Thursday, March 18, 2010

ਪਿਆ ਵਸਦਾ ਰਹੇ ਝਨਾਂ ਸਾਡਾ … ਉਸ ਪਾਰ ਵਸੇ ਕੋਈ ਨਾਂ ਸਾਡਾ …


ਅਜਮੇਰ ਸਿੰਘ

ਹਰਿੰਦਰ ਸਿੰਘ ਮਹਿਬੂਬ ਦੇ ਅਕਾਲ ਚਲਾਣਾ ਕਰ ਜਾਣ ਦੀ ਖਬਰ ਸੁਣਦਿਆਂ ਹੀ ਇਕ ਦਮ ਕੁਰਾਨ ਸ਼ਰੀਫ਼ ਦਾ ਇਹ ਕਥਨ ਚੇਤੇ ਵਿਚ ਉਤਰ ਆਇਆ ਕਿ ‘ਇਕ ਵਿਦਵਾਨ ਦੀ ਮੌਤ ਇਕ ਯੁਗ ਦੀ ਮੌਤ ਦੇ ਸਮਾਨ ਹੁੰਦੀ ਹੈ’। ਯੁਗ ਦਾ ਹਸਤਾਖ਼ਰ ਬਣਨ ਵਾਲੇ ਵਿਦਵਾਨ ਅਕਸਰ ਜਾਂ ਆਸਾਨੀ ਨਾਲ ਪੈਦਾ ਨਹੀਂ ਹੁੰਦੇ। ਅਜਿਹੇ ‘ਕ੍ਰਿਸ਼ਮੇ’ ਨਿਰਭੈਅ ਸਿਦਕ, ਅਕੱਥ ਸਾਧਨਾ ਤੇ ਮਹਾਨ ਬਖ਼ਸ਼ਿਸ਼ ਦੇ ਸੁਮੇਲ ੱਚੋਂ ਹੀ ਸਾਕਾਰ ਹੁੰਦੇ ਹਨ। ਹਰਿੰਦਰ ਸਿੰਘ ਮਹਿਬੂਬ ਵੱਲੋਂ ਅਜਿਹਾ ਮੁਕਾਮ ਹਾਸਲ ਕਰ ਲੈਣਾ ਸਿੱਖ ਕੌਮ ਲਈ ਸੁਭਾਗ ਤੇ ਮਾਣ ਵਾਲੀ ਗੱਲ ਹੈ।
ਪਿਛਲੀ ਸਦੀ ਦੇ ਸੱਠ੍ਹਵਿਆਂ ਵਿਚ, ਜਿਸ ਵੇਲੇ ਮਹਿਬੂਬ ਸਾਹਿਬ ਉਤੇ ਬੌਧਿਕ ਜਵਾਨੀ ਦਾ ਰੰਗ ਪਰਗਟ ਹੋਣ ਲੱਗਿਆ, ਉਸ ਵੇਲੇ ਸੰਸਾਰ ਅੰਦਰ ਮਾਰਕਸਵਾਦੀ ਚਿੰਤਨ ਦੀ ਚੜ੍ਹਤਲ ਬਣੀ ਹੋਈ ਸੀ, ਅਤੇ ਮਹਿਬੂਬ ਸਾਹਿਬ ਖੁਦ ਵੀ ਕਾਫੀ ਹੱਦ ਤਕ ਇਸ ਚੜ੍ਹਤਲ ਦਾ ਅੰਗ ਸਨ। ਪਰ ਆਪਣੇ ਬਾਕੀ ਸੰਗੀਆਂ ਨਾਲੋਂ ਉਹਨਾਂ ਦੀ ਵਿਲੱਖਣਤਾ ਇਹ ਸੀ ਕਿ ਉਹਨਾਂ ਦੀ ਬੌਧਿਕ ਚੇਤਨਾ ਅੰਦਰ ਸਿੱਖ ਚੇਤਨਾ ਦਾ ਗੂੜ੍ਹਾ ਰੰਗ ਘੁਲਿਆ ਹੋਇਆ ਸੀ। ਇਸ ਕਰਕੇ ਜਦ ਉਹਨਾਂ ਨੇ ਸਿੱਖ ਪੰਥ ਦੀ ਸਮਕਾਲੀ ਦਸ਼ਾ ਨੂੰ ਘੋਖਵੀਂ ਦ੍ਰਿਸ਼ਟੀ ਨਾਲ ਦੇਖਿਆ ਤਾਂ ਉਹਨਾਂ ਨੂੰ ਸਿੱਖ ਧਰਮ ਉਤੇ ਇਕ ਭਿਅੰਕਰ ਸੋਕਾ ਨਜ਼ਰ ਆਇਆ। ਇਸ ਨਾਲ ਉਹਨਾਂ ਦੇ ਮਨ ਅੰਦਰ ਇਕ ਹੌਲ ਪੈਦਾ ਹੋਇਆ, ਅਤੇ ਉਹਨਾਂ ਨੇ ਪੰਥ ਦੀ ਇਸ ਤ੍ਰਾਸਦਿਕ ਸਥਿਤੀ ਦੇ ਸਾਰੇ ਪਹਿਲੂਆਂ ਦਾ ਥਾਹ ਪਾਉਣ ਦਾ ਮਹਾਨ ਬੌਧਿਕ ਕਾਰਜ ਆਰੰਭ ਦਿਤਾ।
ਉਹਨਾਂ ਨੇ ਧਰਮਾਂ ਦੀ ਹਰੀ ਕਚੂਰ ਅਵਸਥਾ ਅਤੇ ਉਹਨਾਂ ਦੀ ਪੱਤਝੜ ਦੇ ਕੁਦਰਤੀ ਨਿਯਮਾਂ ਨੂੰ ਬੁੱਝਣ ਦਾ ਯਤਨ ਕੀਤਾ, ਜਿਸ ਵਿਚੋਂ ਉਹ ਇਸ ਨਿਰਣੇ ੱਤੇ ਅੱਪੜੇ ਕਿ ‘ਜਦੋਂ ਕੌਮਾਂ ਆਪਣੇ ਜਨਮਦਾਤਾ ਪੈਗੰਬਰਾਂ ਦੇ ਨੇੜੇ ਹੁੰਦੀਆਂ ਹਨ ਤਾਂ ਉਹਨਾਂ ਦੀ ਫਿਤਰਤ ਵਿਚ ਆਪਣੇ ਮਜ਼੍ਹਬ ਦੀਆਂ ਬਹੁਤ ਤਾਜ਼ਾ ਅਤੇ ਮੌਲਿਕ ਰਮਜ਼ਾਂ ਹੁੰਦੀਆਂ ਹਨ। ਉਹਨਾਂ ਦੇ ਸੁਪਨਿਆਂ, ਆਸਾਂ ਅਤੇ ਚੜ੍ਹਦੀ ਕਲਾ ਦੀ ਚੇਤਨਾ ਵਿਚ ਉਹਨਾਂ ਦੇ ਜਨਮਦਾਤਿਆਂ ਦੇ ਇਸ਼ਾਰੇ ਭਰਪੂਰ ਮਾਤਰਾ ਵਿਚ ਹੁੰਦੇ ਹਨ। ਉਹਨਾਂ ਦੀ ਕਹਿਣੀ ਅਤੇ ਕਰਨੀ ਵਿਚ ਗੁਰੂ-ਪੈਗੰਬਰ ਦੀ ਅਤਿ ਨੇੜੇ ਦੀ ਛੁਹ ਹੁੰਦੀ ਹੈ। ਅਜਿਹੇ ਹਾਲਾਤ ਵਿਚ ਕੌਮਾਂ ਦੀ ਸਮੂਹਿਕ ਚੇਤਨਾ ਜ਼ਰਖੇਜ਼, ਚਮਤਕਾਰੀ ਅਤੇ ਬਾਰੀਕ ਹੁੰਦੀ ਹੈ…ਉਦੋਂ ਇਸ ਦੀ ਗਤੀ ਆਮ ਇਤਿਹਾਸ ਨਾਲੋਂ ਤਾਕਤਵਰ ਅਤੇ ਤੀਬਰ ਹੁੰਦੀ ਹੈ, ਕਿਉਂਕਿ ਉਦੋਂ ਇਤਿਹਾਸ ਇਸ ਵਿਚੋਂ ਜਨਮ ਲੈਂਦੇ ਹਨ। ਇਸੇ ਸਮੇਂ ਨੂੰ ਮਜ਼੍ਹਬਾਂ ਦੀ ਪਹਿਲ-ਤਾਜ਼ਗੀ ਦੀ ਅਵਸਥਾ ਕਿਹਾ ਜਾਂਦਾ ਹੈ। (ਪਰ) ਸਮਾਂ ਬੀਤਣ ਨਾਲ ਬਹੁਤ ਸਾਰੇ ਕਾਰਨਾਂ ਅਧੀਨ ਮਜ਼੍ਹਬਾਂ ਦੀ ਇਹ ਪਹਿਲ-ਤਾਜ਼ਗੀ ਕਮਜ਼ੋਰ ਪੈਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਇਸ ਦੀ ਤੀਬਰਤਾ ਘਟਦੀ ਹੈ ਤਾਂ ਕੌਮਾਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ’। ਮਜ਼੍ਹਬਾਂ ਅਤੇ ਕੌਮਾਂ ਦੇ ਸ਼ਕਤੀਸ਼ਾਲੀ ਮਨ ਆਪਣੀ ਆਜ਼ਾਦ ਹਸਤੀ ਵਿਚ ਵਿਚਰਦੇ ਹਨ। ਪਰ ਜਦੋਂ ਕੌਮਾਂ ਦੇ ਮਨ ਕਮਜ਼ੋਰ ਹੋ ਜਾਂਦੇ ਹਨ ਤਾਂ ਉਹਨਾਂ ਅੰਦਰ ਬਾਹਰੀ ਤੇ ਓਪਰੇ ਪ੍ਰਭਾਵ ਕਬੂਲਣ ਦੀ ਕਰੁਚੀ ਪੈਦਾ ਹੋ ਜਾਂਦੀ ਹੈ, ਜਿਸ ਨਾਲ ਉਹਨਾਂ ਦਾ ਮੌਲਿਕ ਸਰੂਪ ਤੇ ਆਜ਼ਾਦ ਹਸਤੀ ਖਤਰੇ-ਮੂੰਹ ਆ ਜਾਂਦੇ ਹਨ।
ਮਹਿਬੂਬ ਸਾਹਿਬ ਨੇ ਸਿੱਖ ਕੌਮ ਦੇ ਸਮਕਾਲੀ ਸੰਕਟ ਦੀ ਪਛਾਣ ਇਸ ਦ੍ਰਿਸ਼ਟੀ ਤੋਂ ਕੀਤੀ। ਉਹਨਾਂ ਨੂੰ ਸਿੱਖ ਧਰਮ ਦੀ ਪਹਿਲ-ਤਾਜ਼ਗੀ ਦਾ ਜ਼ੋਸ਼ ਮੱਠਾ ਪਿਆ ਨਜ਼ਰ ਆਇਆ। ਭਾਵੇਂ ਕਿ ਉਸ ਵੇਲੇ ਅਜੇ ਰਾਜਸੀ ਖੇਤਰ ਅੰਦਰ ਬਾਦਲ-ਬਰਨਾਲਾ ਵਰਤਾਰਾ ਏਨੇ ਅਸ਼ਲੀਲ ਤੇ ਢੀਠ ਅੰਦਾਜ਼ ਵਿਚ ਪਰਗਟ ਨਹੀਂ ਸੀ ਹੋਇਆ, ਅਤੇ ਨਾ ਹੀ ਸਿੱਖ ਧਰਮ ਵਿਰੁੱਧ ਹਿੰਦੂ ਹਾਕਮਾਂ ਦੀਆਂ ਸ਼ਾਜ਼ਸਾਂ ਨੇ ਏਨਾ ਕੁੱਢਰ ਤੇ ਖਰਵ੍ਹਾ ਰੂਪ ਅਖਤਿਆਰ ਕੀਤਾ ਸੀ, ਪਰ ਫਿਰ ਵੀ ਹਰਿੰਦਰ ਸਿੰਘ ਮਹਿਬੂਬ ਨੇ ਆਪਣੀ ਦਿਬ-ਦ੍ਰਿਸ਼ਟੀ ਨਾਲ ਸਿੱਖ ਕੌਮ ਦਾ ਮਨ ਕਮਜ਼ੋਰ ਪੈ ਜਾਣ ਦੀ ਅਵਸਥਾ ਦਾ ਸਹੀ ਅਨੁਮਾਨ ਲਾ ਲਿਆ ਸੀ ਅਤੇ ਇਸ ਦੇ ਸਿੱਖ ਕੌਮ ਦੀ ਹੋਣੀ ਉਤੇ ਪੈ ਰਹੇ ਵਿਨਾਸ਼ਕਾਰੀ ਪਰਭਾਵਾਂ ਅਤੇ ਭਵਿੱਖ ਵਿਚ ਇਨ੍ਹਾਂ ਦੇ ਹੋਰ ਵੀ ਵੱਧ ਕਰੂਰਤਾ ਅਖਤਿਆਰ ਕਰ ਜਾਣ ਦੇ ਖਤਰਿਆਂ ਤੋਂ ਪੰਥ ਨੂੰ ਭਲੀਭਾਂਤ ਚੁਕੰਨੇ ਕਰ ਦਿਤਾ ਸੀ।
ਮਹਿਬੂਬ ਸਾਹਿਬ ਨੇ ਸਿੱਖ ਧਰਮ ਦੀ ਪਹਿਲ-ਤਾਜ਼ਗੀ ਦਾ ਜ਼ੋਸ਼ ਮੱਠਾ ਪੈ ਜਾਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਕਰਦਿਆਂ ਦੱਸਿਆ ਕਿ ਸਮੂਹਿਕ ਅਤੇ ਜ਼ਾਤੀ, ਦੋਵਾਂ ਪੱਧਰਾਂ ਉਤੇ ਸਿੱਖ ਕੌਮ ਦੇ ਮਨ ਵਿਚੋਂ ਗੁਰੂ ਸਾਹਿਬਾਨ ਦਾ ਸੁਹਜ ਘਟ ਜਾਣ ਅਤੇ ਉਹਨਾਂ ਦੇ ਜੀਵਨ ਦੀਆਂ ਅਸਲੀ ਤਸਵੀਰਾਂ ਕੌਮ ਦੀ ਚੇਤਨਾ ਵਿਚੋਂ ਧੁੰਦਲੀਆਂ ਪੈ ਜਾਣ ਸਦਕਾ ਪੰਥਕ ਚੇਤਨਾ ਦੇ ਬੌਧਿਕ ਤੇ ਆਤਮਿਕ ਪਹਿਲੂ ਕਮਜ਼ੋਰ ਪੈ ਗਏ ਹੋਏ ਹਨ। ਇਹ ਮੂਲ ਕਮਜ਼ੋਰੀ ਹੀ ਸਮਾਜਿਕ, ਰਾਜਨੀਤਕ ਤੇ ਨੈਤਿਕ ਖੇਤਰਾਂ ਅੰਦਰ ਸਿੱਖ ਕੌਮ ਦੀ ਗਿਰਾਵਟ ਦਾ ਸਬੱਬ ਬਣੀ ਹੋਈ ਹੈ। ਇਸ ਵਿਚੋਂ ਮਹਿਬੂਬ ਸਾਹਿਬ ਨੂੰ ਕੌਮ ਦੀ ਸਮੂਹਿਕ ਹੋਂਦ ਦੇ ਪੱਕੇ ਤੌਰ ਉੱਤੇ ਮਿਟ ਜਾਣ ਦਾ ਖਦਸ਼ਾ ਤੇ ਭੈਅ ਦਿਖਾਈ ਦੇਣ ਲੱਗ ਪਿਆ ਸੀ। ‘ਸਹਿਜੇ ਰਚਿਓ ਖਾਲਸਾ’ ਦੀ ਰਚਨਾ ਪਿੱਛੇ ਉਹਨਾਂ ਦਾ ਮੰਤਵ ਕੌਮ ਨੂੰ ਇਸ ਖਤਰੇ ਤੋਂ ਆਗਾਹ ਕਰਨਾ ਅਤੇ ਨਾਲ ਹੀ ਉਸ ਦੇ ਸਾਹਮਣੇ ਇਸ ਹੋਣੀ ਤੋਂ ਬਚਣ ਦਾ ਉਪਾਅ ਪੇਸ਼ ਕਰਨਾ ਸੀ। ਉਨ੍ਹਾਂ ਭਰਪੂਰ ਦਲੀਲ ਪੂਰਬਕ ਅੰਦਾਜ਼ ਵਿਚ ਸਿੱਖ ਕੌਮ ਨੂੰ ਇਸ ਸੋਝੀ ਨਾਲ ਲੈਸ ਕਰਨ ਦਾ ਯਤਨ ਕੀਤਾ ਕਿ ਬ੍ਰਾਹਮਣਵਾਦ ਦਾ ਕੋਈ ਵੀ ਬਾਹਰਮੁਖੀ ਹਮਲਾ ਉਨਾ ਚਿਰ ਪੰਥ ਦਾ ਵੱਡਾ ਨੁਕਸਾਨ ਨਹੀਂ ਕਰ ਸਕਦਾ ਜਿੰਨਾ ਚਿਰ ਖਾਲਸੇ ਦੀ ਸਿਮ੍ਰਤੀ ਵਿਚ ਛੁਪਿਆ ਬਿਪਰ-ਸੰਸਕਾਰ ਦਾ ਚੋਰ ਹਰਕਤ ਵਿਚ ਨਹੀਂ ਆਉਂਦਾ। ਉਹਨਾਂ ਨੇ ਆਪਣੀ ਕਿਤਾਬ ਵਿਚ ਬਿਪਰ-ਸੰਸਕਾਰ ਦੁਆਰਾ ਪੰਥ ਦੇ ਨਿਆਰੇ ਰੂਪ ਨੂੰ ਮਲੀਨ ਕਰਨ ਵਾਲੀ ਸਾਜ਼ਿਸ਼ੀ ਗਤੀ ਦੇ ਨਿਸ਼ੇਧ ਰੂਪ ਦਾ ਹਰ ਇਕ ਪਰਦਾ ਫਾਸ਼ ਕੀਤਾ ਅਤੇ ਗੁਰਮਤ ਦੀ ਵਿਆਖਿਆ ਦੀਆਂ ਅਜਿਹੀਆਂ ਸੇਧਾਂ ਮੁਹੱਈਆ ਕੀਤੀਆਂ ਜਿਹੜੀਆਂ ਪੰਥਕ ਪ੍ਰਤਿਭਾ ਨੂੰ ਬਿਪਰ-ਸੰਸਕਾਰ ਦੇ ਗੁਮਰਾਹਕੁਨ ਰੋਲ ਤੋਂ ਚੇਤੰਨ ਕਰਦੀਆਂ ਹਨ।
ਪਰ ਇਸ ਨੂੰ ਸਿੱਖ ਕੌਮ ਦਾ ਦੁਰਭਾਗ ਹੀ ਕਿਹਾ ਜਾ ਸਕਦਾ ਹੈ ਕਿ ਉਸ ਨੇ ਆਪਣੇ ਪ੍ਰਤਿਭਾਵਾਨ ਵਿਦਵਾਨ ਦੇ ਵਿਚਾਰਾਂ ਤੇ ਸੁਝਾਵਾਂ ਨੂੰ ਲੋੜੀਂਦੀ ਗੰਭੀਰਤਾ ਤੇ ਤਨਦੇਹੀ ਨਾਲ ਜਜ਼ਬ ਨਹੀਂ ਕੀਤਾ। ‘ਕੌਮ ਦੀ ਰੂਹਾਨੀ ਗਿਰਾਵਟ, ਉਸ ਦੁਆਲੇ ਈਰਖਾਲੂ ਸ਼ਕਤੀਆਂ ਦਾ ਘੇਰਾ ਅਤੇ ਉਸ ਦਾ ਮੌਤ ਦੀ ਗੁਮਨਾਮ ਗੁਫਾ ਵਲ ਧਕੇਲੇ ਜਾਣਾ’ ਵਿਦਵਾਨ ਦੇ ਸੰਵੇਦਨਸ਼ੀਲ ਮਨ ਨੂੰ ਲਗਾਤਾਰ ਪ੍ਰੇਸ਼ਾਨ ਕਰਦਾ ਰਿਹਾ। ਉਹ ਆਪਣੇ ਆਖਰੀ ਸੁਆਸਾਂ ਤਕ ਕੌਮ ਨੂੰ ਇਸ ਮੰਦਹੋਣੀ ਤੋਂ ਬਚਾਉਣ ਲਈ ਬੌਧਿਕ ਘਾਲਣਾ ਘਾਲਦੇ ਰਹੇ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਕੌਮ ਬੌਧਿਕ ਪੱਖੋਂ ਇਕ ਵਾਰ ਤਾਂ ਯਤੀਮ ਹੋ ਗਈ ਮਹਿਸੂਸ ਕਰਦੀ ਹੈ, ਪਰ ਉਹ ਆਪਣੀਆਂ ਲਿਖਤਾਂ ਰਾਹੀਂ ਗੁਰੂ-ਚੇਤਨਾ ਦੀ ਅਸਲੀਅਤ ਦਾ ਜੋ ਅਖੰਡ ਚਾਨਣ ਬਿਖੇਰ ਗਏ ਹਨ ਉਹ ਕੌਮ ਨੂੰ ਲਗਾਤਾਰ ਰੋਸ਼ਨੀ ਮੁਹੱਈਆ ਕਰਦਾ ਰਹੇਗਾ । ਇੱਕ ਹੋਰ ਗੱਲ ਜਿਹੜੀ ਅਸੀਂ ਭੋਲੇ ਭਾਅ ਵਿਸਰ ਰਹੇ ਹਾਂ ਮਹਿਬੂਬ ਪੰਜਾਂ ਦਰਿਆਵਾਂ ਦਾ ਪੁੱਤਰ ਸੀ। ਇਸੇ ਲਈ ਤਾਂ ਉਹ ਕਹਿੰਦਾ ਹੈ ਕਿ ‘ਪਿਆ ਵਸਦਾ ਰਹੇ ਝਨਾਂ ਸਾਡਾ, ਉਸ ਪਾਰ ਵਸੇ ਕੋਈ ਨਾਂ ਸਾਡਾ’। ਇਸ ਸਤਿਕਾਰ, ਆਸ਼ੇ ਅਤੇ ਯਕੀਨ ਨਾਲ ਅਸੀਂ ਦੋਵਾਂ ਪੰਜਾਬਾਂ ਦੇ ਇਸ ਮਹਾਨ ਸਪੂਤ ਅਤੇ ਆਪਣੇ ਸੂਰਮੇ ਵਿਦਵਾਨ ਨੂੰ ਆਪਣੀ ਸ਼ਰਧਾਂਜਲੀ ਅਰਪਣ ਕਰਦੇ ਹਾਂ।


No comments: