Tuesday, March 09, 2010

ਨੀਂਦਾਂ ਦਾ ਕਤਲ ਅਤੇ ਸ਼ਹੀਦ ਦਾ ਗ਼ਜਬ


ਹਰਿੰਦਰ ਸਿੰਘ ਮਹਿਬੂਬ

ਕੌਮ ਸ਼ਹੀਦ ਗੁਰੂ ਦੇ ਬੂਹੇ
ਕਰ ਸੁੱਤੀ ਅਰਦਾਸਾਂ।
ਡੈਣ ਸਰਾਲ ਚੋਰ ਜਿਉਂ ਸਰਕੀ
ਲੈ ਕੇ ਘੋਰ ਪਿਆਸਾਂ ।
ਹੱਥ ਬੇਅੰਤ ਸਮੇਂ ਦੇ ਡਾਢੇ
ਕੋਹਣ ਕੁਪੱਤੀਆਂ ਡੈਣਾਂ,
ਲਹੂ ਸ਼ਹੀਦ ਦਾ ਲਟ ਲਟ
ਬਲਿਆ ਕਾਲ ਦੇ ਕੁਲ ਅਗਾਸਾਂ ।

ਮੇਰੇ ਸ਼ਹੀਦ ਮਾਹੀ ਦੇ ਦਿਨ ਤੂੰ
ਸੁਣੀਂ ਕੁਪੱਤੀਏ ਨਾਰੇ ।
ਕੌਮ ਮੇਰੀ ਦੇ ਬੱਚੜੇ ਭੋਲੇ
ਡੂੰਘੀ ਨੀਂਦ ’ਚ ਮਾਰੇ ।
ਜੋ ਜਰਨੈਲ ਮਾਹੀ ਦੇ ਦਰ ਤੇ
ਪਹਿਰੇਦਾਰ ਪੁਰਾਣਾ ।
ਮਹਾਂਬਲੀ ਸਮੇਂ ਤੇ ਬੈਠਾ
ਉਹ ਅਸਵਾਰ ਨਾ ਹਾਰੇ ।

ਨੀਂਦ ’ਚ ਨੀਂਦ ਜਹੇ ਬੱਚੜੇ ਖਾਵੇਂ
ਸੁਣ ਬੇਕਿਰਕ ਚੁੜੇਲੇ ।
ਸਮਾਂ ਪੁਰਸਲਾਤ ਜਿਉਂ,
ਹੇਠਾਂ ਦਗ਼ੇਬਾਜ਼ ਨੈਂ ਮ੍ਹੇਲੇ !
ਸੁੱਟ ਦੇਵੇਗਾ ਕੀਟ ਜਿਉਂ ਤੈਨੂੰ
ਕਹਿਰ ਬੇਅੰਤ ਦਾ ਝੁੱਲੇ,
ਤੋੜ ਤੇਰੇ ਰਾਜ ਦੇ ਬੂਹੇ
ਨਰਕ ਨ੍ਹੇਰ ਵਿਚ ਠੇਲ੍ਹੇ ।

ਕਟਕ ਅਕ੍ਰਿਤਘਣਾਂ ਦੇ ਧਮਕੇ
ਹਰਮਿੰਦਰ ਦੇ ਬੂਹੇ ।
ਮੀਆਂ ਮੀਰ ਦਾ ਖੂਨ ਵੀਟ ਕੇ
ਕਰੇ ਸਰੋਵਰ ਸੂਹੇ ।
ਦੂਰ ਸਮੇਂ ਦੇ ਗਰਭ ’ਚ ਸੁੱਤੇ
ਬੀਜ ਮਾਸੂਮ ਵਣਾਂ ਦੇ,
ਲੂਣ-ਹਰਾਮ ਦੀ ਨਜ਼ਰ ਪੈਂਦਿਆਂ
ਗਏ ਪਲਾਂ ਵਿਚ ਲੂਹੇ ।

ਨਾਰ ਸਰਾਲ ਸਰਕਦਾ ਘੇਰਾ
ਹਰਿਮੰਦਰ ਨੂੰ ਪਾਇਆ ।
ਰਿਜ਼ਕ ਫ਼ਕੀਰਾਂ ਵਾਲਾ ਸੁ¤ਚਾ
ਆ ਤਕਦੀਰ ਜਲਾਇਆ ।
ਬੁੱਤ-ਪੂਜਾਂ ਦੇ ਸੀਨੇ ਦੇ ਵਿਚ
ਫੱਫੇਕੁੱਟਨੀ ਸੁੱਤੀ,
ਜਿਸ ਦੀ ਵਿਸ ਨੂੰ ਭਸਮ ਕਰਨ ਲਈ
ਤੀਰ ਬੇਅੰਤ ਦਾ ਆਇਆ ।

ਘਾਇਲ ਹੋਏ ਹਰਿਮੰਦਰ ਕੋਲੇ
ਕਿੜਾਂ ਬੇਅੰਤ ਨੂੰ ਪਈਆਂ
ਤੱਤੀ ਤਵੀ ਦੇ ਵਾਂਗ ਦੁਪਹਿਰਾਂ
ਨਾਲ ਨਾਲ ਬਲ ਰਹੀਆਂ ।
ਮੀਆਂ ਮੀਰ ਦੇ ਸੁਪਨੇ ਦੇ ਵਿ¤ਚ
ਵਗੇ ਵਗੇ ਪਈ ਰਾਵੀ,
ਵਹਿਣ ’ਚ ਹੱਥ ਉਠੇ, ਸਭ ਲਹਿਰਾਂ
ਉਲਰ ਬੇਅੰਤ ਤੇ ਪਈਆਂ ।

No comments: