Monday, November 08, 2010

ਵੇਦਨਾ


(ਭਾਈ ਬਲਵੰਤ ਸਿੰਘ ਨਾਲ਼ ਅਹਿਸਾਸ ਸਾਂਝੇ ਕਰਨ ਦੇ ਜਤਨ ਵਿੱਚ)

ਪ੍ਰਭਸ਼ਰਨਦੀਪ ਸਿੰਘ

ਇੱਕ ਜਿੰਦ ਭੁੱਲੜੀ
ਤੇ ਇੱਕ ਜੱਗ ਤੱਤੜਾ ਏ
ਇੱਕ ਕੋਈ ਸੁਨੇਹਾ ਏ ਅਬੋਲ।
ਭੁੱਲੇ ਭਟਕੇਂਦਿਆਂ ਨੂੰ
ਜ਼ੋਰੋ ਜ਼ੋਰੀ ਲੈ ਤੁਰੀ
ਹੰਝੂਆਂ ਦੀ ਨੈਂ ਅਣਭੋਲ।

ਹੰਝੂਆਂ ‘ਚ ਲਹਿ ਗਏ
ਨੇਰ੍ਹਿਆਂ ਪਤਾਲ਼ਾਂ ਥਾਣੀਂ
ਨੈਣੀ ਛਾਇਆ ਨੀਲਾ ਕੋ ਅਗਾਸ।
ਖੁੱਲ੍ਹ ਗਏ ਕਪਾਟ ਬੂਹੇ
ਦਿਲੇ ‘ਚ ਏ ਵੇਗ ਡਾਢਾ
ਬਿੰਦ ਬਿੰਦ ਵਧਦੀ ਪਿਆਸ।
ਜੁਗਾਂ ਦੇ ਤਿਹਾਇਆਂ ਨੂੰ ਏ
ਮਿੱਠਾ ਜੋ ਕਟੋਰਾ ਲੱਧਾ
ਤੇਰੇ ਖੂਹ ਨਿਮਾਣਿਆਂ ਦੀ ਡੋਲ।

ਮਾਵਾਂ ਦਿਆਂ ਸੀਨਿਆਂ ‘ਚ
ਕਹਿਰਾਂ ਦੇ ਦਰਦ ਵੇਖੇ
ਢਹਿੰਦੇ ਦੀਂਹਦੇ ਧਰਤ ‘ਸਮਾਨ।
ਰੋਮ ਰੋਮ ਹੌਲ ਪੈਂਦੇ
ਬੀਆਬਾਨੀਂ ‘ਕੱਲਿਆਂ ਨੂੰ
ਓਪਰਾ ਹੀ ਓਪਰਾ ਜਹਾਨ।
ਸੁੱਚੀ ਹੋ ਜੇ ਤ੍ਰਿਖਾ ਮੇਰੀ
ਲੰਮੀ ਓ ਪੁਲਾਂਘ ਰੱਬਾ
ਕਿਤੋਂ ਇੱਕ ਬੂੰਦ ਲਵਾਂ ਟੋਲ਼।

ਰਣਾਂ ਵਿੱਚ ਪੈੜ ਕਰੀ
ਸੂਰੇ ਸੰਗਰਾਮੀਆਂ ਨੇ
ਦਿਲੇ ਨੂੰ ਗਵਾਹੀਆਂ ਦੇਵੇ ਕੌਣ।
ਸੱਚੀਆਂ ਸ਼ਹਾਦਤਾਂ
ਵਸੇਂਦੀਆਂ ਨੇ ਏਸੇ ਦੇਹੀ
ਵਿੱਚੇ ਵਿੱਚ ਰੁਮਕੇਂਦੀ ਪੌਣ।
ਹਿੱਕ ‘ਚ ਏ ਪਹੁ ਫੁੱਟੀ
ਲਾਲੀਆਂ ਅੰਬਰ ਛਾਈਆਂ
ਜਿੰਦ ਤੇਰੇ ਰਾਹੀਂ ਦੇਈਏ ਰੋਲ਼।

ਘੜੀ ਘੜੀ ਨਵਾਂ ਦਿਨ
ਚੜ੍ਹੇ ਸਾਡੇ ਅੰਬਰਾਂ ਤੇ
ਹੋਰ ਹੋਰ ਹੁੰਦੇ ਨੇ ਦੀਦਾਰ।
ਝੁਕੇ ਝੁਕੇ ਅੱਧਮੀਟੇ
ਨੈਣਾਂ ਨੂੰ ਜੀ ਤੋਰੀ ਜਾਵੋ
ਦਮ ਦਮ ਨਿਭਜੇ ਕਰਾਰ।
ਪੁੱਤਰਾਂ ਨਿਮਾਣਿਆਂ ਨੂੰ
ਲੜ ਲਾਈ ਰੱਖਿਓ ਜੀ
ਜਿੰਦੜੀ ਘੁਮਾਈਏ ਘੋਲ਼ ਘੋਲ਼।


No comments: