਈ ਕਿਤ ਵਹਿਣੀਂ।
ਪਹੁ ਫੁਟਸੀ ਤੇਰਾ ਆਂਙਣ ਸੂਹਾ,
ਰੰਗ ਰੱਤੇ ਹਮਜੋਲੀ ਹੋ।

ਸੁਬਕ ਜਿਹੀ ਕੋਈ ਵਾ ਰੁਮਕੇਂਦੀ,
ਨੈਣ ਮਮੋਲੇ ਰੁਮਕ ਤੁਰੇ।
ਅਣਦਿਸਦੀ ਕੋਈ ਛੁਹ ਅਣਜਾਣੀ,
ਮਨ ਦੇ ਪੰਖੀ ਠੁਮਕ ਤੁਰੇ।
ਇਕ ਇਕ ਬੂੰਦ ਨੂੰ ਚੁੰਝ ਸੀ ਤਰਸੀ,
ਸਰ ਵਿਚ ਜਿੰਦ ਘਚੋਲ਼ੀ ਹੋ।

ਘੜੀਆਂ ਦੀ ਕੋਈ ਬਾਤ ਨਾ ਪੁਛਿਓ,
ਕੇਸ ਘੜੀ ਕੀ ਘਟ ਜਾਸੀ।
ਇਕ ਇਕ ਘੜੀ ਦਾ ਰੰਗ ਮੁਬਾਰਕ,
ਕਿਤ ਖਿਣ ਕੀ ਕੀ ਰੁਤ ਆਸੀ।
ਜੇਸ ਘੜੀ ਤੇਰਾ ਆਉਣਾ ਜਾਣਾ,
ਕਦ ਖੋਈ ਕਦ ਟੋਲ਼ੀ ਹੋ।

Thursday, August 17, 2006

ਗੀਤ

ਪ੍ਰਭਸ਼ਰਨਦੀਪ ਸਿੰਘ

ਉੱਡ ਉੱਡ ਜਾਣਾ
ਕਣਕ ਦਾ ਦਾਣਾ
ਰੰਗ ਅਣਜਾਣਾ, ਮਨ ਭਾਉਣਾ।

ਰੁੱਤ ਅਲਬੇਲੀ
ਠਾਠਾਂ ਵਾਲ਼ੀ
ਮੱਥੇ ਭਾਂਬੜ, ਕੀ ਕਰੀਏ
ਖਿਣ ਖਿਣ ਕਸਕ
ਵਿਛੋੜੇ ਵਾਲ਼ੀ
ਨਗਰ ਸੁਹਾਣਾ, ਮਨ ਭਾਉਣਾ।

ਅਸਮਾਨਾਂ ਦੀ
ਸੁਰਤਿ ਪਿਆਰੀ
ਕਲੀਆਂ ਛੁਹ, ਜਲ ਜਲ ਲਰਜ਼ੇ
ਮੇਰੇ ਦਿਲ ਦਾ
ਅੰਬਰ ਗੂੜ੍ਹਾ
ਤੈਂ ਲਿਸ਼ਕਾਣਾ, ਮਨ ਭਾਉਣਾ।

ਸਹੀਓ ਨੀ ਕੋਈ
ਭੇਤ ਬਤਾਇਓ
ਅੱਖ ਭਰ ਪੀਵੋ, ਡੁੱਬ ਜਾਈਏ
ਇੱਕ ਤਾਰਾ ਘੁੱਟ
ਅੰਬਰੀਂ ਤਰਨਾ
ਡੁੱਬ ਡੁੱਬ ਜਾਣਾ, ਮਨ ਭਾਉਣਾ।

ਮਸਤ ਜੁਦਾਈਆਂ
ਘੋਰ ਘਟਾਵਾਂ
ਬਰਸਣ ਚਾਅ, ਮਿਲਾਪਾਂ ਦੇ
ਕਣੀ ਕਣੀ ਵਿੱਚ
ਦਿਲ ਪਰਚਾਣਾ
ਰੰਗ ਰੁੰਗ ਆਣਾ, ਮਨ ਭਾਉਣਾ।

ਪੱਤਾ ਤੋੜ
ਲਿਆਵੀਂ ਸੱਜਣਾ
ਰਮਜ਼ ਲਿਖੇਂ, ਕੋਈ ਦਿਲ ਵਾਲ਼ੀ
ਆਂਙਣ ਮੇਰੇ,
ਸਾਵਾ ਬੂਟਾ
ਰਾਣਾ ਮਾਣ੍ਹਾ, ਮਨ ਭਾਉਣਾ।

ਨੈਣੀਂ ਭੇਤ
ਮੁਹੱਬਤਾਂ ਵਾਲ਼ੇ
ਫੜ ਫੜ ਬੋਚਾਂ, ਉੱਡ ਵੈਂਦੇ
ਤਾਰਾ ਤਾਰਾ
ਕਿੰਞ ਮੁਸਕਾਵੇ
ਸੁਖਨ ਅਲਾਣਾ, ਮਨ ਭਾਉਣਾ।

ਜਾਵੋ ਜੀ ਕੋਈ
ਰੁੱਕਾ ਲੈ ਕੇ
ਸੱਜਣ ਹਮਾਰਾ, ਕਿਤ ਹਾਲੀਂ
ਪਲਕ ਉਦ੍ਹੀ ਨੂੰ
ਓੜ੍ਹ ਨਿਹਾਲੀ
ਸੁਪਨ ਸਜਾਣਾ ਮਨ ਭਾਉਣਾ।

Wednesday, August 16, 2006

ਗੀਤ

ਪ੍ਰਭਸ਼ਰਨਦੀਪ ਸਿੰਘ

ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁਕਦੀ
ਸਾਗਰਾਂ ਦੇ ਸੌਂ ਗਏ ਨੀਰ
ਸਖੀਏ,
ਕਿਹੜੇ ਰੰਗ ਵਗਦੀ ਸਮੀਰ।

ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁੱਕਦੀ
ਸੁੱਤਿਆਂ ਸਰਾਂ ਨੂੰ ਜਾਏ ਝੂਣ
ਸਖੀਏ,
ਸਾਗਰਾਂ ‘ਚ ਕਾਹਤੋਂ ਆਏ ੳੂਣ।

ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁਕਦੀ
ਕਿੱਥੇ ਕਿੱਥੇ ਟੋਲਦੇ ਨੇ ਮੀਤ
ਸਖੀਏ,
ਝਿਮ ਝਿਮ ਆਂਵਦੇਂ ਨੇ ਗੀਤ।

ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁੱਕਦੀ
ਮੁੱਕ ਗਏ ਨੇ ਦੁਨੀ ਦੇ ਕਲੋਲ
ਸਖੀਏ,
ਜਗਦੇ ਕਦੀਮਾਂ ਵਾਲੇ ਬੋਲ।

ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁੱਕਦੀ
ਸਾਡੇ ਉੱਤੇ ਸੱਜਰਾ ਮਲਾਲ
ਸਖੀਏ,
ਜਿੰਦੜੀ ‘ਚ ਬਲ਼ਦੀ ਮਸ਼ਾਲ।

ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁੱਕਦੀ
ਇਕ ਖਿਣ ਡੁੱਲ੍ਹ ਜਾਂਦਾ ਨੂਰ
ਸਖੀਏ,
ਜਿੰਦ ਸਾਡੀ ਹੋਈ ਭਰਪੂਰ।

ਨਿੱਕੇ ਨਿੱਕੇ ਤਾਰਿਆਂ ਦੀ ਲੋਅ ਨਹੀਓਂ ਮੁੱਕਦੀ
ਡਾਢਿਆਂ ਮੁਸਾਫ਼ਰਾਂ ਦੇ ਬੋਲ
ਸਖੀਏ,
ਇਕ ਪਲ ਬਹਿ ਜਾਈਂ ਕੋਲ।

Saturday, August 05, 2006

ਵੇਦਨਾ ਦੇ ਖਿਣਾਂ ਵਿੱਚ

ਪ੍ਰਭਸ਼ਰਨਦੀਪ ਸਿੰਘ

ਨੰਨ੍ਹੀਆਂ ਮਾਸੂਮੀਆਂ
ਤੇ ਅੱਲੜ੍ਹ ਉਡਾਰੀਆਂ ਨੇ
ਹੋਈਆਂ ਅਣਹੋਈਆਂ
ਜੋ ਨੇ ਪੂਰੀਆਂ ਅਧੂਰੀਆਂ
ਠਿਲ੍ਹ ਪਈਆਂ ਦਿਲ ਦੇ ਸਰੂਰ
ਅੱਥਰੇ ਨੇ ਚਾਵਾਂ ਦੇ ਗਰੂਰ।

ਨੈਣਾਂ ਦੀਆਂ ਨੈਆਂ ਦੋਵੇਂ
ਮੂਕ ਅਲਬੇਲੀਆਂ ਨੇ
ਵਗ ਗਈਆਂ ਦਿਲੇ ਦੇ ਆਗਾਸ
ਕਿੱਥੇ ਮੇਰੀ ਅੱਖ ਦਾ ਉਲਾਸ।

ਪੱਬ ਮੇਰੇ ਨੰਨ੍ਹੇ ਨੰਨ੍ਹੇ
ਡਗਰਾਂ ਵਡੇਰੀਆਂ
ਉੱਚੀ ਉੱਚੀ ਸਾਗਰੇ ਦੀ ਲਹਿਰ
ਜਿੰਦੜੀ ‘ਤੇ ਕਿੱਡੇ ਕਿੱਡੇ ਕਹਿਰ।

ਸਾਗਰੇ ਦਾ ਜ਼ੋਰ
ਉਹਦੇ ਦਿਲ ਵਾਲਾ ਜ਼ੋਰ ਜਾਪੇ
ਧਰਤੀ ਦੇ ਸਿਰ ਕੋਈ ਰੋਸ।
ਨਿੱਕੇ ਨਿੱਕੇ ਚਾਵਾਂ ਵਾਲੇ
ਅੱਥਰੇ ਹੁਲਾਰੇ ਨੇ ਤੇ
ਡਾਢਿਆਂ ਗ਼ਮਾਂ ਦੇ ਡਾਢੇ ਜੋਸ਼।

ਜੀਅੜਾ ਏ ਰੁੰਨੜਾ
ਤੇ ਮੁੱਠੀ ਮੁੱਠੀ ਜਿੰਦ ਮੇਰੀ
ਕੁੱਠੇ ਦਿਲ ਰੰਗਲੇ ਦੀ ਬਾਤ
ਗਗਨਾਂ ‘ਚ ਟੋਲਦੀ ਸਬਾਤ।

ਸਾਗਰੇ ਦੇ ਜ਼ੋਰ
ਸਾਡੀ ਅੱਖ ਵਾਲੀ ਬਾਤ ਪਾਈ
ਜਿੰਦ ਅਲਬੇਲੜੀ ਨੇ
ਰਮਜ਼ ਸੁਹੇਲੜੀ ਲੈ
ਚੁੱੰਮ ਘੱਤੇ ਸਾਗਰੇ ਦੇ ਪੈਰ।
ਨਿੱਕੜੀ ਨਿਮਾਣੀ ਮੇਰੀ
ਜਿੰਦ ਅਣਜਾਣੀ ਜਿਹੀ
ਖੜ ਗਈ ਕਹਿਰਾਂ ਵਿਚਕਾਰ।
ਹੰਝਾਂ ਨੇ ਵਹਾਈ ਜਿੰਦ
ਹੰਝਾਂ ਰੁਸ਼ਨਾਈ ਜਿੰਦ
ਅੱਥਰੀਆਂ ਲਹਿਰਾਂ ਵਿਚਕਾਰ।

Tuesday, July 11, 2006

ਗੀਤ

ਪ੍ਰਭਸ਼ਰਨਦੀਪ ਸਿੰਘ

ਮੈਂ ਵਿੱਚ ਮੈਂ ਦਾ ਥੀਵਣਾ,
ਭੇਤ ਨਾ ਕੋਈ ਜਾਣਾ ਈ ਹੋ।
ਇੱਕ ਕਰਵਟ ਵਿੱਚ ਲਹਿਰਦਾ,
ਦਿਲ ਦਾ ਰੰਗ ਪੁਰਾਣਾ ਈ ਹੋ।

ਰਾਹ ਬਉਰਾਨੇ ਭਾਂਵਦੇ,
ਰੁਕ ਰ੍ਰੁਕ ਜਾਵੇ ਜੋਗੜੀਆ।
ਨਾਗ ਦੇ ਪੈਂਡੇ ਬਗਲੀ ਪਾ ਕੇ,
ਅੱਖ ਲਿਸ਼ਕਾਵੇ ਜੋਗੜੀਆ।
ਵਣ ਵਣ ਸੁੰਦਰਾਂ ਸੋਭਦੀ,
ਮਹਿਲੀਂ ਚਾਅ ਅੰਞਾਣਾ ਈ ਹੋ।

ਰਾਹੇ ਰਾਹੇ ਭਉਂਦਿਆਂ,
ਕਿਤ ਰਾਹ ਨਹੀਂ ਨਿਸ਼ਾਨੀ ਵੋ।
ਨਜ਼ਰ ਦਾ ਸੁਬਕ ਹੁਲਾਰੜਾ,
ਲਿਸ਼ਕ ਪਵੇ ਜ਼ਿੰਦਗਾਨੀ ਵੋ।
ਦਿਲਬਰੀਆਂ ਦੇ ਵਾਸਤੇ,
ਇਕ ਪਲ ਬੋਲ ਪੁਗਾਣਾ ਈ ਹੋ।

ਅੱਖੀਆਂ ਬਹੁਤ ਨਿਰਾਲੀਆਂ,
ਨਾ ਅੱਖੀਆਂ ਦੀ ਸਾਰ ਪਵੇ।
ਥਲ ਵਿੱਚ ਜਿੰਦੜੀ ਕੂਕਦੀ,
ਜਾਂ ਨੈਣਾਂ ਦੀ ਮਾਰ ਪਵੇ।
ਰੰਗ ਜੋ ਖਿੜਿਆ ਲਹਿਰਦਾ,
ਅੱਖੀਆਂ ਮਰ-ਮੁੱਕ ਜਾਣਾ ਈ ਹੋ।

ਸੁਬਕ ਸੁਹੇਲੀ ਛੁਹ ਕੋਈ,
ਅਣਦਿਸਦੀ ਅਣਜਾਣੀ ਹੋ।
ਜ਼ਰਾ ਕੁ ਨਜ਼ਰਾ ਲਹਿਰੀਆ,
ਰੂਹ ਦੀ ਸੰਗਤ ਮਾਣੀ ਹੋ।
ਮੈਂ ਵਿੱਚ ਮੈਂ ਦਾ ਦੀਪ ਹੋ,
ਇੱਕ ਪਲ਼ ਨਹੀਂ ਸਿੰਞਾਣਾ ਈ ਹੋ।