Wednesday, September 20, 2006

ਅੰਮ੍ਰਿਤ-ਵੇਲਾ

ਪ੍ਰੋ: ਜਗਦੀਸ਼ ਸਿੰਘ

ਕੁੰਭ ਗੋਰੀ ਦੇ ਸੀਸ ’ਤੇ ਸੋਹੇ
ਪੈਰੀਂ ਸਹਿਜ ਟਿਕਾਅ।
ਦੁਧੋਂ ਚਿਟੀ ਬਦਲੀ ਉਡਦੀ
ਚੰਨ ਦੀ ਗਾਗਰ ਚਾ।
ਸੀਤਲ ਰੁਮਕ ਕਰੇ ਅਠਖੇਲੀ
ਦੂਰ ਸਰਾਂ ਤੋਂ ਆ।
ਚਹੁੰ ਕੁੰਟਾਂ ’ਚੋਂ ਗੰਧਾਂ ਉਠਦੀਆਂ
ਸਰਘੀ ਦੇ ਮਨ ਚਾਅ।
ਓੜਨ ਰੰਗ ਮਜੀਠ ਪ੍ਰਭਾਤਾਂ
ਆਦਿ ਦੇ ਕੁੰਡੋਂ ਨ੍ਹਾ।
ਨਿਤ ਗਗਨਾਂ ’ਤੇ ਸੂਰਜ ਰਖਦਾ
ਸਜਰੀ ਪ੍ਰੀਤ ਦੇ ਚਾਅ।
ਰੁਖ ਦੀ ਗੋਦੀਂ ਧੁਨ ਅਨੂਠੀ
ਪੰਛੀ ਰਹੇ ਅਲਾਅ।
ਵਾਵਾਂ ਦੇ ਵਿਚ ਕੰਪਨ-ਕੰਪਨ
ਸੁਰਤਾਂ ਉਡਦੀਆਂ ਧਾ।
ਰਸੀਏ ਲੋਇਨ ਰਹਿਣ ਵੈਰਾਗੀ
ਬਹਿਣ ਹਜ਼ੂਰੀ ਜਾ।
ਦਰਸ-ਪਰਸ ਦੀ ਰੀਤ ਪੁਰਾਣੀ
ਚਰਣ ਕੰਵਲ ਦਾ ਚਾਅ।
ਭੋਰ ਭਈ ਜੁੜ ਹੰਸ ਰਹੇ ਨੇ
ਗੀਤ ਅਗੰਮੀ ਗਾ ।
ਮੁਕੀ ਤਿਖਾ ਮਨ ਸੀਤਲ ਸਾਰੰਗ
ਸੁਆਂਤ ਬੂੰਦ ਮੁਖ ਪਾ।
ਦਰਿਆਵਾਂ ਦੀ ਰਬਾਬਾ ’ਤੇ ਫਿਰਦਾ
ਗਜ ਪੌਣਾਂ ਦਾ ਆ।
ਬੋਲ ਚਲੂਲੇ ਝੂਮ ਰਸੀਲੇ
ਅੰਬਰੀ ਹੁਲਦੇ ਜਾ।
ਲੋਰ ਖੁਮਾਰਾਂ ਸੁਰਤੀਂ ਝੂਮਣ
ਸਮਿਉਂ ਵੇਲਾ ਸੁਚਾ।
ਸੋ ਦਰੁ ਦੀਪਕ ਲੋਇਣੀ ਬਲਦਾ
ਜਗ ਤੋਂ ਕਰੇ ਬਚਾਅ।
ਮਹਿਲ ਚੁਬਾਰੇ ਬੰਕ ਦੁਆਰੇ
ਗੋਰੀ ਰਹੇ ਬੁਲਾ।
ਪ੍ਰੀਤਮ ਧਾਮ ਵਲ ਤੁਰਦੀ ਗੋਰੀ
ਜਿਥੇ ਧੜਕਣ ਸਾਹ।
ਨੀਲ ਰੰਗ ਬਨਵਾਰੀ ਮਸਤਕ
ਕੰਚਨ ਵੰਨੀ ਭਾਹ।
ਕੁੰਭ ’ਚ ਦੁਧ ਲੈ ਧੋਤੇ
ਚਰਨ ਸੁਵਲੇ ਧਾ।
ਜਗ ਦੀਆਂ ਕੁਲ ਵਾਟਾਂ ਮੁਕੀਆਂ
ਦੋ ਚਰਨਾਂ ’ਤੇ ਆ।
ਉਸਤਤ ਕੀਤੀ ਕੰਤ ਰਿਝਾਇਆ
ਅੰਮ੍ਰਿਤ-ਵੇਲ ਸਫਲਾ।
ਅੰਮ੍ਰਿਤ-ਵੇਲ ਸਫਲਾ।

3 comments:

Anonymous said...

this is the poem i like most.
now some people started shaping the true face of punjabi ediom.
i thakful to you to publish such stuff.
guru fateh

Anonymous said...

for idiots like me... could you please post a translation?

please... I really like punjabi poetry but am struggling with this one :(

Prabhsharandeep Singh said...

This a poem I would really like to translate, however, not sure how accurate I will be. will try in a month or so.
Thanks for your interest.