Tuesday, September 05, 2006

ਹੰਝੂ ਦੀ ਲੋਅ

ਪ੍ਰਭਸ਼ਰਨਦੀਪ ਸਿੰਘ

ਹਿੱਕ ਸਾਗਰ ਦੀ ਭਰੀ ਭਕੁੰਨੀ
ਆਪਣੇ ਆਪੇ ਪਈ ਵਗੀਵੇ
ਮੈਂ ਵਿੱਚ ਮੈਂ ਦਾ ਨੂਰ
ਮੈਂ ਵਿੱਚ ਮੈਂ ਦੀ ਥਰ ਥਰ
ਅਰਮਾਨਾਂ ਦੇ ਸੁੱਤੇ ਸਾਏ
ਵਿੱਚੇ ਵਿੱਚ ਜੀਵੰਦੇ ਥੀਂਦੇ
ਨਾ ਥੀਂਦੇ ਨਾ ਜੀਂਦੇ
ਆਪਣੇ ਅੱਥਰੂ ਭਰ ਭਰ ਪੀਂਦੇ
ਅੱਥਰੂ ਦੀ ਅੰਗੜਾਈ
ਸੂਰਜ ਚੜ੍ਹਿਆ
ਮੱਥਾ ਚਮਕੇ ਬੜਾ ਜਲਾਲੀ
ਵਿੱਚ ਨਿਮਾਣੀ ਬੂੰਦੇ
ਲੁਕ ਛੁਪ ਜਾਣਾ
ਮਘਦੇ ਮਘਦੇ
ਹੰਝੂ ਦੇ ਰੰਗ
ਰੁੜ੍ਹ ਪੁੜ੍ਹ ਜਾਣਾ
ਸਿੱਕ ਜਗੇਂਦੀ
ਕੀਕਣ ਆਵਾਂ
ਹੰਝ ਦੀ ਜੋਨੀ
ਹੰਝੂ ਦੀ ਸਿੱਕ ਬਹੁਤ ਪੁਰਾਣੀ
ਮੈਂਡਾ ਚਾਨਣ ਨਵਾਂ ਨਵੇਲਾ
ਅੱਖ ਉਘਾੜੀ
ਬਾਲ ਅੰਞਾਣੇ
ਜਿੰਦੜੀ ਚਾਅ ਵਿੱਚ ਭਰੀ ਭਕੁੰਨੀ
ਚੜ੍ਹ ਚੜ੍ਹ ਜੀਂਦੀ
ਜਾਨ ਅਲਬੇਲੀ
ਜੱਗ ਰੁਸ਼ਨਾਵੇ ਉੱਚੀ ਸ਼ਾਨ
ਹੰਝੂ ਦਾ ਭਰਪੂਰ ਜਹਾਨ
ਦਿਲ ਜਲਿਆਂ ਦੀ ਜਾਨ
ਨਿਉਂਦੀ ਸਾਰੀ
ਹੰਝੂ ਦੇ ਦਰ ਉੱਤੇ
ਦਿਲਦਾਰਾਂ ਦੇ ਦੁੱਖਾਂ ਦੀ ਇਹ
ਤੋੜੀ ਭੰਨੀ
ਸੌਂ ਜਾਂਦੀ ਵਿੱਚ ਹੰਝੂ ਵਾਲ਼ੀ
ਕੋਸੀ ਬੁੱਕਲ਼।

No comments: