Tuesday, October 12, 2010

ਵਰਿਆਮ ਦੇ ਬੋਲ(ਭਾਈ ਬਲਵੰਤ ਸਿੰਘ ਦੀ ਰੂਹ ਦੇ ਅੰਗ ਸੰਗ)

ਪ੍ਰਭਸ਼ਰਨਦੀਪ ਸਿੰਘ

ਮਿਹਰਾਂ ਦਾ ਮੀਂਹ ਵਰਸਿਆ,
ਕੋ ਦਰਦ ਸਿੰਞਾਣੇ।
ਤੂੰ ਜੋ ਓਟਾਂ ਬਖਸ਼ੀਆਂ,
ਅਸੀਂ ਬਾਲ ਨਿਮਾਣੇ।


ਇਹ ਧਰਤ ਨਵੇਲੀ ਕਰ ਗਿਆ,
ਤੇਰਾ ਸ਼ਬਦ ਓ ਬਾਬਾ,
ਤੇਰੀ ਪੈੜੋਂ ਪੰਧ ਪਏ ਟੋਲੀਏ,
ਜਾਣੇ ਅਣਜਾਣੇ।

ਕੋਈ ਪਹਿਰਾ ਬਲੀ ਹੈ ਮੌਤ ਦਾ,
ਜੱਗ ਹੌਲ ‘ਚ ਸ਼ੂਕੇ,
ਅਸੀਂ ਸਹਿਜੇ ਸਹਿਜੇ ਰੁਮਕਦੇ,
ਤੇਰੇ ਮਿੱਠੜੇ ਭਾਣੇ।

ਓ ਬਾਬਾ ਗਸ਼ੀਆਂ ਖਾ ਗਿਆ,
ਜੱਗ ਹਿਰਸੀਂ ਭੰਵਿਆਂ,
ਤੂੰ ਜੋ ਉਂਗਲੀ ਫੜ ਲਈ,
ਕੋ ਬਰਕਤ ਜਾਣੇ।

ਕੋਈ ਪਾਣੀ ਪੀ ਪੀ ਸੌਂ ਗਏ,
ਛਲ਼ੇ ਮਾਇਆ ਛਾਇਆ,
ਤੇਰੀ ਇੱਕੋ ਨਦਰਿ ਇਹ ਬਾਲਕੇ,
ਚਾਈਂ ਮਰ ਮੁੱਕ ਜਾਣੇ।

ਓ ਬਾਬਾ ਮੈਨੂੰ ਬਖਸ਼ ਦੇ,
ਮੈਂ ਪਾਪਾਂ ਹਾਰਾ,
ਤੂੰ ਇੱਕੋ ਛੋਹ ਵਿਚ ਖੋਲ੍ਹ ਦੇ,
ਦਰ ਬੰਦ ਪੁਰਾਣੇ।

ਕੋਈ ਝੱਖੜ ਝਾਂਜੇ ਵਰ੍ਹ ਗਏ,
ਲੱਖ ਔੜਾਂ ਪਈਆਂ,
ਪੱਤ ਸਾਵਾ ਮੁੜ ਮੁੜ ਵਿਗਸਿਆ,
ਰੰਗ ਆਉਣੇ ਜਾਣੇ।

ਤੂੰ ਦਰ ਦਰਵਾਜ਼ੇ ਖੋਲ੍ਹ ਤੇ,
ਰੂਹਾਂ ਰੁਸ਼ਨਾਈਆਂ,
ਅਸਾਂ ਜਦ ਜਦ ਤੰਬੂ ਤਾਣਿਆਂ,
ਲੱਖ ਭਰਮ ਭੁਲਾਣੇ।

ਮੈਂ ਆਵਾਂ ਤੇਰੇ ਦਰਾਂ ਨੂੰ,
ਮੇਰਾ ਰੱਤੜਾ ਚੋਲਾ,
ਮੈਂਨੂੰ ਆਲ਼ਾ ਭੋਲ਼ਾ ਰੱਖ ਲੈ,
ਇਹ ਜੱਗ ਕੀ ਜਾਣੇ।

No comments: