Sunday, May 16, 2010

ਜ਼ਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਹਿੰਦੁਸਤਾਨੀ ਹਕੂਮਤ ਦੇ ਨਾਂ ਸੁਨੇਹਾ



ਜਲੰਧਰ, 14 ਮਈ (ਐਚ. ਐਸ. ਬਾਵਾ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਵੱਲੋਂ ਕਤਲ ਕਰ ਦਿੱਤੇ ਜਾਣ ਦੇ ਸੰਸਾਰ ਪ੍ਰਸਿੱਧ ਕਾਂਡ ਦੇ ਇਕ ਪ੍ਰਮੁੱਖ ਅਤੇ ਫ਼ਾਂਸੀ ਦੀ ਸਜ਼ਾ ਪ੍ਰਾਪਤ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਨੂੰ ਲਿਖੇ ਇਕ ਪੱਤਰ ਵਿਚ ਕਿਹਾ ਹੈ ‘ਉਸਨੂੰ ਇਸ ਕਤਲ ਕਾਂਡ ਵਿਚ ਸ਼ਾਮਿਲ ਹੋਣ ਦਾ ਕੋਈ ਅਫ਼ਸੋਸ ਨਹੀਂ ਅਤੇ ‘ਇਸ ਦੇ ਬਦਲੇ ਵਿਚ ਮੈਨੂੰ ਮਿਲੀ ਮੌਤ ਦੀ ਸਜ਼ਾ ਮੇਰੇ ਲਈ ਪ੍ਰਮਾਤਮਾ ਦੇ ਪ੍ਰਸਾਦਿ ਦੀ ਤਰਾਂ ਹੈ ਅਤੇ ਮੈਂ ਇਸ ਨੂੰ ਹੱਸ ਕੇ ਸਵੀਕਾਰ ਕਰਦਾ ਹਾਂ।’ ਚੰਡੀਗੜ੍ਹ ਦੀ ਮਾਡਲ ਜੇਲ੍ਹ ਤੋਂ ਪਹਿਲਾਂ ਹਾਈਕੋਰਟ ਦੇ ਇਕ ਮਾਨਯੋਗ ਜੱਜ ਅਤੇ ਫ਼ਿਰ ਮਾਨਯੋਗ ਚੀਫ਼ ਜਸਟਿਸ ਨੂੰ ਲਿਖੇ ਆਪਣੇ ਦੋ ਪੱਤਰਾਂ ਵਿਚ ਭਾਈ ਰਾਜੋਆਣਾ ਨੇ ਭਾਰਤੀ ਨਿਆਂ ਪ੍ਰਬੰਧ ’ਤੇ ਤਿੱਖੀ ਚੋਟ ਕੀਤੀ ਹੈ ਅਤੇ ਇਸਦੇ ਦੋਹਰੇ ਮਾਪਦੰਡਾਂ ਦੇ ਉਦਾਹਰਣਾਂ ਅਤੇ ਦਲੀਲਾਂ ਦੇ ਕੇ ਪਾਜ ਉਘਾੜੇ ਹਨ। ਵਰਨਣਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਚੰਡੀਗੜ੍ਹ ਦੇ ਪੰਜਾਬ ਸਕੱਤਰੇਤ ਵਿਚ 31 ਅਗਸਤ, 1995 ਨੂੰ ਕਥਿਤ ਤੌਰ ’ਤੇ ਇਕ ਮਨੁੱਖੀ ਬੰਬ ਵੱਲੋਂ ਕੀਤੇ ਧਮਾਕੇ ਵਿਚ ਮਾਰਿਆ ਗਿਆ ਸੀ। ਸਮਝਿਆ ਜਾਂਦਾ ਹੈ ਕਿ ਇਹ ਮਨੁੱਖੀ ਬੰਬ ਭਾਈ ਦਿਲਾਵਰ ਸਿੰਘ ਸੀ ਅਤੇ ਉਕਤ ਕਤਲ ਕਾਂਡ ਵਿਚ ਸ਼ਾਮਿਲ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਦਾਅਵਾ ਹੈ ਕਿ ਉਸਨੇ ਆਪਣੇ ਹੱਥੀਂ ਆਪਣੇ ਮਿੱਤਰ ਭਾਈ ਦਿਲਾਵਰ ਸਿੰਘ ਦੇ ਸਰੀਰ ’ਤੇ ਉਹ ਬੰਬ ਬੰਨ੍ਹਿਆਂ ਸੀ ਜਿਸ ਨਾਲ ਧਮਾਕਾ ਕੀਤਾ ਗਿਆ ਸੀ। ਭਾਈ ਰਾਜੋਆਣਾ ਨੇ ਇਸ ਮਾਮਲੇ ਵਿਚ ਹੇਠਲੀ ਅਦਾਲਤ ਵਿਚ ਚੱਲੇ ਮੁਕੱਦਮੇ ਦੌਰਾਨ ਹੀ ਆਪਣਾ ਦੋਸ਼ ਕਬੂਲ ਕਰ ਲਿਆ ਸੀ ਅਤੇ ਅਦਾਲਤ ਦੀ ਪੇਸ਼ਕਸ਼ ਦੇ ਬਾਵਜੂਦ ਆਪਣੇ ਲਈ ਵਕੀਲ ਲੈਣ ਤੋਂ ਇਨਕਾਰ ਹੀ ਨਹੀਂ ਸੀ ਕਰ ਦਿੱਤਾ ਸਗੋਂ ਆਪ, ਨਿੱਜੀ ਤੌਰ ’ਤੇ ਵੀ ਇਹ ਕੇਸ ਨਹੀਂ ਲੜਿਆ ਸੀ। ਇਸ ਕੇਸ ਵਿਚ ਉਨ੍ਹਾਂ ਨੂੰ ਫ਼ਾਂਸੀ ਦੀ ਸਜਾ ਸੁਣਾਏ ਜਾਣ ਮਗਰੋਂ ਆਪਣੇ ਸਾਥੀਆਂ ਵੱਲੋਂ ਅਪੀਲਾਂ ਦਾਇਰ ਕਰਨ ਦੇ ਬਾਵਜੂਦ ਭਾਈ ਰਾਜੋਆਣਾ ਨੇ ਕੋਈ ਅਪੀਲ ਨਹੀਂ ਸੀ ਕੀਤੀ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਕਿਉਂਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਅਪੀਲ ਹੀ ਨਹੀਂ ਕੀਤੀ ਇਸ ਲਈ ਉਨ੍ਹਾਂ ਦਾ ਮਾਮਲਾ ਬਾਕੀ ਸਾਥੀਆਂ ਨਾਲੋਂ ਅੱਡਰੇ ਤੌਰ ’ਤੇ ਨਿਬੇੜਿਆ ਜਾਣਾ ਚਾਹੀਦਾ ਹੈ। ਚੰਡੀਗੜ੍ਹ ਦੀ ਮਾਡਲ ਜੇਲ੍ਹ ਦੇ ਡਿਪਟੀ ਸੁਪਰਡੈਂਟ ਰਾਹੀਂ ਹਾਈਕੋਰਟ ਦੇ ਮਾਨਯੋਗ ਜੱਜ ਸਾਹਿਬ ਦਾ ਨਾਂਅ ਲਿਖੇ ਬਿਨਾਂ 30.7.09 ਨੂੰ ਲਿਖੀ ਅਤੇ 31.7.09 ਨੂੰ ਭੇਜੀ ਗਈ ਪਹਿਲੀ, ਦੋ ਸਫ਼ਿਆਂ ਦੀ ਚਿੱਠੀ ਦੀ ਸ਼ੁਰੂਆਤ ੴ, ਪੰਥ ਕੀ ਜੀਤ, ਰਾਜ ਕਰੇਗਾ ਖਾਲਸਾ ਨਾਲ ਕਰਦਿਆਂ ਭਾਈ ਰਾਜੋਆਣਾ ਨੇ ਖ਼ਤ ਦਾ ਮਜ਼ਮੂਨ ਸ਼ੁਰੂ ਕਰਨ ਤੋਂ ਪਹਿਲਾਂ ਨਾਮਵਰ ਪੰਜਾਬੀ ਸ਼ਾਇਰ ਸੁਰਜੀਤ ਪਾਤਰ ਦੀਆਂ ਸਤਰਾਂ ‘ਯਾਰ ਮੇਰੇ ਜੋ ਇਸ ਆਸ ਤੇ ਮਰ ਗਏ, ਕਿ ਮੈਂ ਉਨ੍ਹਾਂ ਦੇ ਦੁੱਖ ਦਾ ਬਣਾਵਾਂਗਾ ਗੀਤ; ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਕਿਹਾ, ਬਣਕੇ ਰੂਹਾਂ ਸਦਾ ਭਟਕਦੇ ਰਹਿਣਗੇ।’ ਮਾਨਯੋਗ ਚੀਫ਼ ਜਸਟਿਸ ਨੂੰ ਲਿਖੇ ਚਾਰ ਸਫ਼ਿਆਂ ਦੇ ਆਪਣੇ ਪੱਤਰ ਨੂੰ ਵੀ ਭਾਈ ਰਾਜੋਆਣਾ ਨੇ ਇਸੇ ਸ਼ਾਇਰ ਦੀਆਂ ਸਤਰਾਂ ‘ਸੰਤਾਪ ਨੂੰ ਗੀਤ ਬਣਾ ਲੈਣਾ, ਮੇਰੀ ਮੁਕਤੀ ਦਾ ਰਾਹ ਤਾਂ ਹੈ; ਜੇ ਹੋਰ ਨਹੀਂ ਹੈ ਦਰ ਕੋਈ, ਇਹ ਲਫ਼ਜ਼ਾਂ ਦੀ ਦਰਗਾਹ ਤਾਂ ਹੈ’ ਨਾਲ ਸ਼ੁਰੂ ਕੀਤਾ ਹੈ। ਆਪਣੇ ਪਹਿਲੇ ਪੱਤਰ ਵਿਚ ਭਾਈ ਰਾਜੋਆਣਾ ਨੇ ਕਿਹਾ ਹੈ ‘ਜੱਜ ਸਾਹਿਬ, ਮੈਂ ਹਿੰਦੋਸਤਾਨ ਦੀ ਇਸ ਅਦਾਲਤ ਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਸ ਦੇਸ਼ ਨੇ.. ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟੈਂਕਾਂ ਨਾਲ ਢਹਿ-ਢੇਰੀ ਕੀਤਾ.. ਜਿਹੜਾ ਕਾਨੂੰਨ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ’ਤੇ ਲਾਗੂ ਨਹੀਂ ਹੁੰਦਾ, ਉਸ ਕਾਨੂੰਨ ਅੱਗੇ ਝੁਕਣ ਤੋਂ ਇਨਕਾਰ ਕਰਦਾ ਹਾਂ।’ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ‘ਕਾਤਲ ਸਿਸਟਮ’ ਦਾ ਮੋਹਰਾ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਭਾਈ ਰਾਜੋਆਣਾ ਨੇ ਕਿਹਾ ਹੈ ‘ਜਦ ਕਿਸੇ ਦੇਸ਼ ਦੇ ਹੁਕਮਰਾਨ ਅਤੇ ਕਾਨੂੰਨ ਦੇ ਰਖਵਾਲੇ ਕਾਤਲਾਂ, ਲੁਟੇਰਿਆਂ ਦਾ ਰੂਪ ਧਾਰਨ ਕਰ ਲੈਣ.. ਵਿਵਸਥਾ ਨਿਰਦੋਸ਼ ਲੋਕਾਂ ਦੇ ਕਾਤਲਾਂ ਨੂੰ ਦੇਖ ਕੇ ਅੱਖਾਂ ਬੰਦ ਕਰ ਲਵੇ, ਉਸ ਸਮੇਂ ਭਾਈ ਦਿਲਾਵਰ ਸਿੰਘ ਵਰਗੇ ਸੂਰਮੇ ਨੂੰ ਮਨੁੱਖ ਤੋਂ ਮਨੁੱਖੀ ਬੰਬ ਬਣਨਾ ਪੈਂਦਾ ਹੈ’। ਸਾਕਾ ਨੀਲਾ ਤਾਰਾ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਅਤੇ ਲਾਵਾਰਿਸ ਲਾਸ਼ਾਂ ਦਾ ਜ਼ਿਕਰ ਕਰਦਿਆਂ ਭਾਈ ਰਾਜੋਆਣਾ ਨੇ ਲਿਖਿਆ ਹੈ ‘ਜੇ ਇਹ ਕੰਮ ਕਰਨ ਵਾਲੇ ਦੁਸ਼ਟ ਲੋਕ ‘ਦੇਸ਼ ਭਗਤ’ ਹਨ ਅਤੇ ਅਜਿਹੇ ਦੇਸ਼ ਭਗਤਾਂ ਦੇ ਖਿਲਾਫ਼ ਲੜਨਾ ਅੱਤਵਾਦ ਹੈ ਤਾਂ ‘ਹਾਂ, ਮੈਂ ਅੱਤਵਾਦੀ ਹਾਂ। ਮੈਨੂੰ ਆਪਣੇ ਅੱਤਵਾਦੀ ਹੋਣ ’ਤੇ ਮਾਣ ਹੈ। ਇਕ ਅੱਤਵਾਦੀ ਅਜਿਹੇ ‘ਦੇਸ਼ ਭਗਤਾਂ’ ਦੀ ਈਨ ਮੰਨਣ ਤੋਂ ਇਨਕਾਰ ਕਰਦਾ ਹੈ। ਇਹ ਮੌਤ ਦੀ ਸਜ਼ਾ ਹੋਰ ਲੋਕਾਂ ਲਈ ਖ਼ੌਫ਼ ਹੋ ਸਕਦੀ ਹੈ ਪਰ ਮੇਰੀ ਤਾਂ ਇਹ ਦੁਲਹਨ ਬਣੇਗੀ।’ ਮਾਨਯੋਗ ਚੀਫ਼ ਜਸਟਿਸ ਨੂੰ ਲਿਖੇ ਆਪਣੇ ਪੱਤਰ ਵਿਚ ਭਾਈ ਰਾਜੋਆਣਾ ਨੇ ਕਿਹਾ ਹੈ ਕਿ 7 ਅਗਸਤ, 2009 ਨੂੰ ਉਨ੍ਹਾਂ ਦੀ ਅਰਜ਼ੀ ’ਤੇ ਫ਼ੈਸਲਾ ਸੁਣਾਉਂਦਿਆਂ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਮੌਤ ਦੀ ਸਜ਼ਾ ਸਬੰਧੀ ਸੁਣਵਾਈ ਵੀ ਦੂਸਰੇ ਅਪੀਲ ਕਰਨ ਵਾਲੇ ਸੱਜਣਾਂ ਦੇ ਨਾਲ ਹੀ ਕੀਤੀ ਜਾਵੇਗੀ ਅਤੇ ਇਸ ਲਈ ਮੇਰੇ ਵਾਸਤੇ ਇਕ ਵਕੀਲ ਵੀ ਨਿਯੁਕਤ ਕੀਤਾ ਗਿਆ ਹੈ ਪਰ ਮੈਂ ਨਾ ਕੇਵਲ ਵਕੀਲ ਦੀਆਂ ਸੇਵਾਵਾਂ ਲੈਣ ਤੋਂ ਇਨਕਾਰ ਕਰਦਾ ਹਾਂ ਸਗੋਂ ਇਹ ਵੀ ਚਾਹੁੰਦਾ ਹਾਂ ਕਿ ਮੇਰਾ ਕੇਸ ਵੱਖਰੇ ਤੌਰ ’ਤੇ ਵਿਚਾਰਿਆ ਜਾਵੇ। ਭਾਈ ਰਾਜੋਆਣਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਸੈਸ਼ਨ ਅਦਾਲਤ ਵਿਚ ਮੁਕੱਦਮੇ ਦੌਰਾਨ ਹੀ ਦੱਸ ਦਿੱਤਾ ਸੀ, ‘ਮੇਰੇ ਇਨ੍ਹਾਂ ਹੱਥਾਂ ਨੇ ਆਪਣੇ ਦੋਸਤ, ਭਾਈ ਦਿਲਾਵਰ ਸਿੰਘ, ਦੇ ਸਰੀਰ ਨਾਲ ਬੰਬ ਬੰਨ੍ਹਿਆਂ ਸੀ ਅਤੇ ਮੈਂ ਆਪਣੇ ਭਰਾਵਾਂ ਨਾਲੋਂ ਵੀ ਪਿਆਰੇ ਦੋਸਤ ਨੂੰ ਆਪਣੇ ਮਿਸ਼ਨ ਦੀ ਪੂਰਤੀ ਲਈ ਮਨੁੱਖ ਤੋਂ ਧੂੰਏਂ ਦਾ ਇਕ ਗੋਲਾ ਬਣਦੇ ਆਪਣੀਆਂ ਅੱਖਾਂ ਨਾਲ ਦੇਖਿਆ ਹੈ। ਫ਼ਿਰ ਮੈਂ ਕਿਵੇਂ ਕਹਾਂ ਕਿ ਮੈਂ ਨਿਰਦੋਸ਼ ਹਾਂ, ਮੈਂ ਕਿਉਂ ਕੋਈ ਵਕੀਲ ਕਰਾਂ, ਮੇਰੀ ਆਤਮਾ ਮੈਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੰਦੀ’... ਜੱਜ ਸਾਹਿਬ, ਇਸ ਦੇਸ਼ ਦਾ ਕਾਨੂੰਨ ਪ੍ਰਬੰਧ, ਨਿਆਂਇਕ ਪ੍ਰਬੰਧ ਅਤੇ ਦੇਸ਼ ਦੇ ਹੁਕਮਰਾਨ ਹਮੇਸ਼ਾ ਹੀ ਦੋਹਰੇ ਮਾਪਦੰਡ ਅਪਨਾਉਂਦੇ ਰਹੇ ਹਨ। ਸ੍ਰੀ ਦਰਬਾਰ ਸਾਹਿਬ ਵਿਚ ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕਰਨ ਵਾਲੇ ਫ਼ੌਜੀ ਅਫ਼ਸਰਾਂ ਨੂੰ ਦੇਸ਼ ਦੇ ਹੁਕਮਰਾਨਾਂ ਨੇ ਉ¤ਚ ਅਹੁਦੇ ਅਤੇ ਬਹਾਦਰੀ ਦੇ ਮੈਡਲਾਂ ਨਾਲ ਸਨਮਾਨਿਤ ਕਰਕੇ ਸਿੱਖਾਂ ਦੇ ਜ਼ਖਮਾਂ ’ਤੇ ਲੂਣ ਛਿੜਕਿਆ। ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਹਜ਼ਾਰਾਂ ਸਿੱਖਾਂ ਦੇ ਵਹਿਸ਼ੀਆਨਾ ਕਤਲਾਂ ਲਈ 25 ਸਾਲ ਬਾਅਦ ਵੀ ਦੇਸ਼ ਦੇ ਕਾਨੂੰਨ ਨੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਸਗੋਂ ਉੱਚੇ ਅਹੁਦੇ ਦਿੱਤੇ ਅਤੇ ਮੰਤਰੀ ਮੰਡਲ ਵਿਚ ਸ਼ਾਮਿਲ ਕੀਤਾ। ਆਪਣੇ ਪੱਤਰ ਵਿਚ ਭਾਜਪਾ ਨੂੰ ਵੀ ਕਟਹਿਰੇ ਵਿਚ ਖੜ੍ਹੇ ਕਰਦਿਆਂ ਭਾਈ ਰਾਜੋਆਣਾ ਨੇ ਲਿਖਿਆ ਹੈ ਕਿ ਬਾਬਰੀ ਮਸਜਿਦ ਢਹਿ-ਢੇਰੀ ਕਰਨ, ਗੁਜਰਾਤ ਦੇ ਗੋਧਰਾ ਕਾਂਡ ਤੋਂ ਬਾਅਦ ਉੱਥੇ ਹਜ਼ਾਰਾਂ ਮੁਸਲਮਾਨਾਂ ਦੇ ਕਤਲ, ਉੜੀਸਾ ਵਿਚ ਇਸਾਈਆਂ ਦੇ ਧਾਰਮਿਕ ਸਥਾਨਾਂ ਨੂੰ ਢਹਿ ਢੇਰੀ ਕਰਨ ਅਤੇ ਉਨ੍ਹਾਂ ’ਤੇ ਤਸ਼ੱਦਦ ਢਾਹੁਣ ’ਤੇ ਵੀ ‘ਸਿਸਟਮ’ ਖਾਮੋਸ਼ ਹੀ ਰਹਿੰਦਾ ਹੈ। ਭਾਈ ਰਾਜੋਆਣਾ ਨੇ ਪੁੱਛਿਆ ਹੈ ਕੀ ‘ਨਿਰਦੋਸ਼ ਸਿੱਖਾਂ ਦਾ, ਮੁਸਲਮਾਨਾਂ, ਦਾ ਇਸਾਈਆਂ ਦਾ ਕਤਲੇਆਮ ਕਰਨ ਵਾਲੇ ਲੋਕ ਕੀ ਅੱਤਵਾਦੀ ਨਹੀਂ ਹਨ... ਜਿਨ੍ਹਾਂ ਹੁਕਮਰਾਨਾਂ ਨੇ ਸਿੱਖ ਧਰਮ ’ਤੇ ਹਮਲਾ ਕੀਤਾ, ਜਿਨ੍ਹਾਂ ਬਾਬਰੀ ਮਸਜਿਦ ਢਾਹੀ, ਜਿਨ੍ਹਾਂ ਹਜ਼ਾਰਾਂ ਨਿਰਦੋਸ਼ਾਂ ਦਾ ਕਤਲੇਆਮ ਕੀਤਾ, ਉਨ੍ਹਾਂ ਨੂੰ ‘ਭਾਰਤ ਮਾਂ ਦੇ ਸਪੂਤ’ ਅਤੇ ‘ਦੇਸ਼ ਦੇ ਰਖਵਾਲੇ’ ਜਿਹੇ ਖਿਤਾਬ ਪਰ ਇਨ੍ਹਾਂ ਕਾਤਲਾਂ ਨੂੰ ਮਾਰਨ ਵਾਲੇ ਅੱਤਵਾਦੀ। ਪੱਤਰ ਦੇ ਅੰਤ ਵਿਚ ਭਾਈ ਰਾਜੋਆਣਾ ਨੇ ਕਿਹਾ ਹੈ ‘ਜੱਜ ਸਾਹਿਬ, ਇਕ ਪਾਸੇ ਨਿਰਦੋਸ਼ ਲੋਕਾਂ ਦੇ ਕਤਲਾਂ ਬਦਲੇ ਮੰਤਰੀ, ਮੁੱਖ ਮੰਤਰੀ ਦੇ ਅਹੁਦੇ ਅਤੇ ਦੂਜੇ ਪਾਸੇ ਅਜਿਹੇ ਕਿਸੇ ਕਾਤਲ ਨੂੰ ਮਾਰਨ ਬਦਲੇ ਮੌਤ ਦੀ ਸਜ਼ਾ। ਫ਼ਾਂਸੀ ਦੀ ਸਜ਼ਾ। ਮੈਨੂੰ ਇਹ ਕਬੂਲ ਹੈ, ਕਬੂਲ ਹੈ, ਕਬੂਲ ਹੈ, ਪਰ ਅਜਿਹੇ ਲੋਕਾਂ ਦੀ ਈਨ ਮੰਨਣੀ ਕਬੂਲ ਨਹੀਂ।’
ਰਾਜੋਆਣਾ ਨੇ ਸੁਚੇਤ ਕੀਤਾ!
ਜਲੰਧਰ (ਬਾਵਾ)- ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਪਰਿਵਾਰਕ ਮੈਂਬਰਾਂ ਰਾਹੀਂ ਭੇਜੇ ਇਕ ਸੁਨੇਹੇ ਵਿਚ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੀਆਂ ਅਤੇ ਹਜ਼ਾਰਾਂ ਹੀ ਮਾਸੂਮ ਅਤੇ ਨਿਰਦੋਸ਼ ਸਿੱਖਾਂ ਦੀਆਂ ਕਾਤਿਲ ਤਾਕਤਾਂ ਦੇ ਇਸ਼ਾਰਿਆਂ ’ਤੇ ਨੱਚਣ ਵਾਲੇ, ਅਜ਼ਾਦੀ ਦਾ ਮਖੌਟਾ ਪਾਈ ਫ਼ਿਰਦੇ ਲੋਕਾਂ ਤੋਂ ਅਤੇ ਅਦਾਲਤ ਵਿਚ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ, ਸਟੇਜਾਂ ਤੇ ਭਾਈ ਦਿਲਾਵਰ ਸਿੰਘ ਦੀ ਤਸਵੀਰ ਚੁੱਕੀ ਫ਼ਿਰਦੇ ਦੁਕਾਨਦਾਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।
ਰਾਜੋਆਣਾ ਨੇ ਸੁਚੇਤ ਕੀਤਾ!
ਜਲੰਧਰ (ਬਾਵਾ)- ਭਾਈ ਬਲਵੰਤ ਸਿੰਘ ਰਾਜੋਆਣਾ ਨੇ ਆਪਣੇ ਪਰਿਵਾਰਕ ਮੈਂਬਰਾਂ ਰਾਹੀਂ ਭੇਜੇ ਇਕ ਸੁਨੇਹੇ ਵਿਚ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਵਾਲੀਆਂ ਅਤੇ ਹਜ਼ਾਰਾਂ ਹੀ ਮਾਸੂਮ ਅਤੇ ਨਿਰਦੋਸ਼ ਸਿੱਖਾਂ ਦੀਆਂ ਕਾਤਿਲ ਤਾਕਤਾਂ ਦੇ ਇਸ਼ਾਰਿਆਂ ’ਤੇ ਨੱਚਣ ਵਾਲੇ, ਅਜ਼ਾਦੀ ਦਾ ਮਖੌਟਾ ਪਾਈ ਫ਼ਿਰਦੇ ਲੋਕਾਂ ਤੋਂ ਅਤੇ ਅਦਾਲਤ ਵਿਚ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਕੁਰਬਾਨੀ ਤੋਂ ਮੁਨਕਰ, ਸਟੇਜਾਂ ਤੇ ਭਾਈ ਦਿਲਾਵਰ ਸਿੰਘ ਦੀ ਤਸਵੀਰ ਚੁੱਕੀ ਫ਼ਿਰਦੇ ਦੁਕਾਨਦਾਰਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

No comments: